Tuesday, May 19, 2009

ਦੋ ਧੜਿਆਂ ਦੇ ਯੁੱਧ ਦਾ ਮੈਦਾਨ ਬਣੀ ਕਚਿਹਿਰੀ ਪੇਸ਼ੀ ਭੁਗਤਣ ਆਏ ’ਤੇ ਕੀਤਾ ਹਮਲਾ

ਫਿਲੌਰ- ਇੱਥੇ ਅਦਾਲਤ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੁੱਝ ਹਮਲਾਵਰ ਮੁੰਡੇ ਇੱਕ ਟਾਟਾ ਸੂਮੋ 'ਚ ਸਵਾਰ ਹੋ ਕੇ ਨਵੀਂ ਬਣੀ ਕਚਿਹਿਰੀ ਦੇ ਅੰਦਰ ਘੁਸ ਆਏ ਤੇ ਸਬ ਡਵੀਜ਼ਨਲ ਜੁਡੀਸ਼ੀਅਲ ਜੱਜ ਫਿਲੌਰ ਦੀ ਅਦਾਲਤ ਦੇ ਦਰਵਾਜ਼ੇ ਚੋਂ ਪੇਸ਼ੀ ਭੁਗਤਣ ਆਏ ਵਿਰੋਧੀ ਧੜੇ ਦੇ ਮੁੰਡਿਆਂ ਨੂੰ ਚੁੱਕਣ ਲਈ ਕੁੱਟਮਾਰ ਕਰਨ ਲੱਗੇ। ਜਾਣਕਾਰੀ ਅਨੁਸਾਰ ਹਮਲਾਵਰਾਂ ਦੀ ਕੋਸ਼ਿਸ਼ ਸੀ ਕਿ ਉਹ ਪੇਸ਼ੀ 'ਤੇ ਆਏ ਦੁਸ਼ਮਣਾਂ ਨੂੰ ਆਪਣੀ ਗੱਡੀ 'ਚ ਚੁੱਕ ਕੇ ਲੈ ਜਾਣ 'ਤੇ ਉਨ੍ਹਾਂ ਤੋਂ ਬਦਲਾ ਲੈ ਸਕਣ। ਅਦਾਲਤ ਦੇ ਦਰਵਾਜ਼ੇ 'ਚ ਇਹ ਹੰਗਾਮਾ ਸੁਣ ਜਦੋਂ ਮਾਨਯੋਗ ਜੱਜ ਖੁਦ ਉੱਠ ਕੇ ਬਾਹਰ ਆਏ ਤਾਂ ਹਮਲਾਵਰ ਆਪਣੀ ਸੂਮੋ ਗੱਡੀ 'ਚ ਸਵਾਰ ਹੋ ਕੇ ਦੌੜ ਗਏ। ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਥਾਨਕ ਸਿਵਲ ਹਸਪਤਾਲ 'ਚ ਜਾ ਛਿਪੇ ਹਮਲਾਵਰਾਂ 'ਚੋਂ ਹਰਜਿੰਦਰ ਸਿੰਘ ਪੁੱਤਰ ਦੇਵਰਾਜ ਵਾਸੀ ਚੱਕ ਸਾਬੂ, ਰਾਕੇਸ਼ ਕੁਮਾਰ ਪੁੱਤਰ ਰਾਜ ਕੁਮਾਰ, ਰਮਨਦੀਪ ਪੁੱਤਰ ਬਾਲ ਕ੍ਰਿਸ਼ਨ, ਅਮਨਦੀਪ ਪੁੱਤਰ ਹਰਦਿਆਲ ਸਿੰਘ (ਤਿੰਨੇ ਵਾਸੀ ਅੱਪਰਾ) ਅਤੇ ਬਲਵਿੰਦਰ ਕੁਮਾਰ ਪੁੱਤਰ ਸਤਿਨਾਮ ਕੁਮਾਰ ਵਾਸੀ ਭਾਰਸਿੰਘਪੁਰਾ ਨੂੰ ਟਾਟਾ ਸੂਮੋ ਨੰਬਰ ਪੀ.ਬੀ. 10 ਏ.ਐਨ. 3187 ਸਮੇਤ ਗ੍ਰਿਫ਼ਤਾਰ ਕਰ ਲਿਆ। ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਨੇੜਲੇ ਪਿੰਡਾਂ ਅੱਪਰਾ, ਛੋਕਰਾਂ, ਮਸਾਣੀ ਰਹਿਪਾ ਆਦਿ ਦੇ ਦੋ ਧੜੇ 'ਮੱਟੀ' ਅਤੇ 'ਬੜੌਂਗਾ' ਇੱਕ ਦੂਸਰੇ ਦੇ ਜਾਨੀ ਦੁਸ਼ਮਣ ਬਣੇ ਹੋਏ ਹਨ। ਅੱਜ ਵੀ ਜਦੋਂ ਮੱਟੀ ਧੜੇ ਦਾ ਇੱਕ ਡਾਕਟਰ ਨਾਮੀ ਵਿਅਕਤੀ ਪੇਸ਼ੀ 'ਤੇ ਅਦਾਲਤ 'ਚ ਪਹੁੰਚਿਆ ਤਾਂ ਬੜੌਂਗਾ ਧੜੇ ਦੇ ਉਕਤ ਹਮਲਾਵਰ ਡਾਕਟਰ ਨੂੰ ਚੁੱਕਣ ਲਈ ਟਾਟਾ ਸੂਮੋ 'ਚ ਸਵਾਰ ਹੋ ਕੇ ਕਚਿਹਿਰੀ ਦੇ ਅੰਦਰ ਆ ਵੜੇ।

ਬਾਰ ਐਸੋਸੀਏਸ਼ਨ ਫਿਲੌਰ ਦੇ ਪ੍ਰਧਾਨ ਸ. ਕਸ਼ਮੀਰ ਸਿੰਘ ਮੱਲ੍ਹੀ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਆਮ ਜਨਤਾ ਦੀ ਸੁਰੱਖਿਆ ਲਈ ਅਜਿਹੇ ਗੁੰਡਾ ਅਨਸਰਾਂ ਨੂੰ ਨੱਥ ਪਾਈ ਜਾਵੇ ਤੇ ਕਚਿਹਰੀ ਦੇ ਅੰਦਰ ਸੁਰੱਖਿਆ ਯਕੀਨੀ ਬਣਾਈ ਜਾਵੇ। ਐਸ.ਐਚ.�". ਫਿਲੌਰ ਸ੍ਰੀ ਸਤੀਸ਼ ਮਲਹੋਤਰਾ ਨੇ ਦੱਸਿਆ ਕਿ ਹਮਲਾਵਰਾਂ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਮਾਮ ਦੋਸ਼ੀਆਂ ਨੂੰ ਨੱਥ ਪਾਉਣ ਲਈ ਉਨ੍ਹਾਂ ਦੀਆਂ ਫੋਟੋਆਂ ਲੈ ਕੇ 'ਹਿਸਟਰੀ ਸ਼ੀਟ' ਤਿਆਰ ਕੀਤੀ ਜਾਵੇਗੀ।
http://www.S7News.com

No comments:

 
eXTReMe Tracker