Saturday, October 29, 2011

ਪਰਥ \'ਚ ਸ਼੍ਰੀਲੰਕਾ ਵਿਰੁੱਧ ਵਿਸ਼ਾਲ ਵਿਖਾਵਾ

ਪਰਥ, 28 ਅਕਤੂਬਰ-:



ਕਾਮਨਵੈਲਥ ਵੈਲਥ ਹੈੱਡਜ਼ ਆਫ ਗਵਰਨਮੈਂਟ (ਚੋਗਮ) ਦਾ ਅਗਲਾ ਸੰਮੇਲਨ 2013 ਵਿਚ ਸ਼੍ਰੀਲੰਕਾ ਵਿਖੇ ਹੋਣਾ ਹੈ ਪਰ ਇਸ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ। ਪਰਥ ਵਿਖੇ ਮਨੁੱਖੀ ਅਧਿਕਾਰ ਸੰਗਠਨ ਸ਼੍ਰੀਲੰਕਾ ਸਰਕਾਰ ਵਿਰੁੱਧ ਰੋਹ ਭਰੇ ਵਿਖਾਵੇ ਕਰ ਰਹੇ ਹਨ। ਇਸ ਦਾ ਕਾਰਨ ਸ਼੍ਰੀਲੰਕਾ ਦੀ ਫੌਜ ਵਲੋਂ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਹੈ। ਸੰਮੇਲਨ ਵਿਚ ਸ਼ਾਮਲ ਹੋਣ ਨੂੰ ਲੈ ਕੇ ਆਸਟ੍ਰੇਲੀਆ ਅਤੇ ਬਰਤਾਨੀਆ ਸਰਗਰਮ ਹਨ ਪਰ ਕੈਨੇਡਾ ਪਹਿਲਾਂ ਹੀ ਇਸ ਦਾ ਬਾਈਕਾਟ ਕਰਨ ਦੀ ਧਮਕੀ ਦੇ ਚੁੱਕਾ ਹੈ।

ਇਥੇ ਇਹ ਗੱਲ ਦੱਸਣਯੋਗ ਹੈ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਦੇਖ-ਰੇਖ ਹੇਠ ਬੀਤੇ ਸਾਲ ਬਾਗੀ ਸੰਗਠਨ ਲਿੱਟੇ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਸੀ। ਸ਼੍ਰੀਲੰਕਾ ਦੀ ਸਰਕਾਰ \'ਤੇ ਦੋਸ਼ ਹੈ ਕਿ ਉਸ ਨੇ ਇਸ ਕਾਰਵਾਈ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਸੀ। ਇਸ ਲਈ ਮਨੁੱਖੀ ਅਧਿਕਾਰ ਸੰਗਠਨ ਉਥੇ ਅਗਲੇ ਚੋਗਮ ਸੰਮੇਲਨ ਦਾ ਵਿਰੋਧ ਕਰ ਰਹੇ ਹਨ। ਇਕ ਆਸਟ੍ਰੇਲੀਆਈ ਟੀ. ਵੀ. ਚੈਨਲ ਨੇ ਆਪਣੀ ਸਰਕਾਰ ਅਤੇ ਚੋਗਮ ਦੀ ਸਥਿਤੀ ਨੂੰ ਹਾਸੋਹੀਣਾ ਦੱਸਿਆ ਹੈ, ਜਿਥੇ ਮਨੁੱਖੀ ਅਧਿਕਾਰ ਸੰਗਠਨਾਂ ਦੀ ਨਹੀਂ ਸੁਣੀ ਜਾਂਦੀ। ਇਸ ਸਾਲ ਦੇ ਚੋਗਮ ਸੰਮੇਲਨ ਵਿਚ ਹਿੱਸਾ ਲੈਣ ਲਈ ਇਥੇ ਆਏ ਹੋਏ ਰਾਜਪਕਸ਼ੇ ਇਸ ਮੁੱਦੇ \'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਕੰਨੀਂ ਕਤਰਾਉਂਦੇ ਰਹੇ ਪਰ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਖੁੱਲ੍ਹ ਕੇ ਬੋਲੇ। ਉਨ੍ਹਾਂ ਇਕ ਟੀ. ਵੀ. ਇੰਟਰਵਿਊ ਦੌਰਾਨ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਅਤੇ ਲਿੱਟੇ ਹਮਾਇਤੀ ਅਜਿਹਾ ਰੌਲਾ ਪਾ ਰਹੇ ਹਨ, ਜਿਵੇਂ ਸਰਕਾਰ ਹੀ ਅੱਤਵਾਦੀ ਹੋਵੇ। ਇਹ ਮਨੁੱਖੀ ਅਧਿਕਾਰ ਸੰਗਠਨ ਉਦੋਂ ਕਿੱਥੇ ਸਨ, ਜਦੋਂ ਸ਼੍ਰੀਲੰਕਾ ਵਿਚ ਲਿੱਟੇ ਦੇ ਅੱਤਵਾਦੀ 30 ਸਾਲਾਂ ਤਕ ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਖੂਨ ਵਹਾਉਂਦੇ ਰਹੇ। ਦੂਜੇ ਪਾਸੇ ਕਾਮਨਵੈਲਥ ਸਕੱਤਰੇਤ ਦੇ ਬੁਲਾਰੇ ਨੇ ਇਸ ਵਿਸ਼ੇ \'ਤੇ ਕਿਹਾ ਕਿ ਉਹ ਸਿਆਸੀ ਵਿਸ਼ਿਆਂ ਨੂੰ ਘੱਟ ਹੀ ਦੇਖਣਾ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਦਾ ਵਧੇਰੇ ਧਿਆਨ 54 ਵਿਚੋਂ 34 ਛੋਟੇ ਮੈਂਬਰ ਦੇਸ਼ਾਂ ਵਿਚ ਗਰੀਬੀ, ਅਨਾਜ ਸੰਕਟ ਦੂਰ ਕਰਨ ਅਤੇ ਸੁਰੱਖਿਆ ਨੂੰ ਲੈ ਕੇ ਹੈ।


News From: http://www.7StarNews.com

No comments:

 
eXTReMe Tracker