Friday, November 25, 2011

ਖੁਰਾਕੀ ਮਹਿੰਗਾਈ ਦਰ ’ਚ ਡੇਢ ਫੀਸਦੀ ਤੋਂ ਵੱਧ ਕਮੀ, ਪ੍ਰਣਬ ਖੁਸ਼

ਨਵੀਂ ਦਿੱਲੀ, 24 ਨਵੰਬਰ

ਆਲੂ, ਪਿਆਜ਼ ਤੇ ਕਣਕ ਦੇ ਭਾਅ ਵਿੱਚ ਨਰਮੀ ਆਉਣ ਨਾਲ ਖੁਰਾਕੀ ਮਹਿੰਗਾਈ ਦਰ ਵੀ 10.63 ਫੀਸਦ ਤੋਂ ਘੱਟ ਕੇ 9.01 ਫੀਸਦ 'ਤੇ ਆ ਗਈ। ਇਸ ਗਿਰਾਵਟ ਤੋਂ ਉਤਸ਼ਾਹਤ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਆਸ ਪ੍ਰਗਟਾਈ ਹੈ ਕਿ ਆਉਂਦੇ ਸਮੇਂ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਰ ਕਮੀ ਆਵੇਗੀ।

ਸਮੀਖਿਆ ਅਧੀਨ 12 ਨਵੰਬਰ ਨੂੰ ਖਤਮ ਹੋਏ ਹਫਤੇ ਦੌਰਾਨ ਪਿਆਜ਼ 32.85 ਫੀਸਦ, ਆਲੂ 7.23 ਫੀਸਦ ਤੇ ਕਣਕ 3.09 ਫੀਸਦ ਸਸਤੇ ਹੋਣ ਨਾਲ ਖੁਰਾਕ ਵਸਤਾਂ ਦੀ ਮਹਿੰਗਾਈ ਦਰ ਵਿੱਚ ਕਮੀ ਆਈ ਹੈ। ਦੂਜੇ ਪਾਸੇ ਸਬਜ਼ੀਆਂ 17.66 ਫੀਸਦ, ਦਾਲਾਂ 12.28 ਫੀਸਦ, ਦੁੱਧ 10.46 ਫੀਸਦ, ਅੰਡੇ ਮੀਟ ਤੇ ਮੱਛੀ 11.98 ਫੀਸਦ ਮਹਿੰਗੇ ਹੋਏ। ਫਲਾਂ ਦੀਆਂ ਕੀਮਤਾਂ ਵਿੱਚ ਵੀ 4.59 ਫੀਸਦ ਦਾ ਵਾਧਾ ਦਰਜ ਕੀਤਾ ਗਿਆ।

ਖੁਰਾਕੀ ਵਸਤਾਂ ਦੇ ਭਾਅ ਵਿੱਚ ਕਮੀ ਆਉਣ ਨਾਲ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਨੂੰ ਰਾਹਤ ਮਿਲੀ ਹੈ, ਕਿਉਂਕਿ ਮਹਿੰਗਾਈ ਕਾਰਨ ਇਨ੍ਹਾਂ ਦੋਵਾਂ ਨੂੰ ਚਾਰੇ ਪਾਸਿਆਂ ਤੋਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਕਿਹਾ ਸੀ ਕਿ ਉਸ ਨੇ ਮਹਿੰਗਾਈ ਨੂੰ ਠੱਲ ਪਾਉਣ ਲਈ ਜੋ ਕਦਮ ਚੁੱਕੇ ਹਨ, ਉਸ ਦਾ ਅਸਰ ਦਸੰਬਰ ਵਿੱਚ ਨਜ਼ਰ ਆਉਣਾ ਸ਼ੁਰੂ ਹੋਵੇਗਾ। ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਕਮੀ ਆਉਣ ਨਾਲ ਆਸ ਬੱਝੀ ਹੈ ਕਿ ਆਉਂਦੇ ਦਿਨਾਂ ਵਿੱਚ ਹਾਲਾਤ ਆਮ ਵਾਂਗ ਹੋਣਗੇ। ਉਨ੍ਹਾਂ ਕਿਹਾ, ''ਜੇਕਰ ਗਿਰਾਵਟ ਦਾ ਇਹ ਰੁਝਾਨ ਨਵੰਬਰ ਦੇ ਬਾਕੀ ਰਹਿੰਦੇ ਦੋ ਹਫਤਿਆਂ ਤੱਕ ਜਾਰੀ ਰਹਿੰਦਾ ਹੈ ਤਾਂ ਆਸ ਹੈ ਕਿ ਮਹਿੰਗਾਈ ਘੱਟ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਖੁਰਾਕੀ ਵਸਤਾਂ ਬਾਰੇ ਮਹਿੰਗਾਈ ਹਾਲੇ ਵੀ ਵੱਧ ਹੈ, ਪਰ ਇਨ੍ਹਾਂ ਵਸਤਾਂ ਦੀ ਕੀਮਤ ਵਿੱਚ ਕਮੀ ਦਾ ਰੁਝਾਨ ਉਤਸ਼ਾਹਜਨਕ ਹੈ। ਇਸੇ ਕਰਕੇ ਆਸ ਹੈ ਕਿ ਆਉਂਦੇ ਸਮੇਂ ਦੌਰਾਨ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲੇਗੀ।


News From: http://www.7StarNews.com

No comments:

 
eXTReMe Tracker