Friday, November 25, 2011

ਥਾਣਾ ਕੋਟਭਾਈ ਵਿਖੇ ਸਥਾਪਿਤ ਸਾਂਝ ਕੇਂਦਰ ਦਾ ਉਦਘਾਟਨ ਕਰਦੇ ਬੀਬੀ ਹਰਸਿਮਰਤ ਕੌਰ ਬਾਦਲ

ਗਿੱਦੜਬਾਹਾ, 24 ਨਵੰਬਰ-(ਪ,ਪ)

ਕੇਂਦਰ ਦੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੇ ਮੰਤਰੀ ਲੱਕ ਲੱਕ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਹਨ ਅਤੇ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਪ੍ਰਤੀ ਸੁਹਿਰਦ ਨਹੀਂ। ਇਸ ਲਈ ਲਾਜ਼ਮੀ ਹੈ ਕਿ ਦੇਸ਼ ਵਿੱਚ ਸਖ਼ਤ ਲੋਕਪਾਲ ਬਿੱਲ ਪਾਸ ਕੀਤਾ ਜਾਵੇ ਤਾਂ ਜੋ ਦੇਸ਼ ਵਿੱਚ ਵਧਦੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾ ਸਕੇ।' ਇਹ ਗੱਲ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਹਲਕਾ ਗਿੱਦੜਬਾਹਾ ਦੇ ਪਿੰਡਾਂ 'ਚ ਸੰਗਤ ਦਰਸ਼ਨ ਸਮਾਗਮਾਂ ਦੌਰਾਨ ਆਖੀ। ਬੀਬੀ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਰਾਜ 'ਚ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਹੋਏ ਹਨ ਜਿਸ ਕਾਰਨ ਭ੍ਰਿਸ਼ਟਾਚਾਰੀਆਂ ਦੇ ਮਨ 'ਚੋਂ ਕਾਨੂੰਨ ਦਾ ਡਰ ਮੁੱਕ ਗਿਆ ਹੈ। ਕੇਂਦਰ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਮੁਲਕ 'ਚ ਗਰੀਬੀ ਤੇ ਮਹਿੰਗਾਈ ਲਗਾਤਾਰ ਵਧੀ ਜਾ ਰਹੀ ਹੈ। ਕੇਂਦਰ ਸਰਕਾਰ ਮਹਿੰਗਾਈ ਤੇ ਭ੍ਰਿਸ਼ਟਾਚਾਰ ਨੂੰ ਰੋਕਣ 'ਚ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਕਾਰਨ ਦੇਸ਼ ਦਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਮਲਟੀਬ੍ਰਾਂਡ ਰਿਟੇਲ ਸੈਕਟਰ ਵਿਚ 51 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਦੀ ਮੰਜੂਰੀ ਦਿੱਤੇ ਜਾਣ ਦੀ ਯੋਜਨਾ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਸਰਕਾਰੀ ਬਿੱਲ ਦਾ ਖਰੜਾ ਪੜ੍ਹਨ ਤੋਂ ਬਾਅਦ ਹੀ ਦੇਸ਼ ਦੇ ਕਿਸਾਨਾਂ ਤੇ ਛੋਟੇ ਦੁਕਾਨਦਾਰਾਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਉਚਿਤ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਬੀਬੀ ਬਾਦਲ ਨੇ ਪਿੰਡਾਂ 'ਚ ਸੰਗਤ ਦਰਸ਼ਨ ਦੌਰਾਨ ਕਿਹਾ ਕਿ ਹਲਕਾ ਗਿੱਦੜਬਾਹਾ ਤੋਂ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਨੂੰ ਸਿਆਸਤ ਦੀਆਂ ਬੁਲੰਦੀਆਂ ਤੇ ਪਹੁੰਚਾਉਣ 'ਚ ਇਸ ਹਲਕੇ ਦਾ ਵੱਡਾ ਯੋਗਦਾਨ ਹੈ। ਉਹ ਪਹਿਲਾਂ ਵੀ ਇਸ ਹਲਕੇ 'ਚ ਆਉਣਾ ਚਾਹੁੰਦੇ ਸਨ ਪਰ ਸਾਬਕਾ ਖ਼ਜ਼ਾਨਾ ਮੰਤਰੀ ਵੱਲੋਂ ਉਨ੍ਹਾਂ ਦੇ ਇਥੇ ਆਉਣ 'ਤੇ ਇਕ ਤਰ੍ਹਾਂ ਦੀ ਰੋਕ ਲਾਈ ਹੋਈ ਸੀ। ਉਨ੍ਹਾਂ ਖੇਤਰ ਦੇ ਲੋਕਾਂ ਨਾਲ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਹੁਣ ਫਿਰ ਪੂਰਾ ਬਾਦਲ ਪਰਿਵਾਰ ਇਸ ਹਲਕੇ ਦੀ ਸੇਵਾ ਕਰੇਗਾ। ਉਨ੍ਹਾਂ ਕਿਹਾ ਕਿ ਹਲਕੇ ਦੀ ਕੋਈ ਵੀ ਮੁਸ਼ਕਿਲ ਬਕਾਇਆ ਨਹੀਂ ਰਹੇਗੀ। ਅੱਜ ਉਹ ਜਿਸ ਵੀ ਪਿੰਡ 'ਚ ਗਏ ਪਿੰਡਾਂ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਸਿਰੋਪੇ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ। ਬੀਬੀ ਬਾਦਲ ਨੇ ਅੱਜ ਪਿੰਡ ਕਰਨੀਵਾਲਾ, ਭੁੰਦੜ, ਲੁੰਡੇਵਾਲਾ, ਬਾਦੀਆਂ, ਕਰਾਈਵਾਲਾ, ਗੁਰੂਸਰ, ਬਬਾਨੀਆਂ, ਹੁਸਨਰ, ਬੁੱਟਰ ਬਖੂਆ ਤੇ ਭਾਰੂ ਦਾ ਦੌਰਾ ਕਰਕੇ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਲੋਕਾਂ ਤੇ ਪੰਚਾਇਤਾਂ ਦੀਆਂ ਮੁਸਕਿਲਾਂ ਸੁਣੀਆਂ ਤੇ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਮੁਸ਼ਕਿਲਾਂ ਦੇ ਹੱਲ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸੰਸਦ ਮੈਂਬਰ ਪਰਮਜੀਤ ਕੌਰ ਗੁਲਸ਼ਨ, ਜਥੇਦਾਰ ਗੁਰਪਾਲ ਸਿੰਘ ਗੋਰਾ, ਜਥੇਦਾਰ ਨਵਤੇਜ ਸਿੰਘ ਕਾਉਣੀ ਦੋਨੋਂ ਮੈਂਬਰ ਐਸ.ਜੀ.ਪੀ.ਸੀ., ਸ੍ਰੀ ਮਨੀਸ਼ ਕੁਮਾਰ ਓ.ਐਸ.ਡੀ. ਉੱਪ ਮੁੱਖ ਮੰਤਰੀ ਪੰਜਾਬ, ਸ੍ਰੀ ਚਰਨਜੀਤ ਸਿੰਘ ਬਰਾੜ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ, ਸ੍ਰੀ ਹਰਦੀਪ ਸਿੰਘ ਡਿੰਪੀ ਢਿੱਲੋਂ ਸਲਾਹਕਾਰ ਯੂਥ ਅਕਾਲੀ ਦਲ ਵੀ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਸਾਂਝ ਪ੍ਰਾਜੈਕਟ ਅਧੀਨ ਕਮਿਊਨਿਟੀ ਪੁਲੀਸਿੰਗ ਸਾਂਝ ਕੇਂਦਰ ਪੰਜਾਬ ਭਰ ਵਿੱਚ ਲੋਕਾਂ ਨੂੰ ਨਿਸ਼ਚਿਤ ਸਮੇਂ 'ਚ ਸਰਕਾਰੀ ਸੇਵਾਵਾਂ ਦੇਣ ਲਈ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਸਾਂਝ ਕੇਂਦਰਾਂ 'ਚੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਕੋਟਭਾਈ ਵਿਖੇ ਸਥਾਪਿਤ ਪਹਿਲੇ ਸਾਂਝ ਕੇਂਦਰ ਦਾ ਉਦਘਾਟਨ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੀਤਾ। ਇਸ ਮੌਕੇ ਬੀਬੀ ਬਾਦਲ ਨੇ ਕਿਹਾ ਕਿ ਜ਼ਿਲ੍ਹਾ ਸ੍ਰੀ ਮੂਕਤਸਰ ਸਾਹਿਬ ਵਿਖੇ ਇਸ ਤਰ੍ਹਾਂ ਦੇ 5 ਸਾਂਝ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਾਂਝ ਕੇਂਦਰ ਥਾਣਾ ਸਦਰ ਮਲੋਟ, ਥਾਣਾ ਲੰਬੀ, ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ, ਥਾਣਾ ਕੋਟਭਾਈ ਤੇ ਸਬ ਡਿਵੀਜ਼ਨ ਲੇਵਲ 'ਤੇ ਕਮਿਊਨਿਟੀ ਪੁਲੀਸਿੰਗ ਸੁਵਿਧਾ ਸੈਂਟਰ ਸਬ ਡਿਵੀਜ਼ਨ ਮਲੋਟ ਵਿਖੇ ਸਥਾਪਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੇਵਾ ਦਾ ਕਾਨੂੰਨ ਅਧਿਕਾਰ ਤਹਿਤ ਪੁਲੀਸ ਨਾਲ ਸਬੰਧਤ 20 ਸੇਵਾਵਾਂ ਦੇਣ ਲਈ ਇਹ ਸਾਂਝ ਕੇਂਦਰ ਅਹਿਮ ਭੂਮਿਕਾ ਅਦਾ ਕਰਨਗੇ। ਇਨ੍ਹਾਂ ਸਾਂਝ ਕੇਂਦਰਾਂ ਵਿੱਚ ਇੰਚਾਰਜ ਦੇ ਤੌਰ ਤੇ ਥਾਣੇਦਾਰ ਜਾਂ ਸਹਾਇਕ ਥਾਣੇਦਾਰ ਕੰਮ ਕਰਨਗੇ ਤੇ ਇਸ ਤੋਂ ਇਲਾਵਾ ਇਕ ਰਿਸੈਪਸ਼ਨਿਸਟ, ਇਕ ਰਿਕਾਰਡ ਕੀਪਰ ਤੇ ਦੋ ਕੰਪਿਊਟਰ ਅਪਰੇਟਰ ਤਾਇਨਾਤ ਹਨ। ਜਾਣਕਾਰੀ ਅਨੁਸਾਰ ਇੱਕ ਸਾਂਝ ਕੇਂਦਰ ਦੀ ਬਿਲਡਿੰਗ 'ਤੇ 6 ਲੱਖ ਰੁਪਏ ਖਰਚਾ ਆਇਆ ਹੈ। ਇਸ ਮੌਕੇ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਸ.ਪੀ. ਇੰਦਰ ਮੋਹਣ ਸਿੰਘ ਵੀ ਹਾਜ਼ਰ ਸਨ।


News From: http://www.7StarNews.com

No comments:

 
eXTReMe Tracker