Monday, November 28, 2011

ਕਨੀਮੋੜੀ ਤੇ ਚਾਰ ਹੋਰਾਂ ਦੀ ਜ਼ਮਾਨਤ ਮਨਜ਼ੂਰ

ਨਵੀਂ ਦਿੱਲੀ, 28 ਨਵੰਬਰ

ਡੀ.ਐਮ.ਕੇ. ਦੀ ਸੰਸਦ ਮੈਂਬਰ ਕਨੀਮੋੜੀ ਤੇ ਚਾਰ ਹੋਰਾਂ ਨੂੰ ਉੜਕ ਸੁੱਖ ਦਾ ਸਾਹ ਦਿਵਾਉਂਦਿਆਂ ਦਿੱਲੀ ਹਾਈ ਕੋਰਟ ਨੇ ਅੱਜ ਉਨ੍ਹਾਂ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ। 2ਜੀ ਸਪੈਕਟ੍ਰਮ ਘੁਟਾਲੇ 'ਚ ਛੇ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਤਿਹਾੜ ਜੇਲ੍ਹ 'ਚ ਬੰਦ ਇਨ੍ਹਾਂ ਸਭ ਨੂੰ ਅਦਾਲਤ ਨੇ ਉਨ੍ਹਾਂ ਪੰਜ ਹੋਰਾਂ ਦੇ ਬਰਾਬਰ ਰੱਖਿਆ ਹੈ, ਜਿਨ੍ਹਾਂ ਨੂੰ ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਸੀ।

ਜਸਟਿਸ ਵੀ.ਕੇ. ਸ਼ਾਲੀ ਨੇ ਕਿਹਾ ਕਿ ਉਹ ਇਨ੍ਹਾਂ ਪੰਜਾਂ ਦੀ ਜ਼ਮਾਨਤ ਮਨਜ਼ੂਰ ਕਰਦੇ ਹਨ ਤੇ ਇਨ੍ਹਾਂ 'ਤੇ ਵੀ ਸੁਪਰੀਮ ਕੋਰਟ ਵੱਲੋਂ ਜਾਰੀ ਸ਼ਰਤਾਂ ਹੀ ਲਾਗੂ ਹੋਣਗੀਆਂ। ਕਨੀਮੋੜੀ ਤੋਂ ਇਲਾਵਾ ਹੋਰ ਜਿਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ, ਉਨ੍ਹਾਂ 'ਚ ਕਲਾਇਗਨਰ ਟੀ.ਵੀ. ਦੇ ਐਮ.ਡੀ. ਸ਼ਰਦ ਕੁਮਾਰ, ਬਾਲੀਵੁੱਡ ਦੇ ਫ਼ਿਲਮਸਾਜ਼ ਕਰੀਮ ਮੋਰਾਨੀ ਤੇ ਕੁਸੇਗਾਓਂ ਫਰੂਟਜ਼ ਤੇ ਵੈਜੀਟੇਬਲਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਾਜੀਵ ਅਗਰਵਾਲ ਤੇ ਆਸਿਫ਼ ਬਲਵਾ ਹਨ।

ਛੇਵੇਂ ਮੁਲਜ਼ਮ ਸਾਬਕਾ ਟੈਲੀਕਾਮ ਸਕੱਤਰ ਸਿਧਾਰਥ ਬੇਹੁਰਾ ਦੀ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਇਹ ਕਹਿ ਕੇ ਆਪਣਾ ਫ਼ੈਸਲਾ ਰਾਖਵਾਂ ਰੱਖ ਲਿਆ ਕਿ ਇਸ ਬਾਰੇ ਬਾਅਦ 'ਚ ਨਿਰਣਾ ਲਿਆ ਜਾਵੇਗਾ, ਕਿਉਂਕਿ ਸੀ.ਬੀ.ਆਈ. ਵੱਲੋਂ ਇਸ ਜ਼ਮਾਨਤ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਸਟਿਸ ਸ਼ਾਲੀ ਨੇ ਬੇਹੁਰਾ ਦੇ ਵਕੀਲ; ਸੀਨੀਅਰ ਐਡਵੋਕੇਟ ਅਮਨ ਲੇਖੀ ਨੂੰ ਦੱਸਿਆ ਕਿ ਸੀ.ਬੀ.ਆਈ. ਵੱਲੋਂ ਪੇਸ਼ ਤੱਥਾਂ ਦੇ ਜਵਾਬ ਦਿੱਤੇ ਜਾਣ। ਇਸ ਤੋਂ ਪਹਿਲਾਂ ਦਿਨੇ ਐਡੀਸ਼ਨਲ ਸਾਲਿਸਿਟਰ ਜਨਰਲ ਮੋਹਨ ਪਰਾਸਰਨ ਨੇ ਕਿਹਾ ਕਿ ਜਾਂਚ ਏਜੰਸੀ ਬੇਹੁਰਾ ਨੂੰ ਛੱਡ ਕੇ ਹੋਰਾਂ ਦੀ ਜ਼ਮਾਨਤ ਦਾ ਵਿਰੋਧ ਨਹੀਂ ਕਰ ਰਹੀ ਹੈ, ਸੋ ਉਨ੍ਹਾਂ ਨੂੰ ਜ਼ਮਾਨਤ 'ਤੇ ਛੱਡਿਆ ਜਾ ਸਕਦਾ ਹੈ, ਕਿਉਂਕਿ ਇਸ ਤੋਂ ਪਹਿਲਾਂ ਇਸੇ ਕੇਸ 'ਚ ਪੰਜ ਹੋਰ ਸਹਿ-ਮੁਲਜ਼ਮਾਂ ਨੂੰ ਇਹੀ ਲਾਭ ਦਿੰਦਿਆਂ ਸੁਪਰੀਮ ਕੋਰਟ ਜ਼ਮਾਨਤ ਦੇ ਚੁੱਕੀ ਹੈ।

ਐਡੀਸ਼ਨਲ ਸਾਲਿਸਿਟਰ ਜਨਰਲ (ਏ.ਐਸ.ਜੀ.) ਨੇ ਬੇਹੁਰਾ ਦੀ ਜ਼ਮਾਨਤ ਦੀ ਅਰਜ਼ੀ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਜਨਤਕ ਸੇਵਕਾਂ ਲਈ ਸਖ਼ਤ ਜਾਂਚ ਅਮਲ ਦੀ ਲੋੜ ਹੁੰਦੀ ਹੈ, ਕਿਉਂਕਿ ਉਹ ਜਨਤਕ ਸਰਮਾਏ ਤੇ ਸੰਪਤੀ ਦੇ ਟਰੱਸਟੀ ਹੁੰਦੇ ਹਨ।

ਸੁਪਰੀਮ ਕੋਰਟ ਵੱਲੋਂ ਪੰਜ ਕਾਰਪੋਰੇਟ ਕਾਰਜਕਾਰੀਆਂ—ਯੂਨੀਟੈਕ ਲਿਮਟਿਡ ਦੇ ਐਮ.ਡੀ. ਸੰਜੇ ਚੰਦਰ, ਸਵਾਨ ਟੈਲੀਕਾਮ ਦੇ ਡਾਇਰੈਕਟਰ ਵਿਨੋਦ ਗੋਇਨਕਾ ਤੇ ਰਿਲਾਇੰਸ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਕਾਰਜਕਾਰੀ ਗੌਤਮ ਦੋਸ਼ੀ, ਹਰੀ ਨਾਇਰ ਤੇ ਸੁਰਿੰਦਰ ਪਿਪਾਰਾ ਦੀਆਂ ਜ਼ਮਾਨਤਾਂ ਮਨਜ਼ੂਰ ਕੀਤੇ ਜਾਣ ਤੋਂ ਫੌਰੀ ਮਗਰੋਂ ਕਨੀਮੋੜੀ ਤੇ ਪੰਜ ਹੋਰ 23 ਨਵੰਬਰ ਨੂੰ ਇਹ ਦਲੀਲ ਲੈ ਕੇ ਹਾਈ ਕੋਰਟ ਪੁੱਜੇ ਸਨ ਕਿ ਉਨ੍ਹਾਂ ਦੀਆਂ ਜ਼ਮਾਨਤ ਦੀਆਂ ਅਰਜ਼ੀਆਂ 'ਤੇ ਸੁਣਵਾਈ ਅਗਾਊਂ ਕੀਤੀ ਜਾਵੇ। ਸੁਪਰੀਮ ਕੋਰਟ ਵੱਲੋਂ ਤੈਅ ਸ਼ਰਤਾਂ ਅਨੁਸਾਰ ਇਹ ਸਾਰੇ ਆਪਣੇ ਪਾਸਪੋਰਟ ਅਦਾਲਤ ਕੋਲ ਜਮ੍ਹਾਂ ਕਰਵਾਉਣਗੇ ਤੇ ਹਰੇਕ ਸੁਣਵਾਈ ਮੌਕੇ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਹਾਜ਼ਰ ਹੋਣਗੇ ਤੇ ਗ਼ੈਰਹਾਜ਼ਰੀ ਲਈ ਵਿਸ਼ੇਸ਼ ਪ੍ਰਵਾਨਗੀ ਲੈਣਗੇ।

ਡੀ.ਐਮ.ਕੇ. ਨੇ ਅੱਜ ਦਿੱਲੀ ਹਾਈ ਕੋਰਟ ਦੇ ਪਾਰਟੀ ਦੀ ਸੰਸਦ ਮੈਂਬਰ ਕਨੀਮੋੜੀ ਦੀ ਜ਼ਮਾਨਤ ਮਨਜ਼ੂਰ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਪਰਿਵਾਰ ਲਈ ਵੱਡੀ ਰਾਹਤ ਹੈ। ਪਾਰਟੀ ਆਗੂ ਟੀ.ਆਰ. ਬਾਲੂ ਨੇ ਕਿਹਾ ਕਿ ਉਹ ਕਨੀਮੋੜੀ ਤੇ ਚਾਰ ਹੋਰਾਂ ਦੀ ਜ਼ਮਾਨਤ ਹੋਣ 'ਤੇ ਬੇਹੱਦ ਖੁਸ਼ ਹਨ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰ ਦੇ ਮਾਪਿਆਂ ਤੇ ਨੇੜਲਿਆਂ ਲਈ ਇਹ ਬੜੀ ਵੱਡੀ ਤੇ ਖੁਸ਼ੀ ਦੀ ਗੱਲ ਹੈ।


News From: http://www.7StarNews.com

No comments:

 
eXTReMe Tracker