Friday, November 25, 2011

ਨੌਜਵਾਨ ਵੱਲੋਂ ਸ਼ਰਦ ਪਵਾਰ ’ਤੇ ਹਮਲਾ

ਨਵੀਂ ਦਿੱਲੀ, 24 ਨਵੰਬਰ

ਖੇਤੀ ਮੰਤਰੀ ਸ਼ਰਦ ਪਵਾਰ 'ਤੇ ਅੱਜ ਇਕ ਨੌਜਵਾਨ ਨੇ ਹਮਲਾ ਕਰ ਦਿੱਤਾ। ਹਮਲਾਵਰ ਦਾ ਕਹਿਣਾ ਸੀ ਕਿ ਉਹਨੇ ਮਹਿੰਗਾਈ ਤੇ ਭ੍ਰਿਸ਼ਟਾਚਾਰ ਤੋਂ ਅੱਕੇ ਹੋਏ ਨੇ ਅਜਿਹੀ ਕਾਰਵਾਈ ਕੀਤੀ ਹੈ ਜਦਕਿ ਕਾਂਗਰਸ ਪਾਰਟੀ ਨੇ ਇਹਦੇ ਲਈ ਭਾਜਪਾ ਦੇ ਬਿਆਨ ਨੂੰ ਜ਼ਿੰਮੇਵਾਰ ਦੱਸਿਆ ਹੈ। ਸੁਖਰਾਮ 'ਤੇ ਵੀ ਇਸੇ ਵਿਅਕਤੀ ਨੇ ਹਮਲਾ ਕੀਤਾ ਸੀ। ਦਿੱਲੀ ਦਾ ਰਹਿਣ ਵਾਲਾ ਹਰਵਿੰਦਰ ਸਿੰਘ ਨਾਮ ਦਾ ਇਹ ਨੌਜਵਾਨ ਕਿੱਤੇ ਵਜੋਂ ਟਰਾਂਸਪੋਰਟਰ ਹੈ ਤੇ ਉਮਰ ਦੇ 30ਵਿਆਂ 'ਚ ਹੈ। ਸ਼ਨਿਚਰਵਾਰ ਨੂੰ ਇਸੇ ਹਰਵਿੰਦਰ ਸਿੰਘ ਨੇ ਸਾਬਕਾ ਟੈਲੀਕਾਮ ਮੰਤਰੀ ਸੁਖਰਾਮ 'ਤੇ ਅਦਾਲਤ ਦੇ ਬਾਹਰ ਹਮਲਾ ਕੀਤਾ ਸੀ, ਜਦੋਂ ਭ੍ਰਿਸ਼ਟਾਚਾਰ ਦੇ ਕੇਸ 'ਚ ਉਹਨੂੰ ਸਜ਼ਾ ਸੁਣਾਈ ਗਈ ਸੀ।

71 ਸਾਲਾ ਪਵਾਰ ਸੰਸਦ ਮਾਰਗ 'ਤੇ ਇਕ ਆਡੀਟੋਰੀਅਮ 'ਚ ਇਕ ਸਾਹਿਤਕ ਸਮਾਗਮ 'ਚ ਸ਼ਾਮਲ ਹੋਣ ਲਈ ਪੁੱਜੇ ਹੋਏ ਸਨ। ਅਚਾਨਕ ਹੀ ਹਰਵਿੰਦਰ ਸਿੰਘ ਨੇ ਉਨ੍ਹਾਂ ਦੇ ਜ਼ੋਰਦਾਰ ਥੱਪੜ ਮਾਰ ਦਿੱਤਾ। ਪਵਾਰ ਜਿਨ੍ਹਾਂ ਦੇ ਨਾਲ ਮਾਮੂਲੀ ਜਿਹੀ ਸੁਰੱਖਿਆ ਸੀ, ਇਕ ਵਾਰ ਤਾਂ ਇਸ ਚਪੇੜ ਨਾਲ ਲੜਖੜਾ ਗਏ ਪਰ ਜਲਦੀ ਹੀ ਸੰਭਲ ਗਏ ਤੇ ਆਡੀਟੋਰੀਅਮ ਦੇ ਬਾਹਰ ਜਾ ਕੇ ਆਪਣੀ ਕਾਰ 'ਚ ਬੈਠ ਗਏ। ਪ੍ਰਾਈਵੇਟ ਸੁਰੱਖਿਆ ਗਾਰਡਾਂ ਨੇ ਫੌਰੀ ਆ ਕੇ ਹਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ, ਜੋ ਇਹ ਨਾਅਰੇ ਲਾ ਰਿਹਾ ਸੀ ''ਉਹ ਭ੍ਰਿਸ਼ਟ ਹੈ'' ਇਕ ਅਧਿਕਾਰੀ ਨੇ ਹਮਲਾਵਰ ਦੇ ਕੁਝ ਮੁੱਕੇ ਵੀ ਮਾਰੇ।

ਸਾਹਿਤਕ ਸਮਾਗਮ ਦੀ ਕਵਰੇਜ 'ਤੇ ਗਏ ਪੱਤਰਕਾਰਾਂ ਨੂੰ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਥ ਕੇ ਮੰਤਰੀ ਦੇ ਥੱਪੜ ਮਾਰਨ ਪੁੱਜਿਆ ਸੀ। ਉਹਨੇ ਕਿਹਾ, ''ਇਹ ਸਾਰੇ ਭ੍ਰਿਸ਼ਟ ਹਨ।'' ਛੋਟੀ ਕਿਰਪਾਨ ਹੱਥ 'ਚ ਲੈ ਕੇ ਇਸ ਨੌਜਵਾਨ ਨੇ ਕਿਹਾ ਕਿ ਜੇਕਰ ਅੱਜ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਨਾ ਹੁੰਦਾ ਤਾਂ ਹਾਲਾਤ ਕੁਝ ਹੋਰ ਹੀ ਹੋ ਸਕਦੇ ਸਨ। ਪੁਲੀਸ ਨੇ ਹਰਵਿੰਦਰ ਸਿੰਘ 'ਤੇ ਖੁਦਕੁਸ਼ੀ ਦੀ ਕੋਸ਼ਿਸ਼ ਦੇ ਦੋਸ਼ ਵੀ ਲਾ ਦਿੱਤੇ ਜਦੋਂ ਉਹਨੇ ਆਪਣੇ ਗੁੱਟ ਦੀਆਂ ਨਾੜਾਂ ਕੱਟਣ ਦਾ ਯਤਨ ਕੀਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਹ ਹਰਵਿੰਦਰ ਸਿੰਘ ਦੀ ਡਾਕਟਰੀ ਜਾਂਚ ਕਰਵਾਉਣਗੇ ਤਾਂ ਕਿ ਦੇਖ ਸਕਣ ਕਿ ਉਹ ਮਾਨਸਿਕ ਤੌਰ 'ਤੇ ਤੰਦਰੁਸਤ ਹੈ ਜਾਂ ਨਹੀਂ। ਅਧਿਕਾਰੀ ਅਨੁਸਾਰ ਮੁਢਲੇ ਰੂਪ 'ਚ ਇਸ ਘਟਨਾ 'ਚ ਕਿਸੇ ਸਿਆਸੀ ਪਾਰਟੀ ਦੀ ਸ਼ਮੂਲੀਅਤ ਨਹੀਂ ਜਾਪਦੀ।

ਘਟਨਾ ਦੀ ਵਿਆਪਕ ਨਿੰਦਾ: ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਉਪਰ ਇਕ ਸਿੱਖ ਨੌਜਵਾਨ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ੍ਰੀ ਪਵਾਰ ਨਾਲ ਗੱਲਬਾਤ ਕੀਤੀ ਤੇ ਹਮਲੇ ਦੀ ਨਿਖੇਧੀ ਕੀਤੀ।

ਪ੍ਰਧਾਨ ਮੰਤਰੀ, ਸਕੱਤਰੇਤ ਵੱਲੋਂ ਜਾਰੀ ਬਿਆਨ ਮੁਤਾਬਕ, ''ਪ੍ਰਧਾਨ ਮੰਤਰੀ ਨੇ ਖੇਤੀ ਮੰਤਰੀ ਨਾਲ ਗੱਲਬਾਤ ਕਰਕੇ ਹਮਲੇ ਦੀ ਨਿੰਦਾ ਕੀਤੀ ਹੈ।''

ਸੁਪ੍ਰਿਆ ਸੂਲੇ ਵੱਲੋਂ ਆਲੋਚਨਾ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਤੇ ਖੇਤੀ ਮੰਤਰੀ ਪਵਾਰ ਦੀ ਧੀ ਸੁਪ੍ਰਿਆ ਸੂਲੇ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ। ਪਾਰਟੀ ਨੇ ਕਿਹਾ ਹੈ ਕਿ ਇਸ ਜਮਹੂਰੀਅਤ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਸੂਲੇ ਜੋ ਸੰਸਦ ਮੈਂਬਰ ਵੀ ਹਨ, ਨੇ ਕਿਹਾ ਕਿ ਇਸ ਘਟਨਾ 'ਤੇ ਮਿੱਟੀ ਪਾ ਦੇਣੀ ਚਾਹੀਦੀ ਹੈ, ਉਨ੍ਹਾਂ ਕਿਹਾ, ''ਜੋ ਕੁਝ ਹੋਇਆ ਉਹ ਮੰਦਭਾਗਾ ਹੈ। ਹਰ ਕਿਸੇ ਨੂੰ ਜਮਹੂਰੀ ਢਾਂਚੇ 'ਚ ਰਹਿ ਕੇ ਵਿਰੋਧ ਪ੍ਰਗਟ ਕਰਨ ਦਾ ਹੱਕ ਹੈ, ਪਰ ਹਿੰਸਾ ਲਈ ਕੋਈ ਥਾਂ ਨਹੀਂ। ਮੇਰੀ ਆਪਣੇ ਪਾਰਟੀ ਵਰਕਰਾਂ ਨੂੰ ਅਪੀਲ ਹੈ ਕਿ ਉਹ ਸ਼ਾਂਤ ਰਹਿਣ।'' ਉਧਰ ਮੰੁਬਈ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਕ ਇਸ ਘਟਨਾ ਦੇ ਵਿਰੋਧ 'ਚ ਐਨ.ਸੀ.ਪੀ. ਵਰਕਰਾਂ ਨੇ ਮਹਾਰਾਸ਼ਟਰ ਵਿੱਚ ਰੋਸ ਪ੍ਰਦਰਸ਼ਨ ਕੀਤੇ। ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚਵਾਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਤੇ ਕਿਹਾ ਮੰਤਰੀ ਉਪਰ ਹਮਲਾ ਉਨ੍ਹਾਂ ਦੇ ਸੁਰੱਖਿਆ ਇੰਤਜ਼ਾਮ ਦੀ ਪੋਲ ਖੋਲ੍ਹਦਾ ਹੈ।

ਪਟਨਾ: ਸੀ.ਪੀ.ਆਈ. (ਐਮ.ਐਲ. ਲਿਬਰੇਸ਼ਨ) ਨੇ ਕਿਹਾ ਹੈ ਕਿ ਖੇਤੀ ਮੰਤਰੀ ਦੇ ਮੂੰਹ 'ਤੇ ਥੱਪੜ ਲੋਕਾਂ ਦੇ ਗੁੱਸੇ ਦਾ ਪ੍ਰਤੀਕ ਹੈ। ਅਸਲ ਵਿੱਚ ਇਹ ਥੱਪੜ ਕੇਂਦਰ ਸਰਕਾਰ ਦੇ ਮੂੰਹ 'ਤੇ ਹੈ।


News From: http://www.7StarNews.com

No comments:

 
eXTReMe Tracker