Tuesday, April 28, 2009

ਭਾਰਤ ਸਰਕਾਰ ਇਹ ਹੱਕ ਗੰਵਾ ਬੈਠੀ ਹੈ

ਭਾਰਤ ਸਰਕਾਰ, ਕਾਂਗਰਸ ਪਾਰਟੀ ਅਤੇ ਤਾਮਿਲਨਾਡੂ ਦੀ ਸਰਗਰਮ ਖੇਤਰੀ ਸਿਆਸੀ ਪਾਰਟੀਆਂ ਨੂੰ ਸ੍ਰੀਲੰਕਾ ਵਿੱਚ ਸਰਕਾਰ ਅਤੇ ਤਾਮਿਲਾਂ ਦੀ ਹੱਥਿਆਰਬੰਦ ਜੱਥੇਬੰਦੀ ਲਿੱਟੇ ਦਰਮਿਆਨ ਚੱਲ ਰਹੇ ਟਕਰਾਅ ਨੇ ਪੂਰੀ ਤਰ੍ਹਾਂ ਬੇਪਰਦ ਕਰ ਦਿੱਤਾ ਹੈ। ਭਾਰਤ ਸਰਕਾਰ ਅਤੇ ਕਾਂਗਰਸ ਪਾਰਟੀ ਨੇ ਸ੍ਰੀਲੰਕਾ ਦੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਲਿੱਟੇ ਨਾਲ ਚੱਲ ਰਹੇ ਫੌਜੀ ਯੁੱਧ ਨੂੰ ਤੁਰੰਤ ਰੋਕ ਲਵੇ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਅੰਦਰੂਨੀ ਟਕਰਾਅ ਦੇ ਸਬੰਧ ਵਿੱਚ ਫੌਜ ਦੀ ਵਰਤੋਂ ਠੀਕ ਨਹੀਂ ਹੈ। ਇਹ ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਅਤੇ ਕਾਂਗਰਸ ਪਾਰਟੀ ਸ੍ਰੀਲੰਕਾ ਦੇ ਤਾਮਿਲਾਂ ਲਈ ਹਮਦਰਦੀ ਵਿਖਾ ਰਹੀਆਂ ਹਨ। ਭਾਰਤ ਸਰਕਾਰ ਨੇ ਇਸ ਸਬੰਧ ਵਿੱਚ ਫੌਰੀ ਤੌਰ 'ਤੇ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਦੀ ਅਗਵਾਈ ਹੇਠ ਮੀਟਿੰਗ ਕਰਕੇ ਸ੍ਰੀਲੰਕਾ ਸਰਕਾਰ ਨੂੰ ਉਨ੍ਹਾਂ ਦੇ ਅੰਦਰੂਨੀ ਹਾਲਾਤਾਂ ਲਈ ਸਲਾਹ ਵੀ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਹੜੀ ਭਾਰਤ ਸਰਕਾਰ ਹਰ ਵੇਲੇ ਇਹ ਰਾਗ ਅਲਾਪਦੀ ਰਹਿੰਦੀ ਹੈ ਕਿ ਉਸਦੇ ਅੰਦਰੂਨੀ ਮਾਮਲਿਆਂ ਵਿੱਚ ਕਿਸੇ ਵੀ ਬਾਹਰੀ ਦੇਸ਼ ਨੂੰ ਦਖਲ ਦੇਣ ਦਾ ਹੱਕ ਨਹੀਂ ਹੈ, ਹੁਣ ਕਿਸ ਮੂੰਹ ਨਾਲ ਸ੍ਰੀਲੰਕਾ ਦੇ ਕਥਿਤ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇ ਰਹੀ ਹੈ। ਤਾਮਿਲਨਾਡੂ ਵਿੱਚ ਸਰਗਰਮ ਖੇਤਰੀ ਸਿਆਸੀ ਪਾਰਟੀਆਂ ਦੀ ਇਹ ਮਜ਼ਬੂਰੀ ਹੈ ਕਿ ਉਹ ਤਾਮਿਲ ਵੋਟਰਾਂ ਨੂੰ ਖੁਸ਼ ਕਰਨ ਲਈ ਸ੍ਰੀਲੰਕਾ ਦੇ ਮਸਲੇ ਵਿੱਚ ਭਾਰਤ ਸਰਕਾਰ ਤੋਂ ਦਖਲ-ਅੰਦਾਜ਼ੀ ਦੀ ਮੰਗ ਕਰਦੇ ਰਹਿੰਦੇ ਹਨ, ਪਰ ਭਾਰਤ ਸਰਕਾਰ ਅਤੇ ਕਾਂਗਰਸ ਦੀ ਕੀ ਮਜ਼ਬੂਰੀ ਹੈ। ਬਿਨਾਂ ਸ਼ੱਕ ਸ੍ਰੀਲੰਕਾ ਜਾਂ ਕਿਸੇ ਵੀ ਹੋਰ ਦੇਸ਼ ਅੰਦਰ ਆਮ ਲੋਕਾਂ ਨੂੰ ਫੌਜ ਹੱਥੋਂ ਮਰਵਾਉਣਾ ਠੀਕ ਨਹੀਂ ਹੈ। ਸ੍ਰੀਲੰਕਾ ਵਿੱਚ ਚੱਲ ਰਹੇ ਟਕਰਾਅ ਦੌਰਾਨ ਸਭ ਤੋਂ ਵੱਧ ਨੁਕਸਾਨ ਆਮ ਲੋਕਾਂ ਨੂੰ ਉਠਾਉਣਾ ਪੈ ਰਿਹਾ ਹੈ, ਪਰ ਸਵਾਲ ਇਹ ਹੈ ਕਿ ਭਾਰਤ ਸਰਕਾਰ ਨੂੰ ਇਹ ਹੱਕ ਕਿਵੇਂ ਮਿਲ ਗਿਆ? ਭਾਰਤ ਸਰਕਾਰ ਖੁਦ ਆਪਣੇ ਅੰਦਰੂਨੀ ਮਾਮਲਿਆਂ ਦੇ ਹੱਲ ਲਈ ਲਗਾਤਾਰ ਫੌਜ ਦੀ ਵਰਤੋਂ ਕਰ ਰਹੀ ਹੈ। ਪੰਜਾਬ ਵਿੱਚ ਸਿੱਖ ਭਾਈਚਾਰੇ ਨੇ ਕਿਸੇ ਵੱਖਰੇ ਦੇਸ਼ ਦੀ ਮੰਗ ਨਹੀਂ ਕੀਤੀ ਸੀ। ਇਸ ਦੇ ਬਾਵਜੂਦ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰਨਾਂ ਸਿੱਖ ਗੁਰਦੁਆਰਿਆਂ ਤੇ ਫੌਜੀ ਹਮਲਾ ਕਰਵਾਇਆ। ਕਸ਼ਮੀਰ ਵਿੱਚ ਖੇਤਰੀ ਖੁਦ ਮੁਖਤਿਆਰੀ ਲਈ ਚੱਲ ਰਹੇ ਅੰਦੋਲਨ ਨੂੰ ਕੁਚਲਣ ਲਈ ਵੀ ਫੌਜ ਦੀ ਵਰਤੋਂ ਲਗਾਤਾਰ ਜਾਰੀ ਹੈ। ਦੇਸ਼ ਦੇ ਉੱਤਰ ਪੂਰਬੀ ਖੇਤਰ ਵਿੱਚ ਵੀ ਖੇਤਰੀ ਲਹਿਰਾਂ ਨੂੰ ਕੁਚਲਣ ਲਈ ਫੌਜ ਦੀ ਵਰਤੋਂ ਕੀਤੀ ਜਾ ਰਹੀ ਹੈ। ਨਕਸਲੀ ਲਹਿਰ ਨੂੰ ਕੁਚਲਣ ਲਈ ਵੀ ਫੌਜੀ ਤਾਕਤ ਝੋਕੀ ਜਾ ਰਹੀ ਹੈ। ਇਸ ਸਥਿਤੀ ਵਿੱਚ ਭਾਰਤ ਸਰਕਾਰ ਨੇ ਇਹ ਹੱਕ ਗੰਵਾ ਲਿਆ ਹੈ ਕਿ ਉਹ ਸ੍ਰੀਲੰਕਾ ਜਾਂ ਕਿਸੇ ਦੂਸਰੇ ਦੇਸ਼ ਨੂੰ ਇਹ ਸਲਾਹ ਦਿੰਦੀ ਫਿਰੇ ਕਿ ਉਹ ਅੰਦਰੂਨੀ ਮਸਲਿਆਂ ਦੇ ਹੱਲ ਲਈ ਫੈਜ ਦੀ ਵਰਤੋਂ ਨਾ ਕਰੇ। ਸ੍ਰੀਲੰਕਾ ਵਿੱਚ ਤਾਮਿਲਾਂ ਵੱਲੋਂ ਵੱਖਰੇ ਦੇਸ਼ ਦੀ ਮੰਗ ਕੀਤੀ ਜਾ ਰਹੀ ਹੈ। ਲਿੱਟੇ ਇਸ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਲਿੱਟੇ ਵੱਲੋਂ ਸ੍ਰੀਲੰਕਾ ਸਰਕਾਰ ਖਿਲਾਫ ਲੜਾਈ ਦੌਰਾਨ ਭਾਰੀ ਫੌਜੀ ਸਾਜੋ-ਸਮਾਨ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਕਈ ਦਹਾਕਿਆਂ ਤੋਂ ਇਸ ਲੜਾਈ ਵਿੱਚ ਹਜਾਰਾਂ ਜਾਨਾਂ ਜਾ ਚੁੱਕੀਆਂ ਹਨ। ਇਸ ਸਥਿਤੀ ਵਿੱਚ ਭਾਰਤ ਸਰਕਾਰ ਅਤੇ ਕਾਂਗਰਸ ਵੱਲੋਂ ਦਖਲ-ਅੰਦਾਜ਼ੀ ਨੂੰ ਲਿੱਟੇ ਦੇ ਅੰਦੋਲਨ ਦੀ ਹਮਾਇਤ ਵੱਜੋਂ ਹੀ ਲਿਆ ਜਾ ਸਕਦਾ ਹੈ। ਜੇਕਰ ਭਾਰਤ ਸਰਕਾਰ ਅਤੇ ਕਾਂਗਰਸ ਪਾਰਟੀ ਸ੍ਰੀਲੰਕਾ ਦੀ ਵੰਡ ਦੇ ਹੱਕ ਵਿੱਚ ਹਨ ਤਾਂ ਉਨ੍ਹਾਂ ਨੂੰ ਭਾਰਤ ਦੀ ਏਕਤਾ, ਅਖੰਡਤਾ ਦਾ ਨਾਅਰਾ ਲਾਉਣ ਦਾ ਕੋਈ ਹੱਕ ਨਹੀਂ। ਇਸ ਦੋਗਲੇ ਸਿਆਸੀ ਕਿਰਦਾਰ ਨੂੰ ਸਮਝਣ ਦੀ ਜ਼ਰੂਰਤ ਹੈ। ਭਾਰਤ ਸਰਕਾਰ ਅਤੇ ਕਾਂਗਰਸ ਵੱਲੋਂ ਖੇਤਰੀ ਵਖਰੇਵੇਂ ਨਾਲ ਸਬੰਧਿਤ ਸਿੱਖਾਂ ਅਤੇ ਦੂਸਰੀਆਂ ਧਿਰਾਂ ਨੂੰ ਹੱਥਿਆਰਾਂ ਦੇ ਜ਼ੋਰ ਤੇ ਕੁਚਲਿਆ ਜਾ ਰਿਹਾ ਹੈ। ਸਰਕਾਰ ਉਨ੍ਹਾਂ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੈ। ਖੇਤਰੀ ਖੁਦਮੁਖਤਿਆਰੀ ਦੀ ਮੰਗ ਨੂੰ ਹੀ ਦੇਸ਼ ਦੀ ਵੰਡ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਿੱਖ ਲਹਿਰ ਨੂੰ ਬਦਨਾਮ ਕਰਨ ਲਈ ਵੀ ਭਾਰਤ ਸਰਕਾਰ ਅਤੇ ਕਾਂਗਰਸ ਵੱਲੋਂ ਹਾਲੇ ਤੱਕ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਹਨ। ਇਸ ਸਥਿਤੀ ਵਿੱਚ ਭਾਰਤ ਸਰਕਾਰ ਅਤੇ ਕਾਂਗਰਸ ਦੀ ਸ੍ਰੀਲੰਕਾ ਵਿੱਚ ਦਖਲਅੰਦਾਜ਼ੀ ਕਿਸੇ ਵੀ ਦ੍ਰਿਸ਼ਟੀਕੌਣ ਤੋਂ ਉਚਿਤ ਨਹੀਂ ਸਮਝੀ ਜਾ ਸਕਦੀ। ਸ੍ਰੀਲੰਕਾ ਵਿੱਚ ਦਖਲ ਦੇਣ ਤੋਂ ਪਹਿਲਾਂ ਭਾਰਤ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਸਿੱਖਾਂ, ਕਸ਼ਮੀਰੀਆਂ, ਅਸਾਮੀ, ਨਾਗਾਲੈਂਡ ਅਤੇ ਦੂਸਰੇ ਖੇਤਰਾਂ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ।

-�ਔਲਖ'
http://www.S7News.com

No comments:

 
eXTReMe Tracker