Monday, November 28, 2011

ਕੰਪਨੀਆਂ ਦੇ ਲਾਲਚ ਨੇ ਕੀਤਾ ਮਨੁੱਖੀ ਸਿਹਤ ਦਾ ਘਾਣ: ਡਾ. ਸ਼ਿਵ ਚੋਪੜਾ

ਟੋਰਾਂਟੋ, 28 ਨਵੰਬਰ

ਭਾਰਤੀ ਮੂਲ ਦੇ ਕੈਨੇਡੀਅਨ ਸਾਇੰਸਦਾਨ ਡਾ. ਸ਼ਿਵ ਚੋਪੜਾ ਨੇ ਬਰੈਂਪਟਨ ਵਿੱਚ ਭਾਈਚਾਰਕ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਡੇ ਵਪਾਰਕ ਘਰਾਣਿਆਂ ਨੇ ਆਪਣੇ ਨਿੱਜੀ ਲਾਭ ਵਧਾਉਣ ਲਈ ਕੁਦਰਤ ਨੂੰ ਨਾਸ਼ ਕਰਨ ਵਿੱਚ ਹਰ ਹੀਲਾ ਵਰਤਿਆ ਹੈੇ। ਪੰਜਾਬ ਦੀ ਕਿਸਾਨੀ ਬਾਰੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕਿ ਪਿੰਡਾਂ ਤੋਂ ਸ਼ਹਿਰਾਂ ਨੂੰ ਭੱਜਣ ਨਾਲ ਅਸੀਂ ਤਰੱਕੀ ਨਹੀਂ ਬਲਕਿ ਨਿਘਾਰ ਵੱਲ ਜਾ ਰਹੇ ਹਾਂ। ਸ੍ਰੀ ਚੋਪੜਾ ਅਨੁਸਾਰ ਖੇਤਾਂ ਵਿੱਚ ਲਹਿਰਾਉਂਦੀਆਂ ਫਸਲਾਂ ਸਿਰਫ ਦੇਖਣ ਨੂੰ ਹੀ ਹਰੀਆਂ ਭਰੀਆਂ ਹਨ, ਅਸਲ ਵਿੱਚ ਉਹ ਕੀਟਨਾਸ਼ਕਾਂ ਨਾਲ ਸੜੀਆਂ ਹੋਈਆਂ ਹਨ।

ਡਾ. ਚੋਪੜਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਵੱਡੀਆਂ ਕੰਪਨੀਆਂ ਨੇ ਕੀਟਨਾਸ਼ਕਾਂ ਦੀ ਅੰਨ੍ਹਾਧੁੰਦ ਵਰਤੋਂ ਨਾਲ ਧਰਤੀ, ਪਾਣੀ, ਹਵਾ ਅਤੇ ਮਨੱੁਖੀ ਖਾਣੇ ਵਿੱਚ ਜ਼ਹਿਰ ਘੋਲਣੀ ਨਾ ਛੱਡੀ ਤਾਂ ਇਸ ਦੇ ਸਿੱਟੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣਗੇ।

ਜ਼ਿਕਰਯੋਗ ਹੈ ਕਿ ਕਪੂਰਥਲਾ ਨਾਲ ਸਬੰਧਤ ਅਤੇ ਓਟਾਵਾ ਰਹਿੰਦੇ ਡਾ. ਸ਼ਿਵ ਚੋਪੜਾ ਸਿਹਤ ਵਿਗਿਆਨੀ ਹਨ, ਜਿਨ੍ਹਾਂ ਨੇ ਕੈਨੇਡਾ ਦੇ ਸਿਹਤ ਵਿਭਾਗ ਵਿੱਚ ਹੋ ਰਹੀਆਂ ਧਾਂਦਲੀਆਂ ਦਾ ਆਪਣੀ ਪੁਸਤਕ 'ਕੁਰੱਪਟ ਟੂ ਦਾ ਕੋਰ''ਵਿੱਚ ਪਰਦਾਫਾਸ਼ ਕੀਤਾ ਹੈ। ਇਸ ਵਿੱਚ ਉਨ੍ਹਾਂ ਸਿਹਤ ਵਿਭਾਗ, ਕੈਨੇਡਾ ਵਿੱਚ ਆਪਣੀ ਨੌਕਰੀ ਦੌਰਾਨ ਦੀਆਂ ਯਾਦਾਂ ਨੂੰ ਲਿਖਿਆ ਹੈ ਕਿ ਕਿਵੇਂ ਕੈਨੇਡਾ ਦੇ ਸਿਹਤ ਵਿਭਾਗ ਵਿੱਚ ਹਰ ਪੱਧਰ 'ਤੇ ਭ੍ਰਿਸ਼ਟਚਾਰ ਫੈਲਿਆ ਹੋਇਆ ਹੈ। ਇਸੇ ਕਾਰਨ ਇੱਕ ਪਾਸੇ ਡਾ. ਚੋਪੜਾ ਨੂੰ ਸਰਕਾਰ ਵੱਲੋਂ ਉਸਦੀਆਂ ਖੋਜਾਂ ਲਈ ਸਨਮਾਨਤ ਕੀਤਾ ਗਿਆ ਸੀ ਦੂਜੇ ਪਾਸੇ ਸਿਹਤ ਵਿਭਾਗ ਕੈਨੇਡਾ ਵੱਲੋਂ ਉਸਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਮਨੁੱਖੀ ਜਾਨਾਂ ਲਈ ਨੁਕਸਾਨਦਾਇਕ ਦਵਾਈਆਂ ਦੀ ਕੈਨੇਡਾ ਵਿੱਚ ਵਿਕਰੀ ਖ਼ਿਲਾਫ਼ ਝੰਡਾ ਚੁੱਕਿਆ ਸੀ ਪਰ ਵੱਡੀਆਂ ਕੰਪਨੀਆਂ ਦੇ ਦਬਾਅ ਹੇਠ ਉਲਟਾ ਉਨ੍ਹਾਂ ਦੀ ਹੀ ਨੌਕਰੀ ਖੋਹ ਲਈ ਗਈ ਸੀ।

ਬਰੈਂਪਟਨ ਦੇ ਚੇਤੰਨ ਵਿਅਕਤੀਆਂ, ਪਰਵਾਸੀ ਅਖਬਾਰ ਦੇ ਰਜਿੰਦਰ ਸੈਣੀ ਅਤੇ ਕਮਿਉਨਿਟੀ ਨੇਤਾ ਰਾਜ ਝੱਜ ਵੱਲੋਂ ਸਾਂਝੇ ਤੌਰ ਉੱਤੇ ਕਰਵਾਏ ਇਸ ਸਮਾਗਮ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਦੇ ਸਰਗਰਮ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਬਲਰਾਜ ਚੀਮਾ, ਜੋਗਿੰਦਰ ਗਰੇਵਾਲ ਅਤੇ ਸ੍ਰੀ ਸੈਣੀ ਨੇ ਵੀ ਵਿਚਾਰ ਰੱਖੇ।

ਡਾ. ਚੋਪੜਾ ਨੇ ਭਾਰਤੀ ਅਤੇ ਉੱਤਰੀ ਅਮਰੀਕਾ ਦੇ ਇਤਿਹਾਸਕ ਅਤੇ ਧਾਰਮਿਕ ਸਰੋਤਾਂ ਦੇ ਹਵਾਲੇ ਨਾਲ ਕਿਹਾ ਕਿ ਵੱਡੇ ਵੱਡੇ ਕਾਰਪੋਰੇਟ ਨਿੱਕੀ ਕਿਸਾਨੀ ਨੂੰ ਖਤਮ ਕਰ ਰਹੇ ਹਨ ਤੇ ਇੱਕ ਫੀਸਦ ਅਮੀਰ ਕਾਰਪੋਰੇਸ਼ਨਾਂ ਨੂੰ ਖੁਸ਼ ਕਰਨ ਵਾਸਤੇ 99 ਫੀਸਦ ਗਰੀਬਾਂ ਦੀ ਤਰਾਸਦੀ ਨੂੰ ਲੋਕਾਂ ਸਾਹਮਣੇ ਪੇਸ਼ ਨਾ ਕਰਕੇ ਮਨੁੱਖਤਾ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ।


News From: http://www.7StarNews.com

No comments:

 
eXTReMe Tracker