Tuesday, May 19, 2009

ਪ੍ਰਵਾਸੀ ਭਾਰਤੀ ਦੀ ਮੌਤ ਦੇ ਮਾਮਲੇ ’ਚ ਡਾਕਟਰ ਨਿਰਦੋਸ਼ ਕਰਾਰ

ਨਵਾਂਸ਼ਹਿਰ (ਪੱਤਰ ਪ੍ਰੇਰਕ)-ਕੁੱਝ ਸਮਾਂ ਪਹਿਲਾਂ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਲੱਤ ਦੇ ਅਪ੍ਰੇਸ਼ਨ ਉਪਰੰਤ ਹੋਈ ਪ੍ਰਵਾਸੀ ਭਾਰਤੀ ਦੀ ਮੌਤ ਦੇ ਦਰਜ ਮਾਮਲੇ ਚੋਂ ਪੋਸਟ ਮਾਰਟਮ ਦੀ ਰਿਪੋਰਟ 'ਤੇ ਅਧਾਰਿਤ ਪੁਲਿਸ ਜਾਂਚ ਅਧਿਕਾਰੀ ਨੇ ਡਾਕਟਰ ਨੂੰ ਨਿਰਦੋਸ਼ ਕਰਾਰ ਦੇ ਦਿੱਤਾ ਹੈ।

ਇਥੇ ਵਰਨਣਯੋਗ ਹੈ ਕਿ ਸਰਬਜੀਤ ਸਿੰਘ ਵਾਸੀ ਪਿੰਡ ਬਘੌਰਾਂ ਨੂੰ ਉਸ ਦੇ ਭਰਾ ਸ: ਮਹਿੰਦਰ ਸਿੰਘ ਜੋ ਕਿ ਦੋਨੋਂ ਇਟਲੀ ਦੇ ਵਸਨੀਕ ਸਨ ਵਲੋਂ ਉਨ੍ਹਾਂ ਦੇ ਤੀਸਰੇ ਭਰਾ ਰਘਵੀਰ ਸਿੰਘ ਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਹੋਈ ਲੜਾਈ ਦੇ ਕਾਰਨ 27 ਅਕਤੂਬਰ 2008 ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਸੀ। ਜਦੋਂ 8 ਨਵੰਬਰ 2008 ਨੂੰ ਸ: ਸਰਬਜੀਤ ਸਿੰਘ ਦੀ ਲੱਤ ਦਾ ਹਸਪਤਾਲ ਦੇ ਹੱਡੀਆਂ ਦੇ ਮਾਹਰ ਡਾਕਟਰ ਦਵਿੰਦਰ ਚਾਹਲ ਵਲੋਂ ਆਪ੍ਰੇਸ਼ਨ ਕੀਤਾ ਗਿਆ ਸੀ ਅਤੇ ਉਸਨੂੰ ਅਪ੍ਰੇਸ਼ਨ ਥਿਏਟਰ ਚੋਂ ਬਾਹਰ ਕੱਢਿਆ ਗਿਆ , ਉਸ ਸਮੇਂ ਉਕਤ ਪ੍ਰਵਾਸੀ ਭਾਰਤੀ ਦੀ ਅਚਾਨਕ ਸਿਹਤ ਜਿਆਦਾ ਖਰਾਬ ਹੋਣ ਕਾਰਨ ਉਸ ਦੀ ਥੋੜੇ ਸਮੇਂ 'ਚ ਮੌਤ ਹੋ ਗਈ। ਮ੍ਰਿਤਕ ਦੇ ਭਰਾ ਸ: ਮਹਿੰਦਰ ਸਿੰਘ ਅਤੇ ਉਸ ਦੇ ਸਾਕ ਸਬੰਧੀਆਂ ਨੇ ਦੋਸ਼ ਲਾਇਆ ਸੀ ਕਿ ਉਕਤ ਦੀ ਮੌਤ ਡਾਕਟਰ ਦੀ ਕਥਿਤ ਤੌਰ 'ਤੇ ਅਣਗਹਿਲੀ ਅਤੇ ਉਨ੍ਹਾਂ ਦੀ ਵਿਰੋਧੀ ਧਿਰ ਦੀ ਮਿਲੀ ਭੁਗਤ ਨਾਲ ਹੋਈ ਹੈ। ਮਾਹੌਲ ਨੂੰ ਸ਼ਾਂਤ ਕਰਨ ਵਾਸਤੇ ਸ: ਮਹਿੰਦਰ ਸਿੰਘ ਦੇ ਬਿਆਨਾਂ 'ਤੇ ਥਾਣਾ ਸਦਰ ਦੀ ਪੁਲਿਸ ਵਲੋਂ 8ਨਵੰਬਰ ਨੂੰ ਮੁਕੱਦਮਾ ਨੰਬਰ 163 ਅਧੀਨ ਧਾਰਾ 304, 325, 323, 379, 447, 148, 149 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਡੀ.ਐਸ.ਪੀ ਨਵਾਂਸ਼ਹਿਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਅੰਮ੍ਰਿਤਸਰ ਮੈਡੀਕਲ ਕਾਲਜ ਦੀ ਪੋਸਟ ਮਾਰਟਮ ਰਿਪੋਰਟ ਨੇ ਉਪਰੋਕਤ ਮਰੀਜ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ ਦਰਸਾਇਆ ਗਿਆ ਜਦਕਿ ਖਰੜ ਦੀ ਰਿਪੋਰਟ ਨੇ ਸਪੱਸ਼ਟ ਕੀਤਾ ਕਿ ਉਕਤ ਮ੍ਰਿਤਕ ਦੀ ਪੋਸਟ ਮਾਰਟਮ ਰਿਪੋਰਟ 'ਚ ਕੋਈ ਜਹਿਰੀਲੀ ਵਸਤੂਦਾ ਹੋਣਾ ਨਹੀਂ ਪਾਇਆ ਗਿਆ। ਇਸ ਉਪਰੰਤ ਜਾਂਚ ਅਧਿਕਾਰੀ ਵਲੋਂ ਪੇਸ਼ ਕੀਤੀ ਰਿਪੋਰਟ ਵਿਚ ਲਿਖਿਆ ਗਿਆ ਕਿ ਉਕਤ ਵਿਅਕਤੀ ਦੀ ਮੌਤ ਪਿੱਛੇ ਡਾਕਟਰ ਚਾਹਲ ਦਾ ਕੋਈ ਕਸੂਰ ਨਹੀਂ ਹੈ ਅਤੇ ਧਾਰਾ 323, 325, 34 ਆਈ.ਪੀ.ਸੀ. ਤਹਿਤ ਜੁਰਮ ਦਾ ਹੋਣਾ ਪਾਇਆ ਗਿਆ। ਇਸ ਉਪਰੰਤ ਥਾਣਾ ਸਦਰ ਦੀ ਪੁਲਿਸ ਵਲੋਂ ਉਕਤ ਮਾਮਲੇ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।
http://www.S7News.com

No comments:

 
eXTReMe Tracker