Monday, May 18, 2009

ਯੂ ਪੀ ਏ ਨੂੰ ਬੜ੍ਹਤ ਨਾਲ ਪ੍ਰਤਿਭਾ ਦਾ ਕੰਮ ਹੋਇਆ ਆਸਾਨ

ਨਵੀਂ ਦਿੱਲੀ (ਦੋਆਬਾ ਨਿਊਜ਼ ਸਰਵਿਸ) ਲੋਕ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਵਿੱਚ ਸਪਸ਼ਟ ਤਸਵੀਰ ਉਭਰਨ ਤੋਂ ਬਾਅਦ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਲਈ ਹੁਣ ਸਰਕਾਰ ਬਣਾਉਣ ਲਈ ਸਭ ਤੋਂ ਵੱਡੀ ਪਾਰਟੀ ਜਾਂ ਗਠਜੋੜ ਨੂੰ ਸੱਦਾ ਦੇਣ ਦਾ ਕੰਮ ਆਸਾਨ ਹੋ ਗਿਆ ਹੈ। ਯੂ ਪੀ ਏ ਨੇ ਚੁਣਾਵੀ ਦੌੜ ਵਿੱਚ ਐਨ ਡੀ ਏ ਨੂੰ ਕਾਫੀ ਪਿੱਛੇ ਛੱਡ ਦਿੱਤਾ ਹੈ। ਅਜਿਹੇ ਵਿੱਚ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੂੰ ਸਰਕਾਰ ਬਣਾਉਣ ਦਾ ਸੱਦਾ ਮਿਲਣਾ ਸੁਭਾਵਿਕ ਹੈ। ਭਾਜਪਾ ਨੇ ਸਵੀਕਾਰ ਕਰ ਲਿਆ ਹੈ ਕਿ ਯੂ ਪੀ ਏ ਉਸ ਤੋਂ ਅੱਗੇ ਹੈ ਅਤੇ ਐਨ ਡੀ ਏ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਦੀ ਗੱਲ ਹੁਣ ਬੀਤੀ ਗੱਲ ਹੋ ਗਈ ਹੈ। ਅਜਿਹੇ ਵਿੱਚ ਰਾਸ਼ਟਰਪਤੀ ਦਾ ਕੰਮ ਆਸਾਨ ਹੋ ਗਿਆ ਹੈ। ਭਾਜਪਾ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨੇ ਪਾਰਟੀ ਦੀ ਹਾਰ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਪਾਰਟੀ ਦੇ ਸੀਨੀਅਰ ਨੇਤਾ ਆਪਸ ਵਿੱਚ ਮਿਲ ਕੇ ਉਹਨਾਂ ਕਾਰਨਾਂ ਦਾ ਵਿਸ਼ਲੇਸ਼ਣ ਕਰਨਗੇ ਜਿਨ੍ਹਾਂ ਕਾਰਨ ਉਸ ਨੂੰ ਅੱਜ ਇਹ ਦਿਨ ਦੇਖਣਾ ਪਿਆ ਹੈ।

ਕਾਂਗਰਸ ਦੇ ਬੁਲਾਰੇ ਜਨਾਰਦਨ ਦਿਵੇਦੀ ਨੇ ਐਲਾਨ ਕੀਤਾ ਕਿ ਸ੍ਰ ਮਨਮੋਹਨ ਸਿੰਘ ਹੁਣ ਪ੍ਰਧਾਨ ਮੰਤਰੀ ਬਣਨਗੇ। ਉਹ ਸ੍ਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਅਜਿਹੇ ਵਿਅਕਤੀ ਹੋਣਗੇ ਜੋ ਪੰਜ ਸਾਲ ਦਾ ਸਫਲ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਫਿਰ ਤੋਂ ਦੇਸ਼ ਦੀ ਕਮਾਨ ਸੰਭਾਲਣਗੇ। ਰਾਸ਼ਟਰਪਤੀ ਭਵਨ ਦੇ ਇੱਕ ਅਧਿਕਾਰੀ ਦੇ ਅਨੁਸਾਰ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਸਰਕਾਰ ਗਠਨ ਬਾਰੇ ਸਲਾਹ ਮਸ਼ਵਰੇ ਲਈ ਸਾਬਕਾ ਅਟਾਰਨੀ ਜਨਰਲ ਅਸ਼ੋਕ ਦੇਸਾਈ ਨਾਲ ਮੁਲਾਕਾਤ ਕਰਨਗੇ। ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਕਾਨੂੰਨੀ ਮਾਹਿਰਾਂ ਦੇ ਨਾਲ ਮਸ਼ਵਰੇ ਦੀ ਪ੍ਰਕ੍ਰਿਆ ਨੂੰ ਲੰਬਾ ਨਹੀਂ ਖਿੱਚੇਗੀ।
http://www.S7News.com

No comments:

 
eXTReMe Tracker