Monday, November 28, 2011

ਹਾਦਸੇ ’ਚ ਸੁਖਬੀਰ ਦੇ ਚਾਰ ਸੁਰੱਖਿਆ ਮੁਲਾਜ਼ਮਾਂ ਸਮੇਤ ਛੇ ਜ਼ਖ਼ਮੀ

ਬੰਗਾ, 28 ਨਵੰਬਰ

ਇੱਥੇ ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਹੋਏ ਹਾਦਸੇ ਵਿੱਚ ਉਪ ਮੁੱਖ ਮੰਤਰੀ ਦੀ ਸੁਰੱਖਿਆ ਦੇ ਚਾਰ ਮੁਲਾਜ਼ਮਾਂ ਸਮੇਤ ਛੇ ਵਿਅਕਤੀ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸਕਿਊਰਿਟੀ ਵਾਲੀਆਂ ਦੋ ਗੱਡੀਆਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਵਾਪਸ ਜਾ ਰਹੀਆਂ ਸਨ, ਜਦੋਂ ਇਹ ਕੋਲਡ ਸਟੋਰ ਬੰਗਾ ਕੋਲ ਪਹੁੰਚੀਆਂ ਤਾਂ ਨਵਾਂਸ਼ਹਿਰ ਵਾਲੇ ਪਾਸਿਓਂ ਆ ਰਹੇ ਛੋਟਾ ਹਾਥੀ (ਨੰਬਰ ਪੀ.ਬੀ.08 ਬੀ.ਐਸ. 9154) ਵਿੱਚ ਅੰਬੈਸਡਰ ਕਾਰ ਸਿੱਧੀ ਜਾ ਵੱਜੀ। ਇਸ ਦੌਰਾਨ ਛੋਟੇ ਹਾਥੀ ਦੇ ਪਿੱਛੇ ਆ ਰਹੀ ਮਾਰੂਤੀ ਕਾਰ ਟਕਰਾ ਕੇ ਖਤਾਨਾਂ ਵਿੱਚ ਜਾ ਵੜੀ। ਇਹ ਟੱਕਰ ਏਨੀ ਜਬਰਦਸਤ ਸੀ ਕਿ ਉਪ ਮੁੱਖ ਮੰਤਰੀ ਦੀ ਸਕਿਊਰਿਟੀ ਗੱਡੀ ਅਤੇ ਛੋਟਾ ਹਾਥੀ ਚਕਨਾਚੂਰ ਹੋ ਗਏ। ਹਾਦਸੇ ਕਾਰਨ ਜ਼ਖ਼ਮੀ ਹੋਏ ਵਿਅਕਤੀਆਂ ਵਿੱਚ ਸੈਂਟਰਲ ਇੰਡਸਟਰੀ ਸਕਿਊਰਿਟੀ ਫੋਰਸ ਦੇ ਜਵਾਨ ਏ.ਕੇ. ਨਸਕਰ, ਰਾਮੇਸ਼ ਚੰਦਰ, ਯੂ.ਕੇ. ਰਾਏ ਅਤੇ ਅੰਬੈਸਡਰ ਚਾਲਕ ਸੁਖਵਿੰਦਰ ਸਿੰਘ (ਪੰਜਾਬ ਪੁਲੀਸ) ਸਮੇਤ ਛੋਟੇ ਹਾਥੀ ਦਾ ਚਾਲਕ ਬਲਿਹਾਰ ਸਿੰਘ ਅਤੇ ਸੋਨੀ ਵਾਸੀ ਵਰਿਆਣਾ (ਜਲੰਧਰ) ਸ਼ਾਮਲ ਹਨ। ਇਨ੍ਹਾਂ ਨੂੰ ਸਿਵਲ ਹਸਪਤਾਲ ਬੰਗਾ ਵਿਖੇ ਮੁੱਢਲੀ ਸਹਾਇਤਾ ਲਈ ਦਾਖਲ ਕਰਵਾਇਆ ਗਿਆ। ਜ਼ਖ਼ਮੀਆਂ ਵਿੱਚੋਂ ਸੁਖਵਿੰਦਰ ਸਿੰਘ ਅਤੇ ਬਲਿਹਾਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸੁਖਵਿੰਦਰ ਸਿੰਘ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਥਾਣਾ ਸਦਰ ਦੇ ਮੁਖੀ ਦਲਬੀਰ ਸਿੰਘ, ਨੈਸ਼ਨਲ ਹਾਈਵੇ ਟਰੈਫਿਕ ਇੰਚਾਰਜ ਬਲਵਿੰਦਰ ਸਿੰਘ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।


News From: http://www.7StarNews.com

No comments:

 
eXTReMe Tracker