Saturday, October 29, 2011

ਅਡਵਾਨੀ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ

ਮਦੁਰਾਈ, 28 ਅਕਤੂਬਰ (ਭਾਸ਼ਾ)-



ਭ੍ਰਿਸ਼ਟਾਚਾਰ ਵਿਰੁੱਧ ਐੱਲ. ਕੇ. ਅਡਵਾਨੀ ਦੀ ਜਨ ਚੇਤਨਾ ਯਾਤਰਾ ਦੇ ਦੂਜੇ ਪੜਾਅ ਦੌਰਾਨ ਰਾਹ ਵਿਚ ਮਦੁਰਾਈ ਦੇ ਬਾਹਰੀ ਇਲਾਕੇ ਵਿਚੋਂ ਸ਼ੁੱਕਰਵਾਰ ਇਕ ਪਾਈਪ ਬੰਬ ਬਰਾਮਦ ਕੀਤਾ ਗਿਆ। ਪੁਲਸ ਨੂੰ ਇਸ ਘਟਨਾ ਪਿੱਛੇ ਨਕਸਲੀਆਂ ਦਾ ਹੱਥ ਹੋਣ ਦਾ ਸ਼ੱਕ ਹੈ।

ਪੁਲਸ ਨੇ ਦੱਸਿਆ ਕਿ ਮਦੁਰਾਈ ਤੋਂ ਲਗਭਗ 30 ਕਿਲੋਮੀਟਰ ਦੂਰ ਤਿਰੁਮੰਗਲਮ ਨੇੜੇ ਅਲਮਪੱਤੀ ਵਿਖੇ ਸਵੇਰੇ 8 ਵਜੇ ਦੇ ਲਗਭਗ ਇਕ ਪੁਲ ਦੇ ਹੇਠਾਂ 50 ਮੀਟਰ ਤਾਰ ਨਾਲ ਜੁੜਿਆ ਪੰਜ ਫੁੱਟ ਲੰਬਾ ਪਾਈਪ ਬੰਬ, 4 ਡੈਟੋਨੇਟਰ ਅਤੇ ਬੈਟਰੀਆਂ ਮਿਲੀਆਂ। 20 ਮਿੰਟ ਬਾਅਦ ਐੱਲ. ਕੇ. ਅਡਵਾਨੀ ਦੇ ਰੱਥ ਨੇ ਇਥੋਂ ਲੰਘਣਾ ਸੀ। ਸੂਤਰਾਂ ਨੇ ਦੱਸਿਆ ਕਿ ਪੁਲਸ ਨੇ ਇਸ ਸੰਬੰਧੀ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ, ਜਿਸ ਦੀ ਪਛਾਣ ਨਹਿਰੂ ਵਜੋਂ ਹੋਈ ਹੈ ਅਤੇ ਉਸ ਕੋਲੋਂ ਪੁੱਛਗਿੱਛ ਜਾ ਰਹੀ ਹੈ।

ਪੁਲਸ ਨੇ ਦੱਸਿਆ ਕਿ ਪਾਈਪ ਵਿਚ ਭਰੇ ਗਏ ਵਿਸਫੋਟਕ ਬਾਰੇ ਪਤਾ ਨਹੀਂ ਲੱਗ ਸਕਿਆ। ਅਡਵਾਨੀ ਜਿਨ੍ਹਾਂ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਮਿਲੀ ਹੋਈ ਹੈ, ਤਿਰੁਮੰਗਲਮ ਤੋਂ ਹੁੰਦੇ ਹੋਏ ਜਦੋਂ ਸ਼੍ਰੀਵਿਲੀਪੁਥਰ ਵੱਲ ਜਾ ਰਹੇ ਸਨ ਤਾਂ ਉਕਤ ਬੰਬ ਸੰਬੰਧੀ ਪਤਾ ਲੱਗਾ। ਪੁਲਸ ਦਾ ਕਹਿਣਾ ਹੈ ਕਿ ਇਹ ਇਲਾਕਾ ਨਕਸਲੀਆਂ ਦਾ ਗੜ੍ਹ ਹੈ ਅਤੇ ਇਥੋਂ ਦੀਆਂ ਪਹਾੜੀਆਂ \'ਤੇ ਉਨ੍ਹਾਂ ਦੇ ਅੱਡੇ ਹਨ। ਪੁਲਸ ਮੁਤਾਬਕ ਵਿਸਫੋਟਕ ਇੰਨਾ ਸ਼ਕਤੀਸ਼ਾਲੀ ਸੀ ਕਿ ਉਸ ਨਾਲ ਸਾਰਾ ਪੁਲ ਉਡ ਸਕਦਾ ਸੀ। ਸਥਾਨਕ ਪੇਂਡੂਆਂ ਨੇ ਦੱਸਿਆ ਕਿ ਲੰਬੀ ਫੈਲੀ ਹੋਈ ਤਾਰ ਨੂੰ ਵੇਖ ਕੇ ਉਨ੍ਹਾਂ ਇਸ ਸੰਬੰਧੀ ਪੁਲਸ ਨੂੰ ਸੂਚਿਤ ਕੀਤਾ। ਬੰਬ ਜਾਇਆ ਕਰਨ ਵਾਲਾ ਦਸਤਾ ਅਤੇ ਮਾਹਿਰ ਤੁਰੰਤ ਮੌਕੇ \'ਤੇ ਪੁੱਜੇ। 1998 ਵਿਚ ਕੋਇੰਬਟੂਰ ਵਿਖੇ ਉਸ ਸਮੇਂ ਲੜੀਵਾਰ ਬੰਬ ਧਮਾਕੇ ਹੋਏ ਸਨ, ਜਦੋਂ ਕੁਝ ਘੰਟਿਆਂ ਬਾਅਦ ਹੀ ਅਡਵਾਨੀ ਨੇ ਉਥੇ ਇਕ ਜਲਸੇ ਨੂੰ ਸੰਬੋਧਿਤ ਕਰਨਾ ਸੀ। ਉਸ ਘਟਨਾ ਵਿਚ 57 ਵਿਅਕਤੀ ਮਾਰੇ ਗਏ ਸਨ।




News From: http://www.7StarNews.com

No comments:

 
eXTReMe Tracker