Tuesday, May 19, 2009

ਤਾਲਿਬਨਾਂ ਦੀ ਪੈਦਾਇਸ਼

ਪਾਕਿਸਤਾਨ ਦੇ ਸਦਰ ਜਨਾਬ ਆਸਿਫ ਅਲੀ ਜ਼ਰਦਾਰੀ ਨੇ ਇਹ ਆਖ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਤਾਲਿਬਨ ਅਮਰੀਕੀ ਖੁਫੀਆ ਏਜੰਸੀ ਸੀ.ਆਈ.ਏ. ਅਤੇ ਉਨ੍ਹਾਂ ਦੇ ਆਪਣੇ ਦੇਸ਼ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੀ ਪੈਦਾਇਸ਼ ਹਨ। ਉਨ੍ਹਾਂ ਨੇ ਇੱਕ ਟੀ.ਵੀ. ਮੁਲਾਕਾਤ ਦੌਰਾਨ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਪਿਛਲੇ ਸਮੇਂ ਵਿੱਚ ਸਾਡੇ ਦੇਸ਼ ਅਤੇ ਅਮਰੀਕਾ ਨੇ ਮਿਲ ਕੇ ਤਾਲਿਬਾਨ ਨੂੰ ਖੜ੍ਹਾ ਕਰਨ ਵਿੱਚ ਭੂਮਿਕਾ ਨਿਭਾਈ ਹੈ। ਜਨਾਬ ਜ਼ਰਦਾਰੀ ਨੇ ਅਮਰੀਕਾ ਤੇ ਪਾਕਿਸਤਾਨ ਦੇ ਸਾਬਕਾ ਸਦਰ ਪ੍ਰਵੇਜ਼ ਮੁਸ਼ੱਰਫ ਦੇ ਫੌਜੀ ਸਾਸ਼ਨ ਦਾ ਸਮਰੱਥਨ ਕਰਨ ਦਾ ਦੋਸ਼ ਵੀ ਲਗਾਇਆ, ਜੋ ਕਿ ਕਥਿਤ ਤੌਰ 'ਤੇ ਤਾਲਿਬਾਨ ਦਾ ਪੱਖ ਪੂਰਦੇ ਰਹੇ ਹਨ। ਉਨ੍ਹਾਂ ਨੇ ਅਮਰੀਕਾ ਵਿੱਚ ਪ੍ਰਚੱਲਤ ਇਸ ਗੱਲ ਤੇ ਅਸਹਿਮਤੀ ਜਤਾਈ ਕਿ ਪਾਕਿ ਦੀ ਫੌਜ ਅਤੇ ਖੁਫੀਆ ਏਜੰਸੀ ਹੁਣ ਵੀ ਤਾਲਿਬਾਨ ਨਾਲ ਹਮਦਰਦੀ ਰੱਖਦੀਆਂ ਹਨ। ਸਦਰ ਦੇ ਇਸ ਬਿਆਨ ਨੂੰ ਇੱਕ ਕੂਟਨੀਤੀ ਵੱਜੋਂ ਵੇਖਿਆ ਜਾ ਰਿਹਾ ਹੈ। ਅਸਲ ਵਿੱਚ ਜਨਾਬ ਜ਼ਰਦਾਰੀ ਦੇਸ਼ ਵਿੱਚ ਇਸਲਾਮੀ ਕੱਟੜਵਾਦ ਪੈਦਾ ਹੋਣ ਲਈ ਖੁਦ ਨੂੰ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਨੂੰ ਬਰੀ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਾਕਿਸਤਾਨ ਵਿੱਚ ਇਸਲਾਮੀ ਕੱਟੜਵਾਦ ਪੈਦਾ ਹੋਣ ਲਈ ਭੁੱਟੋ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਜਾ ਸਕਦਾ ਹੈ। ਇਸ ਸਬੰਧ ਵਿੱਚ ਉਹ ਅਮਰੀਕਾ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਨੂੰ ਜਿੰਮੇਵਾਰ ਠਹਿਰਾ ਕੇ ਖੁਦ ਨੂੰਦੋਸ਼ ਮੁਕਤ ਕਰਨਾ ਚਾਹੁੰਦੇ ਹਨ। ਇਸ ਨਾਲ ਉਹ ਆਪਣੇ ਵਿਰੋਧੀਆਂ ਖਿਲਾਫ ਇੱਕ ਮੋਰਚਾ ਤਿਆਰ ਕਰ ਸਕਦੇ ਹਨ। ਇਸ ਵੇਲੇ ਨੇਤਾਵਾਂ ਨੂੰਆਈ.ਐੱਸ.ਆਈ.ਦੀ ਭੂਮਿਕਾ ਸਬੰਧੀ ਵੀ ਪਾਕਿਸਤਾਨ ਵਿੱਚ ਵਿਵਾਦ ਛੇੜਿਆ ਹੋਇਆ ਹੈ। ਦੇਸ ਵਿੱਚ ਸੰਸਦੀ ਪ੍ਰਣਾਲੀ ਬਹਾਲ ਹੋਣ ਪਿੱਛੋਂ ਵੀ ਆਈ.ਐੱਸ.ਆਈ. ਨੂੰ ਗੈਰ ਪ੍ਰਭਾਵੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਪਾਕਿਸਤਾਨ ਦੀ ਮੌਜੂਦਾ ਸਰਕਾਰ ਪ੍ਰਸ਼ਾਸਨ ਉਪਰ ਪਕੜ ਬਣਾਉਣ ਦੇ ਨਾਮ ਹੇਠ ਆਈ. ਐਸ. ਆਈ. ਅਤੇ ਫੌਜ ਨੂੰਬਦਨਾਮ ਕਰਨ ਵਿੱਚ ਲੱਗੀ ਹੋਈ ਹੈ। ਜਨਾਬ ਜ਼ਰਦਾਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰਲੱਗਦਾ ਹੈ ਕਿ ਉਹ ਆਈ.ਐੱਸ.ਆਈ. ਦੀ ਨਿੰਦਾ ਕਰਕੇ ਲੋਕਾਂ ਦਾ ਸਮਰੱਥਨ ਹਾਸਲ ਕਰ ਸਕਦੇ ਹਨ। ਇਸ ਬਿਆਨ ਵਿੱਚ ਉਨ੍ਹਾਂ ਨੇ ਸੀ.ਆਈ.ਏ. ਦਾ ਨਾਮ ਤਾਂ ਖਾਮਖਾਹ ਹੀ ਲਿਆ ਹੈ। ਸ਼ਾਇਦ ਉਨ੍ਹਾਂ ਨੂੰ ਇਹ ਸ਼ੱਕ ਹੈ ਕਿ ਪਾਕਿਸਤਾਨੀ ਸਰਕਾਰ ਤਾਲਿਬਨਾਂ ਖਿਲਾਫ ਲੜਾਈ ਵਿੱਚ ਕਾਮਯਾਬ ਨਹੀਂ ਹੋਵੇਗੀ। ਇਸ ਲਈ ਉਹ ਪਹਿਲਾਂ ਹੀ ਅਜਿਹਾ ਮਾਹੌਲ ਤਿਆਰ ਕਰਨਾ ਚਾਹੁੰਦੇ ਹਨ, ਜਿਸ ਤੋਂ ਇਹ ਜਾਪੇ ਕਿ ਇਸ ਸਾਰੇ ਮਾਮਲੇ ਵਿੱਚ ਪਾਕਿਸਤਾਨ ਦੀ ਮੌਜੂਦਾ ਸਰਕਾਰ ਦਾ ਕੋਈ ਕਸੂਰ ਨਹੀਂ ਹੈ। ਤਾਲਿਬਨਾਂ ਨਾਲ ਟਕਰਾਅ ਵਿੱਚ ਆਮ ਨਾਗਰਿਕਾਂ ਦਾ ਭਾਰੀ ਨੁਕਸਾਨ ਹੋਣ ਦਾ ਖਤਰਾ ਵੀ ਬਣਿਆ ਹੋਇਆ ਹੈ। ਇਸ ਕਾਰਨ ਸਦਰ ਅਤੇ ਪਾਕਿ ਸਰਕਾਰ ਕਾਫੀ ਘਬਰਾਈ ਹੋਈ ਹੈ। ਸਰਕਾਰ ਅਤੇ ਸਦਰ ਕਿਸੇ ਨਾ ਕਿਸੇ ਤਰੀਕੇ ਇਸ ਟਕਰਾਅ ਨੂੰ ਟਾਲਣ ਦੇ ਬਹਾਨੇ ਵੀ ਲੱਭ ਰਹੇ ਹਨ। ਦੂਸਰੇ ਪਾਸੇ ਅਮਰੀਕਾ ਵੱਲੋਂ ਪਾਕਿਸਤਾਨ ਉੱਤੇ ਇਸ ਗੱਲ ਲਈ ਭਾਰੀ ਦਬਾਅ ਪੈ ਰਿਹਾ ਹੈ ਕਿ ਉਹ ਤਾਲਿਬਨਾਂ ਦੇ ਸਫਾਏ ਲਈ ਸਾਰੀ ਫੌਜੀ ਸ਼ਕਤੀ ਝੋਕ ਦੇਵੇ। ਇਸ ਲੜਾਈ ਦੌਰਾਨ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸਵਾਤ ਖੇਤਰ ਵਿੱਚੋਂ 2 ਲੱਖ ਦੇ ਕਰੀਬ ਆਮ ਨਾਗਰਿਕ ਬੇਘਰ ਹੋ ਗਏ ਹਨ, ਜਦੋਂਕਿ 3 ਲੱਖ ਦੇ ਕਰੀਬ ਹੋਰ ਨਾਗਰਿਕ ਘਰ ਛੱਡਣ ਲਈ ਤਿਆਰ ਹਨ। ਆਮ ਨਾਗਰਿਕਾਂ ਦੇ ਉਜਾੜੇ ਨੂੰ ਲੈ ਕੇ ਯੂ.ਐੱਨ. ਵੀ ਪ੍ਰੇਸ਼ਾਨ ਹੈ। ਯੂ.ਐਨ. ਅਧਿਕਾਰੀਆਂ ਦਾ ਕਹਿਣਾ ਹੈ ਕਿ 1947 ਦੀ ਵੰਡ ਤੋਂ ਬਾਅਦ ਇਹ ਦੱਖਣੀ ਏਸ਼ੀਆ ਵਿੱਚ ਅਬਾਦੀ ਦਾ ਸਭ ਤੋਂ ਵੱਡਾ ਪ੍ਰਵਾਸ ਹੈ। ਨਾ ਚਾਹੁੰਦੇ ਹੋਏ ਵੀ ਪਾਕਿਸਤਾਨ ਦੀ ਫੌਜ ਨੂੰ ਇਹ ਲੜਾਈ ਨੇਪਰੇ ਚਾੜ੍ਹਨੀ ਪੈ ਰਹੀ ਹੈ। ਪਾਕਿਸਤਾਨ ਦੇ ਸਦਰ ਨੂੰ ਚਾਹੀਦਾ ਹੈ ਕਿ ਉਹ ਸਮੁੱਚੀ ਸਥਿਤੀ ਵਿੱਚ ਭਰਮ ਦੇ ਹਾਲਾਤ ਪੈਦਾ ਨਾ ਕਰੇ, ਸਗੋਂ ਆਪਣੀ ਜ਼ਿੰਮੇਵਾਰੀ ਨੂੰ ਸਮਝ ਕੇ ਕੰਮ ਕਰੇ। ਤਾਲਿਬਨਾਂ ਦੇ ਉਭਾਰ ਲਈ ਪਾਕਿਸਤਾਨੀ ਹਾਕਮਾਂ ਵੱਲੋਂ ਪੈਦਾ ਕੀਤੇ ਗਏ ਹਾਲਾਤ ਜ਼ਿੰਮੇਵਾਰ ਹਨ। ਪੀਪਲਜ਼ ਪਾਰਟੀ ਵੀ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਪਾਕਿਸਤਾਨ ਦੀ ਮੌਜੂਦਾ ਸਰਕਾਰ ਨੂੰਚਾਹੀਦਾ ਹੈ ਕਿ ਉਹ ਖੇਤਰ ਵਿੱਚ ਸ਼ਾਂਤੀ ਅਤੇ ਦੋਸਤੀ ਲਈ ਕੰਮ ਕਰੇ।

-'�"ਲਖ'
http://www.S7News.com

No comments:

 
eXTReMe Tracker