Friday, November 25, 2011

ਵੈਸਟ ਇੰਡੀਜ਼ ਦੇ ਵੱਡੇ ਸਕੋਰ ਅੱਗੇ ਭਾਰਤ ਵੱਲੋਂ ਦਮਦਾਰ ਸ਼ੁਰੂਆਤ

ਮੁੰਬਈ, 24 ਨਵੰਬਰ

ਭਾਰਤ ਨੇ ਵੈਸਟ ਇੰਡੀਜ਼ ਦੇ 590 ਦੌੜਾਂ ਦੇ ਵਿਸ਼ਾਲ ਸਕੋਰ ਦਾ ਕਰਾਰਾ ਜਵਾਬ ਦਿੰਦੇ ਹੋਏ ਅੱਜ ਤੀਸਰੇ ਅਤੇ ਅੰਤਿਮ ਕ੍ਰਿਕਟ ਟੈਸਟ ਮੈਚ ਦੇ ਤੀਸਰੇ ਦਿਨ ਅੱਜ ਤਿੰਨ ਵਿਕਟਾਂ 'ਤੇ 281 ਦੌੜਾਂ ਬਣਾਈਆਂ। ਸ੍ਰੀਮਾਨ ਭਰੋਸੇਮੰਦ ਰਾਹੁਲ ਦ੍ਰਾਵਿੜ ਨੇ ਅੱਜ 82 ਦੌੜਾਂ ਦਾ ਯੋਗਦਾਨ ਦਿੱਤਾ ਜਦੋਂ ਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ 67 ਦੌੜਾਂ ਬਣਾ ਕੇ ਕਰੀਜ਼ 'ਤੇ ਹੈ। ਉਹ ਆਪਣੇ ਸੈਂਕੜਿਆਂ ਦਾ ਮਹਾਂਸੈਂਕੜਾ ਬਣਾਉਣ ਵਿਚ ਸਿਰਫ਼ 33 ਦੌੜਾਂ ਦੂਰ ਹੈ।

ਭਾਰਤ ਅਜੇ ਵੈਸਟ ਇੰਡੀਜ਼ ਦੇ ਸਕੋਰ ਨਾਲੋਂ 309 ਦੌੜਾਂ ਪਿੱਛੇ ਹੈ ਜਦੋਂ ਕਿ 7 ਵਿਕਟ ਬਾਕੀ ਹਨ। ਸਚਿਨ ਨੇ ਅੱਜ 133 ਗੇਂਦਾਂ 'ਤੇ ਪੰਜ ਚੌਕਿਆਂ 'ਤੇ ਇਕ ਸਿਕਸਰ ਦੀ ਮਦਦ ਨਾਲ 67 ਰਨ ਬਣਾਏ ਤੇ ਕਰੀਜ਼ 'ਤੇ ਹੋਣ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਮੈਚ ਦੇ ਚੌਥੇ ਦਿਨ ਆਪਣਾ ਮਹਾਂਸੈਂਕੜਾ ਪੂਰਾ ਕਰ ਲਵੇਗਾ। ਉਸ ਦੇ ਨਾਲ ਵੀ.ਵੀ.ਐਸ. ਲਕਸ਼ਮਣ ਕਰੀਜ਼ 'ਤੇ ਹੈ ਜੋ ਕਿ 53 ਗੇਂਦਾਂ ਵਿਚ ਤਿੰਨ ਚੌਕਿਆਂ ਦੀ ਮਦਦ ਨਾਲ 32 ਦੌੜਾਂ ਬਣਾ ਚੁੱਕਾ ਹੈ। ਦੋਹਾਂ ਨੇ ਅੱਜ ਚੌਥੇ ਵਿਕਟ ਲਈ 57 ਰਨ ਜੋੜੇ ਹਨ।

ਭਾਰਤੀ ਪਾਰੀ ਵਿਚ ਅੱਜ ਵਰਿੰਦਰ ਸਹਿਵਾਗ 50 ਗੇਂਦਾਂ 'ਤੇ ਤਿੰਨ ਚੌਕਿਆਂ ਅਤੇ ਇਕ ਸਿਕਸਰ ਦੀ ਮਦਦ ਨਾਲ 37 ਦੌੜਾਂ ਬਣਾ ਸਕਿਆ। ਗੌਤਮ ਗੰਭੀਰ ਨੇ 99 ਗੇਂਦਾਂ ਵਿਚ 8 ਚੌਕਿਆਂ ਦੀ ਮਦਦ ਨਾਲ 55 ਰਨ ਅਤੇ ਦ੍ਰਾਵਿੜ ਨੇ 149 ਗੇਂਦਾਂ ਵਿਚ 11 ਚੌਕਿਆਂ ਦੀ ਮਦਦ ਨਾਲ 82 ਰਨ ਬਣਾਏ।

ਸਵੇਰ ਵੇਲੇ ਭਾਰਤ ਨੇ ਵੈਸਟਇੰਡੀਜ਼ ਦੀ ਪਹਿਲੀ ਪਾਰੀ 590 ਦੌੜਾਂ 'ਤੇ ਸਮਾਪਤ ਕਰਨ ਮਗਰੋਂ ਦਮਦਾਰ ਸ਼ੁਰੂਆਤ ਕੀਤੀ। ਗੰਭੀਰ ਅਤੇ ਸਹਿਵਾਗ ਨੇ ਪਹਿਲੇ ਵਿਕਟ ਲਈ 14.3 ਓਵਰਾਂ ਵਿਚ 67 ਦੌੜਾਂ ਦੀ ਸਾਂਝੇਦਾਰੀ ਕੀਤੀ। ਸਹਿਵਾਗ ਆਪਣੀ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕਿਆ ਅਤੇ ਡੈਰੇਨ ਸੈਮੀ ਵੱਲੋਂ ਉਸ ਨੂੰ ਬੋਲਡ ਕਰਨ 'ਤੇ ਸਟੇਡੀਅਮ ਵਿਚ ਮਾਹੌਲ ਗ਼ਮਗੀਨ ਹੋ ਗਿਆ। ਇਸ ਮਗਰੋਂ ਗੰਭੀਰ ਤੇ ਦ੍ਰਾਵਿੜ ਨੇ ਲੰਚ ਤੋਂ ਬਾਅਦ ਭਾਰਤ ਦਾ ਸਕੋਰ ਮਜ਼ਬੂਤੀ ਵੱਲ ਵਧਾਇਆ ਤੇ ਦੂਸਰੇ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਗੰਭੀਰ ਨੇ ਆਪਣਾ 18ਵਾਂ ਅਰਧਾ ਸੈਂਕੜਾ 89 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ ਪੂਰਾ ਕੀਤਾ। ਉਸ ਨੂੰ ਰਵੀ ਰਾਮਪਾਲ ਦੀ ਗੇਂਦ 'ਤੇ ਵਿਕਟਕੀਪਰ ਕਾਰਲਟਨ ਬੌਅ ਨੇ ਕੈਚ ਕਰ ਲਿਆ। ਗੰਭੀਰ ਦੇ ਆਊੁਟ ਹੋਣ ਮਗਰੋਂ ਮੈਚ ਦੀ ਕਮਾਨ ਸਚਿਨ ਤੇਂਦੁਲਕਰ ਨੇ ਸੰਭਾਲੀ ਅਤੇ ਅੱਜ ਨਾਬਾਦ ਰਹਿ ਕੇ ਦਰਸ਼ਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ।

ਦ੍ਰਾਵਿੜ ਤੇ ਸਚਿਨ ਨੇ ਤੀਸਰੇ ਵਿਕਟ ਲਈ 86 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਅਦ ਵਿਚ ਦ੍ਰਾਵਿੜ ਮਾਰਲਿਨ ਸੈਮੂਅਲਜ਼ ਦੀ ਗੇਂਦ 'ਤੇ ਆਊਟ ਹੋ ਗਿਆ। ਇਸ ਮਗਰੋਂ ਸਚਿਨ ਤੇ ਵੀ.ਵੀ.ਐਸ. ਲਕਸ਼ਮਣ ਨੇ ਭਾਰਤ ਦਾ ਸਕੋਰ 281 'ਤੇ ਪਹੁੰਚਾ ਦਿੱਤਾ।


News From: http://www.7StarNews.com

No comments:

 
eXTReMe Tracker