Wednesday, April 29, 2009

ਕਣਕ ਦੇ ਪ੍ਰਤੀ ਹੈਕਟੇਅਰ ਝਾੜ ’ਚ ਇਸ ਸਾਲ ਕੋਈ ਕਮੀ ਨਹੀਂ ਆਈ-ਸਿੱਧੂ

ਪਟਿਆਲਾ (ਪੱਤਰ ਪ੍ਰੇਰਕ)-ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਡਾ. ਬਲਵਿੰਦਰ ਸਿੰਘ ਸਿੱਧੂਅਨੁਸਾਰ ਕਣਕ ਦੇ ਪ੍ਰਤੀ ਹੈਕਟੇਅਰ ਝਾੜ 'ਚ ਇਸ ਸਾਲ ਕੋਈ ਕਮੀ ਨਹੀਂ ਆਈ। ਉਨ੍ਹਾਂ ਕਿਹਾ ਕਿ ਉਤਪਾਦਨ 150 ਲੱਖ ਟਨ ਹੋਣ ਦੀ ਆਸ ਹੈ ਅਤੇ ਮੰਡੀਆਂ 'ਚ ਕਣਕ ਦੀ ਆਮਦ ਵੀ 95-98 ਲੱਖ ਟਨ ਤੀਕ ਪਹੁੰਚਣ ਦੀ ਸੰਭਾਵਨਾ ਹੈ। ਉਹ ਇਥੋਂ 25 ਕਿਲੋਮੀਟਰ ਦੂਰ ਭਾਦਸੋਂ ਵਿਖੇ ਕੁਝ ਕਿਸਾਨਾਂ ਵੱਲੋਂ ਕੀਤੇ ਇਸ ਪ੍ਰਗਟਾਅ ਕਿ ਇਸ ਸਾਲ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਰਿਹਾ ਅਤੇ ਵਿਸ਼ੇਸ਼ ਕਰਕੇ ਛੋਟੇ ਕਿਸਾਨ ਅਤੇ ਪੱਟੇ 'ਤੇ ਲੈ ਕੇ ਕਾਸ਼ਤ ਕਰਨ ਵਾਲੇ ਵਾਹੀਕਾਰਾਂ 'ਤੇ ਇਹ ਮਾਰ ਵਧੇਰੇ ਪਈ ਹੈ, ਦਾ ਜਵਾਬ ਦੇ ਰਹੇ ਸਨ।

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਹਲਕੇ ਦੇ ਵਿਧਾਇਕ ਸ : ਸਾਧੂਸਿੰਘ ਧਰਮਸੋਤ ਨੇ ਕਿਹਾ ਕਿ ਇਲਾਕੇ ਦੇ ਸਾਰੇ ਕਿਸਾਨ ਮਾਯੂਸ ਹਨ ਕਿ ਉਨ੍ਹਾਂ ਦਾ ਝਾੜ ਘੱਟ ਗਿਆ। ਛੋਟੇ ਕਿਸਾਨਾਂ ਦੇ ਤਾਂ ਖੇਤੀ ਦੇ ਖਰਚੇ ਵੀ ਪੂਰੇ ਨਹੀਂ ਹੋਏ। ਇਕ ਖੇਤੀ ਮਾਹਿਰ ਨੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਕਿਸਾਨ ਸ਼ਾਮ ਲਾਲ ਨੇ ਮੱਛਲੀ ਕਲਾਂ ਪਿੰਡ 'ਚ ਢਾਈ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਅਤੇ ਪੂਰੀ ਪਾਲਣ ਪੋਸ਼ਣਾ ਕਰਨ ਦੇ ਬਾਵਜੂਦ ਝਾੜ ਦੀ ਪ੍ਰਾਪਤੀ ਕੇਵਲ 10 ਕੁਇੰਟਲ ਪ੍ਰਤੀ ਏਕੜ ਹੋਈ। ਮਾਲਵਾ 'ਚ ਸੰਗਰੂਰ ਤੇ ਪਟਿਆਲਾ ਜ਼ਿਲ੍ਹਿਆਂ ਦੇ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਉਨ੍ਹਾਂ ਦੀ ਕਣਕ ਪੀਲੀ ਕੁੰਗੀ ਦੇ ਹਮਲੇ ਦਾ ਸ਼ਿਕਾਰ ਹੋਣ ਅਤੇ ਕੁਝ ਮੌਸਮ ਦੀ ਖਰਾਬੀ ਕਾਰਨ ਢਹਿ ਜਾਣ ਉਪਰੰਤ ਝਾੜ 'ਚ ਕਮੀ ਹੋਈ। ਹਾਲਾਂਕਿ ਇਹ ਜ਼ਿਲ੍ਹੇ ਮੰਡੀਆਂ 'ਚ ਕਣਕ ਲਿਆਉਣ 'ਚ ਪਹਿਲੇ ਅਤੇ ਤੀਜੇ ਨੰਬਰ 'ਤੇ ਹਨ। ਕਿਸਾਨ ਆਗੂਆਂ ਵੱਲੋਂ ਲਾਏ ਅਨੁਮਾਨ ਅਨੁਸਾਰ ਔਸਤਨ ਢਾਈ ਤੋਂ ਤਿੰਨ ਕੁਇੰਟਲ ਪ੍ਰਤੀ ਏਕੜ ਝਾੜ ਘਟਿਆ ਹੈ। ਵਿਧਾਇਕ ਧਰਮਸੋਤ ਨੇ ਕਿਹਾ ਕਿ ਪਿਛਲੇ ਸਾਲ ਮੰਡੀਆਂ 'ਚ ਕਣਕ ਦੀ ਆਮਦ 106 ਲੱਖ ਟਨ ਤੋਂ ਟੱਪ ਗਈ ਸੀ ਅਤੇ ਉਤਪਾਦਨ 157. 44 ਲੱਖ ਟਨ ਸੀ। ਇਸ ਸਾਲ ਨਿਰਦੇਸ਼ਕ ਸਿੱਧੂ ਵੱਲੋਂ ਦੱਸੇ ਗਏ ਅੰਕੜੇ ਹੀ ਪ੍ਰਤੱਖ ਕਰਦੇ ਹਨ ਕਿ ਕਣਕ ਦੀ ਮੰਡੀਆਂ 'ਚ ਆਮਦ ਪਿਛਲੇ ਸਾਲ ਦੇ ਮੁਕਾਬਲੇ 7-8 ਲੱਖ ਟਨ ਘੱਟ ਹੋਵੇਗੀ ਅਤੇ ਉਤਪਾਦਨ ਵੀ ਐਨਾ ਹੀ ਘਟੇਗਾ। ਸਰਕਾਰੀ ਖਰੀਦ ਦਾ ਟੀਚਾ ਵੀ 115 ਲੱਖ ਟਨ ਤੋਂ ਘਟਾ ਕੇ 100 ਲੱਖ ਟਨ ਕਰ ਦਿੱਤਾ ਗਿਆ। ਜੋ ਤੱਥ ਝਾੜ ਘਟਣ ਦੇ ਪ੍ਰਤੀਕ ਹਨ।
http://www.S7News.com

No comments:

 
eXTReMe Tracker