Wednesday, April 29, 2009

ਨਰੋਈ ਸਿਹਤ ਦੀ ਜ਼ਾਮਨ ਕਸਰਤ

ਕਸਰਤ ਨਰੋਈ ਸਿਹਤ ਅਤੇ ਲੰਮੀ ਅਤੇ ਤੰਦਰੁਸਤ ਉਮਰ ਦੀ ਜ਼ਾਮਨ ਹੈ। ਕਸਰਤ ਔਰਤਾਂ ਵਿਚ ਮਾਹਵਾਰੀ ਤੋਂ ਪਹਿਲਾਂ ਅਤੇ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ, ਬੱਚੇ ਦੇ ਜਨਮ ਅਤੇ ਪਿੱਠ ਦਰਦ ਘਟਾਉਣ ਵਿਚ ਬਹੁਤ ਮਦਦਗਾਰ ਹੁੰਦੀ ਹੈ। ਕਸਰਤ ਸਰੀਰਕ ਸੰਮਰਥਾ ਵਧਾਉਂਦੀ ਹੈ ਤੇ ਮਨੁੱਖੀ ਤਾਕਤ ਦੇ ਸੋਮੇ ਨੂੰ ਸੰਭਾਲੀ ਰੱਖਦੀ ਹੈ। ਮਾਨਸਿਕ ਤਨਾਅ ਅਤੇ ਉਦਾਸੀਨਤਾ ਦੂਰ ਕਰਦੀ ਹੈ। ਚੰਗੀ ਅਤੇ ਗੂੜ੍ਹੀ ਨੀਂਦ ਲਈ ਕਸਰਤ ਜ਼ਰੂਰੀ ਹੈ ਅਤੇ ਸਰੀਰ ਨੂੰ ਚੰਗੀ ਤਰ੍ਹਾਂ ਸਿਥਲ ਅਤੇ ਨਿਸਲ ਕਰਨ ਵਿਚ ਮਦਦ ਕਰਦੀ ਹੈ। ਇਕਾਗਰਤਾ ਵਧਾਉਂਦੀ ਹੈ। ਮਾਨਸਿਕ ਅਤੇ ਸਰੀਰਕ ਸਬੰਧਾਂ ਵਿਚ ਸੁਧਾਰ ਲਿਆਉਂਦੀ ਹੈ ਤੇ ਕਾਮਵਰਧਕ ਵੀ ਹੈ। ਆਤਮ ਵਿਸ਼ਵਾਸ ਵਿਚ ਵਾਧਾ ਕਰਕੇ ਜੀਵਨ ਵਿਚ ਉਤਸ਼ਾਹ ਅਤੇ ਉਮੰਗ ਭਰਦੀ ਹੈ। ਇਸ ਕਸਰਤ ਨੂੰ ਫਜ਼ੂਲ ਕਹਿ ਕੇ ਨਕਾਰਨਾ ਜੀਵਨ ਨੂੰ ਨੀਰਸ ਅਤੇ ਬੇਸੁਆਦਾ ਕਰਨ ਦੇ ਤੁੱਲ ਹੈ।

ਕੀ ਕਸਰਤ ਦਿਮਾਗ ਵਧਾਉਂਦੀ ਹੈ...? ਜਵਾਬ ਹਾਂ ਵਿਚ ਹੈ। ਕੈਲੀਫੋਰਨੀਆ ਦੇ ਡਾਕਟਰ ਹਰਬਰਟ ਨੇ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਉ�ਪਰ ਕਸਰਤ ਦਾ ਸਰੀਰ ਅਤੇ ਦਿਮਾਗ ਉ�ਪਰ ਅਸਰ ਦਾ ਅਧਿਐਨ ਕੀਤਾ। ਡਾ. ਹਰਬਰਟ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੂੰ ਇਸ ਅਧਿਐਨ ਵਿਚ ਸ਼ਾਮਿਲ ਕੀਤਾ ਗਿਆ, ਉਹ ਸਾਰੇ ਹੀ ਜ਼ਿਆਦਾ ਚੁਸਤ ਅਤੇ ਫੁਰਤੀਲੇ ਬਣ ਗਏ। ਪਹਿਲਾਂ ਨਾਲੋਂ ਚੰਗਾ ਅਤੇ ਵਧੀਆ ਮਹਿਸੂਸ ਕਰਨ ਦੇ ਨਾਲ-ਨਾਲ ਜੀਵਨ ਰਸ ਭਰਪੂਰ ਬਣ ਗਿਆ। ਸਭ ਤੋਂ ਚਕਿੱਤ ਕਰਨ ਵਾਲਾ ਨਤੀਜਾ ਇਹ ਸੀ ਕਿ ਉਨ੍ਹਾਂ ਦੇ ਖੂਨ ਦੀ ਆਕਸੀਜਨ ਲਿਜਾਣ ਦੀ ਸਮੱਰਥਾ ਕਾਫੀ ਵਧ ਗਈ , ਕਿਉਂਕਿ ਇਹ ਖੋਜ ਪਹਿਲਾਂ ਹੀ ਹੋ ਚੁੱਕੀ ਸੀ ਕਿ ਜਦ ਦਿਮਾਗ ਦੇ ਸੈ�ਲਾਂ ਨੂੰ ਆਕਸੀਜਨ ਲੋਂੜੀਂਦੀ ਮਾਤਰਾ ਵਿਚ ਨਹੀਂ ਮਿਲਦੀ ਤਾਂ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਬਹੁਤ ਘਟ ਜਾਂਦੀ ਹੈ, ਜਿਸ ਦੇ ਫਲਸਰੂਪ ਬੌਧਿਕ ਅਤੇ ਚਿੰਤਨ ਸਮਰੱਥਾ ਵਿਚ ਨਿਘਾਰ ਆਉਂਦਾ ਹੈ। ਖੂਨ ਦੀ ਆਕਸੀਜਨ ਲਿਜਾਣ ਦੀ ਸਮਰੱਥਾ ਵਧ ਜਾਣ ਕਾਰਨ ਕਸਰਤ ਨਾਲ ਚਿੰਤਨ ਸ਼ਕਤੀ ਅਤੇ ਬੌਧਿਕ ਸ਼ਕਤੀ ਵਿਚ ਵਾਧਾ ਹੁੰਦਾ ਹੈ।

ਕੀ ਕਸਰਤ ਉਮਰ ਵਧਾਉਂਦੀ ਹੈ...?

-ਇਸ ਬਾਰੇ ਬਹੁਤ ਵੱਡੇ ਪੈਮਾਨੇ 'ਤੇ ਖੋਜ ਹੋ ਚੁੱਕੀ ਹੈ ਕਿ ਕਸਰਤ ਨਾ ਕਰਨ ਵਾਲੇ ਲੋਕਾਂ ਦੇ ਮੁਕਾਬਲੇ ਕਸਰਤ ਕਰਨ ਵਾਲੇ ਲੋਕ ਲੰਮੀ, ਨਰੋਈ ਅਤੇ ਨਿਰੋਗ ਉਮਰ ਭੋਗਦੇ ਹਨ। ਕਸਰਤ ਕੁਝ ਖਤਰਨਾਕ ਬਿਮਾਰੀਆਂ ਦਾ ਖਤਰਾ ਘਟਾ ਦਿੰਦੀ ਹੈ ਜਾਂ ਫਿਰ ਉਨ੍ਹਾਂ ਦੀ ਤੀਬਰਤਾ ਘਟਾ ਦਿੰਦੀ ਹੈ। ਵੱਡੀ ਉਮਰ ਵਿਚ ਹਲਕੀ ਕਸਰਤ ਕਾਫੀ ਲਾਭਦਾਇਕ ਹੈ।

ਕਸਰਤ ਸਮੇਂ ਸਾਵਧਾਨੀਆਂ

ਕਸਰਤ ਕਰਨ ਦਾ ਵਕਤ ਨਿਰਧਾਰਤ ਕਰ ਲਿਆ ਜਾਵੇ ਤਾਂ ਬਹੁਤ ਹੀ ਚੰਗਾ ਹੈ। ਜ਼ਿਆਦਾ ਗਰਮੀ ਅਤੇ ਜ਼ਿਆਦਾ ਸਰਦੀ ਵਿਚ ਕਸਰਤ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਕਸਰਤ ਸਵੇਰੇ ਜਾਂ ਸ਼ਾਮ ਨੂੰ ਕੀਤੀ ਜਾਵੇ ਤਾਂ ਜ਼ਿਆਦਾ ਫਾਇਦੇਮੰਦ ਹੈ। ਕਸਰਤ ਤੋਂ ਪਹਿਲਾਂ ਕੁਝ ਖਾਧਾ ਨਾ ਜਾਵੇ, ਖਾਸ ਤੌਰ 'ਤੇ ਕੋਈ ਭਾਰੀ ਚੀਜ਼। ਕਸਰਤ ਤੋਂ ਪਹਿਲਾਂ ਪਾਣੀ ਦਾ ਇਕ ਗਿਲਾਸ ਜਾਂ ਦੋ ਗਿਲਾਸ ਪੀਣਾ ਕਸਰਤ ਵਿਚ ਸਹਾਈ ਹੁੰਦਾ ਹੈ। ਕਸਰਤ ਤੋਂ ਪਹਿਲਾਂ ਗਰਮ ਹੋਣਾ ਅਤੇ ਬਾਅਦ ਵਿਚ ਸਹਿਜ ਅਵਸਥਾ ਵਿਚ ਆਉਣਾ ਅਤੀ ਜ਼ਰੂਰੀ ਹੈ। ਅਗਰ ਕਿਸੇ ਵਿਅਕਤੀ ਨੇ ਕਾਫੀ ਲੰਮੇ ਅਰਸੇ ਤੱਕ ਕੋਈ ਸਰੀਰਕ ਕੰਮ ਨਹੀਂ ਕੀਤਾ ਅਤੇ ਉਹ ਕਿਸੇ ਖੇਡ ਵਿਚ ਹਿੱਸਾ ਵੀ ਨਹੀਂ ਲੈਂਦਾ ਅਤੇ ਜੇਕਰ ਉਮਰ 40 ਸਾਲ ਤੋਂ ਵੱਧ ਹੈ ਤਾਂ ਕਸਰਤ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰੀ ਮਸ਼ਵਰਾ ਅਤੇ ਚੈਕਅਪ ਜ਼ਰੂਰੀ ਹੈ। ਕਸਰਤ ਕਰਦੇ ਸਮੇਂ ਚੱਕਰ ਆਉਣ ਲੱਗੇ, ਛਾਤੀ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਵਿਚ ਹੋਵੇ ਖੱਲੀਆਂ ਚੜ੍ਹਨ ਲੱਗਣ ਤਾਂ ਕਸਰਤ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਕਸਰਤ ਤੋਂ ਬਾਅਦ ਪਾਣੀ ਦਾ ਗਿਲਾਸ, ਦੁੱਧ ਦਾ ਗਿਲਾਸ ਜਾਂ ਜੂਸ ਦਾ ਗਿਲਾਸ ਬਹੁਤ ਹੀ ਲਾਭਕਾਰੀ ਹੈ।

ਜ਼ਿੰਦਗੀ ਨੂੰ ਰਸ ਭਰਪੂਰ, ਆਨੰਦ ਦਾਇਕ ਬਣਾਉਣ ਲਈ ਅਤੇ ਜੀਵਨ ਵਿਚ ਜ਼ਿੰਦਾਦਿਲੀ ਭਰਨ ਲਈ ਕਸਰਤ ਦੀ ਆਦਤ ਪਾਉਣੀ ਹੀ ਚਾਹੀਦੀ ਹੈ।

-ਡਾ. ਬਲਦੇਵ ਸਿੰਘ ਸਹੋਤਾ,

ਐਸ. ਐਮ. ਓ. ਸੁਨਾਮ।
http://www.S7News.com

No comments:

 
eXTReMe Tracker