Monday, November 28, 2011

ਨਿਗਮ ਚੋਣਾਂ ਲਈ ਕੁੱਲ 232 ਨਾਮਜ਼ਦਗੀਆਂ

ਚੰਡੀਗੜ੍ਹ, 28 ਨਵੰਬਰ

ਵੱਖ ਵੱਖ ਉਮੀਦਵਾਰਾਂ ਦੇ ਸਮਰਥਕ ਸੈਕਟਰ 17 'ਚ ਡੀ.ਸੀ. ਦਫਤਰ ਦੇ ਬਾਹਰ ਨਾਅਰੇਬਾਜ਼ੀ ਕਰਦੇ ਹੋਏ (ਫੋਟੋ: ਪ੍ਰਦੀਪ ਤਿਵਾੜੀ)

ਅੱਜ ਨਗਰ ਨਿਗਮ ਚੰਡੀਗੜ੍ਹ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦੇ ਅਖੀਰਲੇ ਦਿਨ ਵੱਖ–ਵੱਖ ਸਿਆਸੀ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨੇ ਥੋਕ ਵਿੱਚ ਕਾਗਜ਼ ਭਰੇ ਤੇ ਨਿਗਮ ਚੋਣਾਂ ਲਈ ਕੁਲ੍ਹ 232 ਉਮੀਦਵਾਰਾਂ ਵੱਲੋਂ ਕਾਗਜ਼ ਭਰ ਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ ਹੈ। ਅੱਜ 164 ਉਮੀਦਵਾਰਾਂ ਨੇ ਕਾਗਜ਼ ਭਰੇ ਜਦਕਿ 69 ਵਿਅਕਤੀ ਪਹਿਲਾਂ ਕਾਗਜ਼ ਭਰ ਚੁੱਕੇ ਸਨ। ਸਭ ਤੋਂ ਵੱਧ ਵਾਰਡ ਨੰਬਰ 5 ਤੋਂ 18 ਤੇ ਸਭ ਤੋਂ ਘੱਟ ਵਾਰਡ ਨੰਬਰ 3 ਤੇ 15 ਤੋਂ 4-4 ਉਮੀਦਵਾਰਾਂ ਨੇ ਕਾਗਜ਼ ਭਰੇ।

ਅੱਜ ਚੁਫੇਰੇ ਢੋਲ–ਢਮੱਕੇ ਵੱਜਦੇ ਰਹੇ ਅਤੇ ਉਮੀਦਵਾਰ ਖੁੱਲ੍ਹੀਆਂ ਜੀਪਾਂ ਵਿੱਚ ਹਾਰਾਂ ਨਾਲ ਲੱਦੇ ਕਾਗਜ਼ ਭਰਨ ਲਈ ਚੋਣ ਅਧਿਕਾਰੀਆਂ ਦੇ ਦਫਤਰਾਂ ਵੱਲ ਜਥਿਆਂ ਦੇ ਰੂਪ 'ਚ ਪੁੱਜਦੇ ਰਹੇ। ਆਜ਼ਾਦ ਉਮੀਦਵਾਰਾਂ ਦੀ ਵੀ ਖੂਬ ਭਰਮਾਰ ਰਹੀ। ਦੱਸਣਯੋਗ ਹੈ ਕਿ ਨਿਗਮ ਦੀਆਂ ਚੋਣਾਂ 17 ਦਸੰਬਰ ਨੂੰ ਹੋ ਰਹੀਆਂ ਹਨ।

ਇਸ ਵਾਰ ਸਟੇਟ ਚੋਣ ਕਮਿਸ਼ਨ ਯੂ.ਟੀ. ਚੰਡੀਗੜ੍ਹ ਵੱਲੋਂ ਚੋਣਾਂ ਲਈ 7 ਚੋਣ ਅਧਿਕਾਰੀ ਨਿਯੁਕਤ ਕੀਤੇ ਹਨ। ਇਸ ਅਨੁਸਾਰ ਉਮੀਦਵਾਰ ਸੈਕਟਰ 9 ਸਥਿਤ ਡੀ.ਪੀ.ਆਈ. (ਸਕੂਲ) ਸੰਦੀਪ ਹੰਸ, ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸਕੱਤਰ ਐਮ.ਐਮ. ਭਾਰਦਵਾਜ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਯੋਗੇਸ਼ ਕੁਮਾਰ, ਸੈਕਟਰ 17 ਸਥਿਤ ਸਹਾਇਕ ਮਿਲਖ ਅਫਸਰ ਰਾਹੁਲ ਗੁਪਤਾ ਤੇ ਭੂਮੀ ਗ੍ਰਹਿਣ ਅਫਸਰ ਤਿਲਕ ਰਾਜ, ਸਨਅਤੀ ਖੇਤਰ ਫੇਜ਼–2 ਸਥਿਤ ਉਦਯੋਗ ਵਿਭਾਗ ਦੇ ਡਾਇਰੈਕਟਰ ਮਹਾਂਵੀਰ ਕੌਸ਼ਿਕ ਤੇ ਸੈਕਟਰ 10 ਸਥਿਤ ਡਾਇਰੈਕਟਰ ਮਿਊਜ਼ੀਅਮ ਜਸਵੀਰ ਕੌਰ ਦੇ ਦਫਤਰਾਂ ਵੱਲ ਜਥਿਆਂ ਦੇ ਰੂਪ 'ਚ ਪੁੱਜ ਕੇ ਕਾਗਜ਼ ਭਰਦੇ ਰਹੇ। ਪਿਛਲੇ ਸਮੇਂ ਕਾਂਗਰਸ ਤੋਂ ਬਾਗੀ ਹੋ ਕੇ ਅਕਾਲੀ ਦਲ 'ਚ ਸ਼ਾਮਲ ਹੋਏ ਜਗਜੀਤ ਸਿੰਘ ਕੰਗ ਤੇ ਉਨ੍ਹਾਂ ਦੀ ਪਤਨੀ ਇੰਦਰਜੀਤ ਕੌਰ ´ਮਵਾਰ ਵਾਰਡ ਨੰਬਰ 5 ਅਤੇ 8 ਤੋਂ ਕਾਗਜ਼ ਭਰਨ ਪੁੱਜੇ। ਦੱਸਣਯੋਗ ਹੈ ਕਿ ਅਕਾਲੀ ਦਲ ਹਾਈਕਮਾਂਡ ਨੇ ਇਨ੍ਹਾਂ ਪਤੀ–ਪਤਨੀ ਦੋਵਾਂ ਨੂੰ ਟਿਕਟਾਂ ਨਾਲ ਨਿਵਾਜਿਆ ਹੈ। ਉਂਜ ਜਨ ਮੰਚ ਨੇ ਵੀ ਵਾਰਡ ਨੰਬਰ 1 ਤੇ 2 ਤੋਂ ਪਤੀ-ਪਤਨੀ ਪਲਵੀ ਮੁਖਰਜੀ ਤੇ ਜੋਗਿੰਦਰ ਕੌਰ ਮੁਖਰਜੀ ਨੂੰ ਮੈਦਾਨ ਵਿਚ ਉਤਾਰਿਆ ਹੈ।

ਅੱਜ ਕਾਂਗਰਸ ਦੇ ਉਮੀਦਵਾਰ ਰਾਜ ਬਾਲਾ ਮਲਿਕ, ਅਨੂ ਚਤਰਥ, ਪ੍ਰਦੀਪ ਛਾਬੜਾ, ਪੂਨਮ ਸ਼ਰਮਾ, ਸੁਭਾਸ਼ ਚਾਵਲਾ, ਸੱਤ ਪ੍ਰਕਾਸ਼ ਅਗਰਵਾਲ, ਨੀਰੂ ਯਾਦਵ, ਦਰਸ਼ਨ ਕੁਮਾਰ ਗਰਗ, ਸ਼ੀਲਾ ਫੂਲ ਸਿੰਘ, ਹਰਫੂਲ ਚੰਦ ਕਲਿਆਣ, ਰਾਣਾ ਕਸ਼ਮੀਰੀ ਦੇਵੀ, ਚੰਦਰਮੁਖੀ ਸ਼ਰਮਾ, ਮੁਕੇਸ਼ ਬੱਸੀ, ਧਰਮਵੀਰ, ਸਤੀਸ਼ ਕੈਂਥ, ਇੰਦੂ ਸਿੰਗਲਾ, ਜਤਿੰਦਰ ਭਾਟੀਆ, ਅਨੀਤਾ ਤਿਵਾੜੀ, ਅਰਸ਼ਦ ਖਾਨ, ਕਮਲੇਸ਼, ਚਿਤਰੰਜਨ ਚੰਚਲ ਨੇ ਕਾਗਜ਼ ਭਰੇ।

ਦੂਸਰੇ ਪਾਸੇ ਵਾਰਡ ਨੰਬਰ 17 ਤੋਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 21 ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰ ਕੇ ਕਾਂਗਰਸ ਨੂੰ ਨਵੀਂ ਚੁਣੌਤੀ ਦੇ ਦਿੱਤੀ ਹੈ। ਉਧਰ ਕਾਂਗਰਸ ਤੋਂ ਬਾਗੀ ਹੋ ਕੇ ਇੰਟਕ ਚੰਡੀਗੜ੍ਹ ਦੇ ਪ੍ਰਧਾਨ ਕੁਲਬੀਰ ਸਿੰਘ ਨੇ ਆਪਣੇ ਭਾਰੀ ਸਮਰਥਕਾਂ ਸਮੇਤ ਕਾਗਜ਼ ਦਾਖਲ ਕਰ ਕੇ ਖੁੱਲ੍ਹੀ ਬਗਾਵਤ ਕਰ ਦਿੱਤੀ ਹੈ। ਭਾਜਪਾ ਵੱਲੋਂ ਵਾਰਡ ਨੰਬਰ 17 ਦੇ ਉਮੀਦਵਾਰ ਜਤਿੰਦਰਪਾਲ ਮਲਹੋਤਰਾ ਨੇ ਬੜੇ ਧੂਮ–ਧੜੱਕੇ ਨਾਲ ਕਾਗਜ਼ ਭਰੇ। ਇਸ ਤੋਂ ਇਲਾਵਾ ਭਾਜਪਾ ਦੇ ਉਮੀਦਵਾਰਾਂ ਸਤਿੰਦਰ ਧਵਨ, ਸੌਰਭ ਜੋਸ਼ੀ, ਅਰੁਣ ਗੋਇਲ, ਆਸ਼ਾ ਜਸਵਾਲ, ਰਾਜੇਸ਼ ਕਾਲੀਆ, ਅਰੁਣ ਸੂਦ, ਰੇਨੂ ਬਾਲਾ, ਰਾਮ ਲਾਲ, ਚੰਦਰਾਵਤੀ ਸ਼ੁਕਲਾ, ਰਾਜੇਸ਼ ਗੁਪਤਾ ਬਿੱਟੂ, ਸਤਿੰਦਰ ਸਿੰਘ, ਰਾਜ ਕਿਸ਼ੋਰ, ਹੀਰਾ ਨੇਗੀ, ਦਿਵੇਸ਼ ਮੋਦਗਿਲ, ਰਾਜ ਕੁਮਾਰੀ ਮਿਸ਼ਰਾ, ਰਾਜਿੰਦਰ ਕੌਰ ਰੱਤੂ, ਜਗਤਾਰ ਸਿੰਘ ਜੱਗਾ, ਅਨਿਲ ਦੂਬੇ ਤੇ ਦੇਸ ਰਾਜ ਗੁਪਤਾ ਨੇ ਆਪਣੇ ਕਾਗਜ਼ ਦਾਖਲ ਕੀਤੇ। ਅਕਾਲੀ ਦਲ ਵੱਲੋਂ ਬੀਬੀ ਹਰਜਿੰਦਰ ਕੌਰ ਨੇ ਆਪਣੇ ਪੁਰਾਣੇ ਵਾਰਡ ਨੰਬਰ 15 ਤੇ ਮਲਕੀਤ ਸਿੰਘ ਨੇ ਵਾਰਡ ਨੰਬਰ 10 ਤੋਂ ਕਾਗਜ਼ ਭਰੇ।

ਬਸਪਾ ਦੇ ਉਮੀਦਵਾਰ ਸੰਜੀਵ ਬੱਬਰ, ਅੰਜ਼ਿਮਾ, ਹਰਮੁਜ ਸਿੰਘ ਜੱਸਾ, ਕਰਨ ਸਿੰਘ, ਬਾਲਾ ਦੀਨ, ਕੰਵਲਜੀਤ ਸਿੰਘ ਮਾਨ, ਰਾਜ਼ੇਸ਼ ਸ਼ਾਰਦਾ ਅਤੇ ਨਰੇਸ਼ ਕੁਮਾਰ ਨੇ ਵੀ ਅੱਜ ਕਾਗਜ਼ ਭਰੇ। ਜਨ ਮੋਰਚਾ ਦੇ ਬੁਲਾਰੇ ਕ੍ਰਿਸ਼ਨ ਚੰਦਰ ਆਹੂਜਾ ਨੇ ਦੱਸਿਆ ਕਿ ਮੰਚ ਦੇ ਉਮੀਦਵਾਰਾਂ ਨੇ 18 ਵਾਰਡਾਂ ਤੋਂ ਕਾਗਜ਼ ਭਰੇ ਹਨ।

ਡੱਡੂਮਾਜਰੀਏ ਭਾਜਪਾ ਤੇ ਕਾਂਗਰਸ ਵਿਰੁੱਧ ਡਟੇ: ਇਨ੍ਹਾਂ ਚੋਣਾਂ ਦੌਰਾਨ ਪਿੰਡਾਂ ਦੇ ਪੰਜਾਬੀ ਵਸਨੀਕਾਂ ਨੂੰ ਕਾਂਗਰਸ ਤੇ ਭਾਜਪਾ ਦੋਵਾਂ ਪਾਰਟੀਆਂ ਵੱਲੋਂ ਅੱਖੋਂ–ਪਰੋਖੇ ਕਰਨ ਦੇ ਰੋਸ ਵਜੋਂ ਪਿੰਡ ਡੱਡੂਮਾਜਰਾ ਦੇ ਵਸਨੀਕਾਂ ਨੇ ਵੀ ਇਸ ਵਾਰ ਇਨ੍ਹਾਂ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਮਤਾ ਪਕਾ ਲਿਆ ਹੈ। ਅੱਜ ਪਿੰਡ ਦੇ ਵਸਨੀਕਾਂ ਨੇ ਆਜ਼ਾਦ ਸਪੋਰਟਸ ਕਲੱਬ ਡੱਡੂਮਾਜਰਾ ਦੇ ਪ੍ਰਧਾਨ ਰਵਿੰਦਰ ਸਿੰਘ ਦੇ ਆਜ਼ਾਦ ਉਮੀਦਵਾਰ ਵਜੋਂ ਵਾਰਡ ਨੰਬਰ 6 ਲਈ ਕਾਗਜ਼ ਭਰਵਾ ਕੇ ਦੋਸ਼ ਲਾਇਆ ਕਿ ਕਾਂਗਰਸ ਤੇ ਭਾਜਪਾ ਦੇ ਆਗੂ ਉਨ੍ਹਾਂ ਉਪਰ ਬਾਹਰੀ ਤੇ ਕਾਲੋਨੀ ਦੇ ਵਸਨੀਕਾਂ ਨੂੰ ਥੋਪ ਕੇ ਧੱਕੇਸ਼ਾਹੀ ਕਰ ਰਹੇ ਹਨ। ਪਿੰਡ ਦੇ ਸਾਬਕਾ ਸਰਪੰਚ ਤਰਸੇਮ ਪਾਲ ਰਾਣਾ, ਸਾਬਕਾ ਪੰਚ ਹਰਜੀਤ ਸਿੰਘ ਤੇ ਮੇਹਰ ਸਿੰਘ ਗੁੱਡੂ ਆਦਿ ਨੇ ਰਵਿੰਦਰ ਸਿੰਘ ਦੇ ਕਾਗਜ਼ ਭਰਵਾਏ। ਇਸ ਮੌਕੇ ਸਪੋਰਟਸ ਕਲੱਬ ਦੇ ਜਨਰਲ ਸਕੱਤਰ ਜਸਬੀਰ ਸਿੰਘ ਨੇ ਦੱਸਿਆ ਕਿ ਕਾਂਗਰਸ ਨੇ ਬਾਹਰੀ ਉਮੀਦਵਾਰ ਸੱਤ ਪ੍ਰਕਾਸ਼ ਅਗਰਵਾਲ ਤੇ ਭਾਜਪਾ ਨੇ ਡੱਡੂਮਾਜਰਾ ਕਾਲੋਨੀ ਦੇ ਰਿਜ਼ਰਵ ਵਰਗ ਨਾਲ ਸਬੰਧਤ ਰਾਜੇਸ਼ ਕਾਲੀਆ ਨੂੰ ਉਨ੍ਹਾਂ ਉਪਰ ਥੋਪ ਕੇ ਜੱਦੀ ਵਸਨੀਕਾਂ ਨਾਲ ਮਜ਼ਾਕ ਕੀਤਾ ਹੈ।


News From: http://www.7StarNews.com

No comments:

 
eXTReMe Tracker