Monday, November 28, 2011

ਵਿਦੇਸ਼ੀ ਨਿਵੇਸ਼ ਬਾਰੇ ਸਰਬ ਪਾਰਟੀ ਮੀਟਿੰਗ ਅੱਜ

ਨਵੀਂ ਦਿੱਲੀ, 28 ਨਵੰਬਰ

ਸੰਸਦ ਦੇ ਸਰਦ ਰੁੱਤ ਦੇ ਸੈਸ਼ਨ 'ਚ ਅੱਜ ਪੰਜਵੇਂ ਦਿਨ ਵੀ ਕੋਈ ਕੰਮਕਾਰ ਨਹੀਂ ਹੋ ਸਕਿਆ। ਵੱਖ-ਵੱਖ ਮੁੱਦਿਆਂ ਦੇ ਨਾਲ ਮੁੱਖ ਰੂਪ 'ਚ ਪਰਚੂਨ ਖੇਤਰ 'ਚ ਵਿਦੇਸ਼ੀ ਹਿੱਸੇਦਾਰੀ ਦੀ ਆਗਿਆ ਦਿੱਤੇ ਜਾਣ ਕਾਰਨ ਸੰਸਦ 'ਚ ਕੋਈ ਕੰਮ ਨਹੀਂ ਹੋ ਰਿਹਾ। ਹੁਣ ਇਹ ਖੜੋਤ ਤੋੜਨ ਦੇ ਰਾਹ ਲੱਭਣ ਲਈ ਭਲਕੇ ਸਵੇਰੇ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਹੈ।

ਅੱਜ ਬਹੁਤੀਆਂ ਪਾਰਟੀਆਂ ਨੇ ਪਰਚੂਨ ਸੈਕਟਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਆਗਿਆ ਦਿੱਤੇ ਜਾਣ 'ਤੇ ਸਰਕਾਰ ਨੂੰ ਘੇਰੀ ਰੱਖਿਆ। ਇਸ ਤੋਂ ਉਪਜੇ ਰੇੜਕੇ ਕਾਰਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕੀਤੀ ਤੇ ਮਗਰੋਂ ਸ਼ਾਮੀਂ ਸੀਨੀਅਰ ਮੰਤਰੀਆਂ ਪ੍ਰਣਬ ਮੁਖਰਜੀ, ਪੀ. ਚਿਦੰਬਰਮ, ਏ.ਕੇ. ਐਂਟਨੀ ਤੇ ਵਣਜ ਮੰਤਰੀ ਆਨੰਦ ਸ਼ਰਮਾ ਨਾਲ ਮੀਟਿੰਗ ਕਰਕੇ ਸਰਕਾਰ ਦੀ ਭਲਕ ਦੀ ਰਣਨੀਤੀ 'ਤੇ ਗੱਲਬਾਤ ਕੀਤੀ।

ਸਰਕਾਰੀ ਸੂਤਰਾਂ ਅਨੁਸਾਰ ਲੋਕ ਸਭਾ 'ਚ ਸਦਨ ਦੇ ਆਗੂ ਪ੍ਰਣਬ ਮੁਖਰਜੀ ਵੱਲੋਂ ਇਹ ਮੀਟਿੰਗ ਬੁਲਾਈ ਗਈ ਹੈ, ਜਿਸ 'ਚ ਉਨ੍ਹਾਂ ਸਾਰੀਆਂ ਪਾਰਟੀਆਂ ਦੇ ਸਦਨ 'ਚ ਆਗੂ ਸ਼ਾਮਲ ਹੋਣਗੇ, ਜਿਨ੍ਹਾਂ ਦੇ ਚਾਰ ਜਾਂ ਇਸ ਤੋਂ ਵੱਧ ਮੈਂਬਰ ਹਨ।

ਸਵੇਰੇ 9.30 ਵਜੇ ਹੋਣ ਵਾਲੀ ਇਸ ਮੀਟਿੰਗ 'ਚ ਪਰਚੂਨ ਖੇਤਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਮਾਮਲਾ ਮੁੱਖ ਰੂਪ 'ਚ ਵਿਚਾਰਿਆ ਜਾਵੇਗਾ, ਜਿਸ ਦਾ ਨਾ ਕੇਵਲ ਵਿਰੋਧੀ ਧਿਰ ਹੀ ਬਲਕਿ ਸਰਕਾਰ 'ਚ ਭਾਈਵਾਲ ਪਾਰਟੀਆਂ ਵੀ ਵਿਰੋਧ ਕਰ ਰਹੀਆਂ ਹਨ। ਪਾਰਲੀਮਾਨੀ ਮਾਮਲਿਆਂ ਸਬੰਧੀ ਰਾਜ ਮੰਤਰੀ ਹਰੀਸ਼ ਰਾਵਤ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੌਕੇ ਸਰਦ ਰੁੱਤ ਸੈਸ਼ਨ ਦੇ ਏਜੰਡੇ 'ਚ ਸ਼ਾਮਲ ਹੋਰ ਮਾਮਲਿਆਂ 'ਤੇ ਵੀ ਗੱਲਬਾਤ ਕੀਤੀ ਜਾਵੇਗੀ, ਜਿਸ 'ਚ ਬਕਾਇਆ ਪਏ ਬਿੱਲ ਵੀ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਪਿਛਲੇ ਪੰਜ ਦਿਨਾਂ ਤੋਂ ਸੰਸਦ 'ਚ ਕੋਈ ਕੰਮ ਨਹੀਂ ਹੋ ਸਕਿਆ।

ਵਿਰੋਧੀ ਧਿਰ ਭਾਜਪਾ ਤੇ ਇਹਦੀਆਂ ਭਾਈਵਾਲ ਪਾਰਟੀਆਂ ਸਮੇਤ ਖੱਬੀਆਂ ਪਾਰਟੀਆਂ, ਏ.ਆਈ.ਏ. ਡੀ.ਐਮ.ਕੇ. ਤੋਂ ਇਲਾਵਾ ਬਾਹਰੋਂ ਸਰਕਾਰ ਨੂੰ ਸਮਰਥਨ ਦੇ ਰਹੀਆਂ ਬਸਪਾ ਤੇ ਸਮਾਜਵਾਦੀ ਤੇ ਭਾਈਵਾਲ ਜਿਵੇਂ ਤ੍ਰਿਣਮੂਲ ਕਾਂਗਰਸ ਤੇ ਡੀ.ਐਮ.ਕੇ. ਇਹ ਫੈਸਲਾ ਫੌਰੀ ਵਾਪਸ ਲਏ ਜਾਣ ਦੀ ਮੰਗ ਕਰ ਰਹੀਆਂ ਹਨ।

ਭਾਜਪਾ ਸਪਸ਼ਟ ਕਰ ਚੁੱਕੀ ਹੈ ਕਿ ਜਦੋਂ ਤੱਕ ਸਿੱਧੇ ਵਿਦੇਸ਼ੀ ਨਿਵੇਸ਼ ਦਾ ਫੈਸਲਾ ਵਾਪਸ ਨਹੀਂ ਲਿਆ ਜਾਂਦਾ, ਸੰਸਦ ਦਾ ਕੰਮ ਨਹੀਂ ਚੱਲਣ ਦਿੱਤਾ ਜਾਵੇਗਾ। ਲੋਕ ਸਭਾ 'ਚ ਵਿਰੋਧੀ ਧਿਰ ਦੀ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੇਕਰ ਸਰਕਾਰ ਅੱਜ ਰਾਤ ਨੂੰ ਹੀ ਇਹ ਫੈਸਲਾ ਵਾਪਸ ਲੈਣ ਦਾ ਐਲਾਨ ਕਰਦੀ ਹੈ ਤਾਂ ਫਿਰ ਸਰਬ ਪਾਰਟੀ ਮੀਟਿੰਗ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਇਸ ਮਗਰੋਂ ਸੰਸਦ 'ਚ ਪਹਿਲਾਂ ਤੈਅ ਪ੍ਰੋਗਰਾਮ ਅਨੁਸਾਰ ਮਹਿੰਗਾਈ ਅਤੇ ਕਾਲੇ ਧਨ ਸਬੰਧੀ ਚਰਚਾ ਹੋ ਸਕਦੀ ਹੈ। ਸਰਕਾਰ ਵਿਚਲੇ ਸੂਤਰਾਂ ਅਨੁਸਾਰ ਇਹ ਫੈਸਲਾ ਵਾਪਸ ਲਏ ਜਾਣ ਦੀ ਸੰਭਾਵਨਾ ਨਹੀਂ ਹੈ। ਪ੍ਰਧਾਨ ਮੰਤਰੀ ਨੇ ਇਸ ਜਮੂਦ ਬਾਰੇ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨਾਲ ਵੀ ਮੀਟਿੰਗ ਕੀਤੀ, ਜੋ 40 ਮਿੰਟ ਚੱਲੀ। ਜ਼ਿਕਰਯੋਗ ਹੈ ਕਿ ਕਾਂਗਰਸ ਮਗਰੋਂ 18 ਸੰਸਦ ਮੈਂਬਰਾਂ ਵਾਲੀਆਂ ਵੱਡੀਆਂ ਪਾਰਟੀਆਂ ਡੀ.ਐਮ.ਕੇ. ਤੇ ਤ੍ਰਿਣਮੂਲ ਕਾਂਗਰਸ ਵੀ ਇਹ ਫੈਸਲਾ ਫੌਰੀ ਵਾਪਸ ਲਏ ਜਾਣ ਦੀ ਮੰਗ ਕਰ ਰਹੀਆਂ ਹਨ। ਵਿਰੋਧੀ ਧਿਰ ਦੀ ਕਮਾਲ ਦੀ ਇਕਜੁੱਟਤਾ ਨੇ ਸਰਕਾਰ ਨੂੰ ਸੰਸੇ 'ਚ ਪਾ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੀਟਿੰਗ ਕਰਕੇ ਇਸ ਮਸਲੇ ਬਾਰੇ ਵਿਚਾਰ-ਚਰਚਾ ਕੀਤੀ। ਉਹ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਵੀ ਮਿਲੇ ਤੇ ਮਗਰੋਂ ਸੀਨੀਅਰ ਮੰਤਰੀਆਂ ਪ੍ਰਣਬ ਮੁਖਰਜੀ, ਚਿਦੰਬਰਮ, ਐਂਟਨੀ, ਆਨੰਦ ਸ਼ਰਮਾ ਤੇ ਹੋਰਾਂ ਨਾਲ ਮੀਟਿੰਗ ਕੀਤੀ।

ਪਹਿਲਾਂ ਆਸਾਰ ਸਨ ਕਿ ਸਰਕਾਰ ਸੰਸਦ ਚਲਾਉਣ ਖਾਤਰ ਘੱਟੋ-ਘੱਟ ਹਾਲ ਦੀ ਘੜੀ ਇਹ ਫੈਸਲਾ ਰੋਕ ਲਏਗੀ, ਪਰ ਪਾਰਲੀਮਾਨੀ ਮਾਮਲਿਆਂ ਦੇ ਮੰਤਰੀ ਪੀ.ਕੇ. ਬਾਂਸਲ ਨੇ ਦੱਸਿਆ ਕਿ ਸਰਕਾਰ ਇਸ ਗੱਲੋਂ ਪੂਰੀ ਤਰ੍ਹਾਂ ਤਸੱਲੀ 'ਚ ਹੈ ਕਿ ਸਿੱਧੇ ਵਿਦੇਸ਼ੀ ਨਿਵੇਸ਼ ਬਾਰੇ ਫੈਸਲਾ ਵੱਡੇ ਕੌਮੀ ਹਿੱਤਾਂ 'ਚ ਹੈ ਤੇ ਇਸ ਤੋਂ ਸਮਾਜ ਦੇ ਹਰੇਕ ਵਰਗ ਨੂੰ ਲਾਭ ਪੁੱਜੇਗਾ। ਭਲਕ ਦੀ ਮੀਟਿੰਗ 'ਚ ਵਿਰੋਧੀ ਧਿਰ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇਗਾ ਤੇ ਪੰਜ ਦਿਨਾਂ ਤੋਂ ਸੰਸਦ ਦੇ ਕੰਮਕਾਜ 'ਚ ਆਈ ਖੜੋਤ ਤੋੜਨ ਦੇ ਯਤਨ ਕੀਤੇ ਜਾਣਗੇ।

ਇਸ ਦੌਰਾਨ ਅੱਜ ਵੀ ਸਿੱਧੇ ਵਿਦੇਸ਼ੀ ਨਿਵੇਸ਼ ਦੇ ਫੈਸਲੇ ਦੇ ਵਿਰੋਧ 'ਚ ਵਿਰੋਧੀ ਧਿਰਾਂ ਨੇ ਸੰਸਦ ਦਾ ਕੰਮਕਾਜ ਨਹੀਂ ਚੱਲਣ ਦਿੱਤਾ। ਉਹ ਸਖ਼ਤ ਸੁਰ 'ਚ ਇਹ ਫੈਸਲਾ ਫੌਰੀ ਵਾਪਸ ਲਏ ਜਾਣ ਲਈ ਬਜ਼ਿੱਦ ਹਨ।

ਲੋਕ ਸਭਾ ਤੇ ਰਾਜ ਸਭਾ 'ਚ ਅੱਜ ਕੋਈ ਕੰਮਕਾਰ ਨਹੀਂ ਹੋਇਆ, ਜਿਸ ਕਰਕੇ ਦੋਵੇਂ ਸਦਨ ਭਲਕ ਤੱਕ ਉੱਠਾ ਦਿੱਤੇ ਗਏ। ਲੋਕ ਸਭਾ 'ਚ ਸਰਕਾਰ ਦੀ ਭਾਈਵਾਲ ਪਾਰਟੀ ਤ੍ਰਿਣਮੂਲ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਮੈਂਬਰ ਸਦਨ ਦੇ ਵਿਚਾਲੇ ਜਾ ਕੇ ਰੌਲਾ ਪਾਉਂਦੇ ਰਹੇ। ਖੱਬੀਆਂ ਪਾਰਟੀਆਂ ਵੀ ਇਹੋ ਕੁਝ ਕਰ ਰਹੀਆਂ ਸਨ। ਭਾਜਪਾ ਮੈਂਬਰਾਂ ਨੇ ਇਸ ਮੁੱਦੇ 'ਤੇ ਪੋਸਟਰ ਦਿਖਾਏ।

ਰਾਜ ਸਭਾ 'ਚ ਵੀ ਇਹੋ ਹਾਲ ਸੀ। ਕੇਰਲਾ ਦੇ ਮੈਂਬਰਾਂ ਮੁਲਾਪੇਰਿਆਰ ਡੈਮ ਤੇ ਤਿਲੰਗਾਨਾ ਦੇ ਮੈਂਬਰ ਵੱਖਰੇ ਸੂਬੇ ਦੀ ਮੰਗ ਨੂੰ ਲੈ ਕੇ ਰੌਲਾ ਪਾ ਰਹੇ ਸਨ। ਇਹ ਰੌਲਾ-ਰੱਪਾ ਜਾਰੀ ਰਿਹਾ, ਹਾਲਾਂਕਿ ਡਿਪਟੀ ਸਪੀਕਰ ਕਰੀਆ ਮੁੰਡਾ ਨੇ ਲੋਕ ਸਭਾ ਨੂੰ ਦੱਸਿਆ ਕਿ ਐਫ.ਡੀ.ਆਈ. 'ਤੇ ਸਾਰੇ ਕੰਮ ਰੋਕੂ ਸਪੀਕਰ ਦੇ ਵਿਚਾਰ ਅਧੀਨ ਹੈ। ਉਹ ਹੀ ਇਨ੍ਹਾਂ ਸਬੰਧੀ ਫੈਸਲਾ ਕਰਨਗੇ। ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਤੇ ਸੀ.ਪੀ.ਐਮ. ਦੇ ਬਾਸੂਦੇਵ ਅਚਾਰੀਆ ਨੇ ਇਸ ਮੁੱਦੇ 'ਤੇ ਹੇਠਲੇ ਸਦਨ 'ਚ ਕੰਮ ਰੋਕੂ ਮਤੇ ਦਿੱਤੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹੋਰ ਪਾਰਟੀਆਂ ਐਫ.ਡੀ.ਆਈ. ਦਾ ਵਿਰੋਧ ਕਰ ਰਹੀਆਂ ਹਨ।

ਇਸੇ ਤਰ੍ਹਾਂ ਰਾਜ ਸਭਾ 'ਚ ਡਿਪਟੀ ਚੇਅਰਮੈਨ ਕੇ. ਰਹਿਮਾਨ ਖਾਨ ਦੇ ਬੈਠਦਿਆਂ ਸਾਰ ਬਸਪਾ ਮੈਂਬਰ, ਐਫ. ਡੀ.ਆਈ. ਵਿਰੁੱਧ ਰੌਲਾ ਪਾਉਣ ਲੱਗੇ। ਹੋਰ ਪਾਰਟੀਆਂ ਦੇ ਮੈਂਬਰ ਉਨ੍ਹਾਂ ਨਾਲ ਚਲੇ ਗਏ। ਰੌਲੇ-ਰੱਪੇ 'ਚ ਖਾਨ ਨੇ ਦਿਨ ਭਰ ਲਈ ਸਦਨ ਉੱਠਾ ਦਿੱਤਾ।


News From: http://www.7StarNews.com

No comments:

 
eXTReMe Tracker