Friday, November 25, 2011

ਰੈਜੀਮੈਂਟਾਂ ਨੂੰ ਕਲਰ ਪ੍ਰਦਾਨ ਕਰਨ ਦੇ ਸਮਾਗਮ ’ਤੇ ਨੀਲਾ ਤਾਰਾ ਦਾ ਪਰਛਾਵਾਂ

ਪਟਿਆਲਾ, 24 ਨਵੰਬਰ

ਰਾਸ਼ਟਰਪਤੀ ਪ੍ਰਤਿਭਾ ਪਾਟਿਲ ਦੀ ਪਟਿਆਲਾ ਫੇਰੀ ਮੌਕੇ ਹੋਣ ਵਾਲੇ ਸਮਾਗਮ ਲਈ ਬਲੈਕ ਐਲੀਫੈਂਟ ਡਿਵੀਜ਼ਨ ਵਲੋਂ ਕੀਤੀ ਜਾ ਰਹੀ ਰਿਹਰਸਲ (ਫੋਟੋ: ਮਨੋਜ ਮਹਾਜਨ)

ਰਾਸ਼ਟਰਪਤੀ ਪ੍ਰਤਿਭਾ ਦੇਵੀਸਿੰਘ ਪਾਟਿਲ 27 ਨਵੰਬਰ ਨੂੰ ਇੱਥੇ ਭਾਰਤੀ ਥਲ ਸੈਨਾ ਦੀਆਂ ਪੰਜ ਆਰਮਰਡ ਰੈਜੀਮੈਂਟਾਂ ਨੂੰ ਕਲਰ (ਸਟੈਂਡਰਡਜ਼) ਪ੍ਰਦਾਨ ਕਰਨ ਆ ਰਹੇ ਹਨ। ਇਨ੍ਹਾਂ ਰੈਜੀਮੈਂਟਾਂ ਵਿੱਚੋਂ ਇਕ ਦੀ 1984 ਦੇ ਅਪਰੇਸ਼ਨ ਨੀਲਾ ਤਾਰਾ ਵਿਚ ਸ਼ਮੂਲੀਅਤ ਨੇ ਹੁਣ ਇਸ ਸਮਾਗਮ ਸਬੰਧੀ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਥਲ ਸੈਨਾ ਦੇ ਸਥਾਨਕ ਅਧਿਕਾਰੀਆਂ ਨੇ ਇਕ ਰੈਜੀਮੈਂਟ ਨਾਲ ਜੁੜੇ ਉਪਰੋਕਤ ਤੱਥ ਨੂੰ ਬਿਲਕੁਲ ਗੁਪਤ ਰੱਖਿਆ ਅਤੇ ਅੱਜ ਹੋਏ ਅਭਿਆਸ ਮਗਰੋਂ ਜਦੋਂ ਇਸ ਰੈਜੀਮੈਂਟ ਦੇ ਕਮਾਂਡਿੰਗ ਅਫਸਰ ਨੇ ਵੀ ਰੈਜੀਮੈਂਟ ਦੇ ਨੀਲਾ ਤਾਰਾ ਅਪਰੇਸ਼ਨ ਨਾਲ ਸਬੰਧ ਨੂੰ ਨਕਾਰਿਆ, ਪਰ ਜਦੋਂ ਸਨਮਾਨੀਆਂ ਜਾਣ ਵਾਲੀਆਂ ਪੰਜਾਂ ਰੈਜੀਮੈਂਟਾਂ ਦੀਆਂ ਪ੍ਰਾਪਤੀਆਂ ਦੇ ਵੇਰਵੇ ਮੰਗੇ ਗਏ ਤਾਂ ਉਨ੍ਹਾਂ ਵਿਚ ਇਕ ਰੈਜੀਮੈਂਟ ਦੀਆਂ ਪ੍ਰਾਪਤੀਆਂ ਵਿਚ ਨੀਲਾ ਤਾਰਾ ਅਪਰੇਸ਼ਨ ਦਾ ਜ਼ਿਕਰ ਸੀ।

ਰਾਸ਼ਟਰਪਤੀ ਦੀ ਸ਼ਮੂਲੀਅਤ ਵਾਲੇ ਅਜਿਹੇ ਸਮਾਗਮਾਂ ਵਿਚ ਸਬੰਧਤ ਰਾਜ ਦੇ ਮੁੱਖ ਮੰਤਰੀ ਦੀ ਸ਼ਮੂਲੀਅਤ ਪ੍ਰੋਟੋਕੋਲ ਦੀ ਜ਼ਰੂਰਤ ਮੰਨੀ ਜਾਂਦੀ ਹੈ ਪਰ ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 27 ਨਵੰਬਰ ਵਾਲੇ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੇ ਉਸ ਦਿਨ ਸਾਹਨੇਵਾਲ ਤੇ ਗੁਰਦਾਸਪੁਰ ਵਿਚ ਰੱਖੇ ਸਿਆਸੀ ਸਮਾਗਮਾਂ 'ਚ ਸ਼ਾਮਲ ਹੋਣ ਦਾ ਪ੍ਰੋਗਰਾਮ ਮਿੱਥਿਆ ਹੋਇਆ ਹੈ। ਸਮਝਿਆ ਜਾਂਦਾ ਹੈ ਕਿ ਮੁੱਖ ਮੰਤਰੀ ਨੇ ਇਹ ਫੈਸਲਾ ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਲਿਆ ਹੈ। ਮੁੱਖ ਮੰਤਰੀ ਦੀ ਥਾਂ ਪੰਜਾਬ ਸਰਕਾਰ ਦੀ ਨੁਮਾਇੰਦਗੀ ਸਥਾਨਕ ਸਵੈ-ਸ਼ਾਸਨ ਅਤੇ ਸਨਅਤਾਂ ਬਾਰੇ ਮੰਤਰੀ ਤੀਕਸ਼ਣ ਸੂਦ ਕਰਨਗੇ।

ਇਸੇ ਦੌਰਾਨ ਅੱਜ ਰਾਸ਼ਟਰਪਤੀ ਦੀ ਆਮਦ ਦੇ ਸਬੰਧ ਵਿਚ ਮਿਲਟਰੀ ਏਰੀਆ ਵਿਖੇ ਰਿਹਰਸਲ ਹੋਈ ਜਿਸ ਵਿਚ ਪੰਜ ਰੈਜੀਮੈਂਟਾਂ ਦੇ ਜਵਾਨਾਂ ਨੇ 132 ਟੈਂਕਾਂ ਅਤੇ ਹੋਰ ਬਖ਼ਤਰਬੰਦ ਗੱਡੀਆਂ ਸਮੇਤ ਹਿੱਸਾ ਲਿਆ। ਰਿਹਰਸਲ ਦੌਰਾਨ ਖੜਗ ਕੌਰ ਦੇ ਜਨਰਲ ਆਫੀਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਅਮਰਜੀਤ ਸਿੰਘ ਚੱਬੇਵਾਲ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ 27 ਨਵੰਬਰ ਨੂੰ ਹੋਣ ਵਾਲੀਆਂ ਸਾਰੀਆਂ ਫੌਜੀ ਰਸਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਹ ਰੈਜੀਮੈਂਟਾਂ ਹਨ: 70 ਆਰਮਰਡ ਰੈਜੀਮੈਂਟ, 73 ਆਰਮਰਡ ਰੈਜੀਮੈਂਟ, 74 ਆਰਮਰਡ ਰੈਜੀਮੈਂਟ, 6 ਲਾਂਸਰਜ਼ ਅਤੇ 5 ਆਰਮਰਡ ਰੈਜੀਮੈਂਟ।


News From: http://www.7StarNews.com

No comments:

 
eXTReMe Tracker