Wednesday, May 20, 2009

ਪੇਟ ਦੇ ਰੋਗਾਂ ਲਈ ਫਾਇਦੇਮੰਦ ਪਪੀਤਾ

ਪਪੀਤਾ ਆਮ ਮਿਲਣ ਵਾਲਾ ਫਲ ਹੈ, ਜੋ ਪੱਕੇ ਰੂਪ 'ਚ ਫਲ ਵਜੋਂ ਖਾਧਾ ਜਾਂਦਾ ਹੈ ਤੇ ਕੱਚੇ ਰੂਪ 'ਚ ਸਬਜ਼ੀ ਬਣਾ ਕੇ। ਦੋਵਾਂ ਤਰ੍ਹਾਂ ਦਾ ਨਾਲ ਹੀ ਇਹ ਸਿਹਤ ਲਈ ਫਾਇਦੇਮੰਦ ਹੈ। ਕੱਚੇ ਪਪੀਤੇ 'ਚੋਂ ਦੁੱਧ ਵਰਗਾ ਪਦਾਰਥ ਨਿਕਲਦਾ ਹੈ, ਜੋ ਚਮੜੀ ਦੀਆਂ ਕਈ ਬਿਮਾਰੀਆਂ ਦਾ ਖਾਤਮਾ ਕਰਦਾ ਹੈ ਅਤੇ ਅੰਤੜੀਆਂ ਦੇ ਕੀੜਿਆਂ ਨੂੰ ਖਤਮ ਕਰਨ 'ਚ ਵੀ ਸਹਾਈ ਹੁੰਦਾ ਹੈ।

ਇਹ ਦੁੱਧ ਵਰਗੇ ਰਸ ਨੂੰ ਜ਼ਹਿਰੀਲੇ ਕੀੜੇ ਦੇ ਡੰਗਣ 'ਤੇ ਡੰਗ ਵਾਲੀ ਥਾਂ 'ਤੇ ਲਾਉਣ ਨਾਲ ਜ਼ਹਿਰ ਵੀ ਘਟ ਅਸਰ ਕਰਦੀ ਹੈ ਤੇ ਦਰਦ ਵੀ ਘੱਟ ਜਾਂਦੀ ਹੈ। ਖਾਲੀ ਪੇਟ ਪੱਕਾ ਪਪੀਤਾ ਖਾਣ ਨਾਲ ਕਬਜ਼ ਨਹੀਂ ਹੁੰਦੀ ਅਤੇ ਬਦਹਜ਼ਮੀ, ਗੈਸ, ਅਫਾਰਾ ਵਰਗੇ ਰੋਗਾਂ ਤੋਂ ਵੀ ਛੁਟਕਾਰਾ ਮਿਲਦਾ ਹੈ। ਬਵਾਸੀਰ ਦੀ ਤਕਲੀਫ 'ਚ ਵੀ ਪਪੀਤਾ ਕਾਰਗਰ ਸਾਬਤ ਹੁੰਦਾ ਹੈ। ਛੋਟੇ ਬੱਚਿਆਂ ਨੂੰ ਜੇ ਜਿਗਰ ਨਾਲ ਸੰਬੰਧਤ ਕੋਈ ਰੋਸ ਹੋਵੇ ਤਾਂ ਪਪੀਤਾ ਜ਼ਰੂਰ ਖੁਆਉਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਪੇਟ ਤੇ ਜਿਗਰ ਦੇ ਰੋਗ ਦੂਰ ਹੁੰਦੇ ਹਨ ਖੂਨ ਵੀ ਬਣਦਾ ਹੈ ਅਤੇ ਪਾਚਣ ਪ੍ਰਣਾਲੀ ਵੀ ਸਹੀ ਕੰਮ ਕਰਨ ਲੱਗਦੀ ਹੈ।

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਵੀ ਨਿਯਮਿਤ ਰੂਪ 'ਚ ਪਪੀਤਾ ਖਾਣਾ ਚਾਹੀਦਾ ਹੈ, ਪਰ ਪਪੀਤਾ ਖਾਣ ਦੇ ਦੋ ਘੰਟੇ ਬਾਅਦ ਤੱਕ ਕੁਝ ਵੀ ਹੋਰ ਨਹੀਂ ਖਾਣਾ ਚਾਹੀਦਾ। ਪਪੀਤੇ ਦਾ ਗੁੱਦਾ ਚਿਹਰੇ 'ਤੇ ਮਲਣ ਨਾਲ ਚਿਹਰੇ 'ਤੇ ਚਮਕ ਆ ਜਾਂਦੀ ਹੈ ਤੇ ਕਾਲੇ ਦਾਗ, ਝੁਰੜੀਆਂ ਆਦਿ ਤੋਂ ਮੁਕਤੀ ਮਿਲ ਜਾਂਦੀ ਹੈ। ਪਪੀਤੇ ਦੇ ਦਰੱਖਤ ਦੀ ਜੜ੍ਹ ਦਾ ਚੂਰਨ ਤਾਜ਼ੇ ਪਾਣੀ ਨਾਲ ਲੈਂਦੇ ਰਹਿਣ ਨਾਲ ਗੁਰਦੇ ਤੇ ਮਸਾਨੇ ਦੀ ਪੱਥਰੀ ਖੁਰ ਕੇ ਪਿਸ਼ਾਬ ਰਾਹੀਂ ਨਿਕਲ ਜਾਂਦੀ ਹੈ।

ਲਗਾਤਾਰ ਪਪੀਤੇ ਦੀ ਵਰਤੋਂ ਕਰਨ ਨਾਲ ਤਪਦਿਕ, ਦਮਾ, ਅੱਖਾਂ ਦੇ ਰੋਗ, ਖੂਨ ਦੇ ਰੋਗ ਤੇ ਚਮੜੀ ਦੇ ਰੋਗ ਆਦਿ ਤੋਂ ਬਚਾਅ ਰਹਿੰਦਾ ਹੈ।

-ਪ੍ਰੀਤ ਰੰਧਾਵਾ
http://www.S7News.com

No comments:

 
eXTReMe Tracker