Thursday, December 1, 2011

ਜੈਕਸਨ ਦੀ ਮੌਤ ਦੇ ਦੋਸ਼ੀ ਡਾ. ਮੱਰੇ ਨੂੰ ਚਾਰ ਸਾਲਾਂ ਦੀ ਕੈਦ

ਲਾਸ ਏਂਜਲਸ, 30 ਨਵੰਬਰ-(ਪ,ਪ)

ਪੌਪ ਦੇ ਬੇਤਾਜ ਬਾਦਸ਼ਾਹ ਮਾਈਕਲ ਜੈਕਸਨ ਦੀ ਮੌਤ ਦੇ ਦੋਸ਼ ਵਿਚ ਉਸ ਦੇ ਨਿੱਜੀ ਡਾਕਟਰ ਕਾਨਰਡ ਮੱਰੇ ਨੂੰ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਮੱਰੇ ਨੂੰ ਇਸ ਕੇਸ ਵਿਚ ਕੱਲ੍ਹ ਵੱਧ ਤੋਂ ਵੱਧ ਸਜ਼ਾ ਸੁਣਾਉਂਦਿਆਂ ਲਾਸ ਏਂਜਲਸ ਕਾਊਂਟੀ ਸੁਪੀਰੀਅਰ ਕੋਰਟ ਦੇ ਜੱਜ ਮਾਈਕਲ ਪਾਸਟਰ ਨੇ ਡਾਕਟਰ ਨੂੰ ਜੈਕਸਨ ਦੀ ਮੌਤ ਦਾ ਕੋਈ ਪਛਤਾਵਾ ਨਾ ਹੋਣ 'ਤੇ ਰੰਜ ਜ਼ਾਹਰ ਕਰਦਿਆਂ ਕਿਹਾ ਕਿ ਸਬੂਤਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਝੂਠ ਅਤੇ ਫਰੇਬ ਦਾ ਇਕ ਸਿਲਸਿਲਾ ਚਲਦਾ ਰਿਹਾ ਹੈ। ਸੱਤ ਹਫਤਿਆਂ ਤੋਂ ਚੱਲ ਰਹੇ ਇਸ ਕੇਸ ਦਾ ਨਿਬੇੜਾ ਕਰਦਿਆਂ ਪਾਸਟਰ ਨੇ ਕਿਹਾ, "ਉਸ (ਡਾਕਟਰ) ਨੂੰ ਕੋਈ ਅਫਸੋਸ ਨਹੀਂ ਅਤੇ ਨਾ ਹੀ ਗਲਤੀ ਦਾ ਲਿਹਾਜ ਹੈ ਤੇ ਇਸ ਗੱਲ ਨਾਲ ਖਤਰਾ ਬਣਿਆ ਰਹਿੰਦਾ ਹੈ।"

ਰਾਜ ਦੇ ਨਵੇਂ ਕਾਨੂੰਨ ਤਹਿਤ 58 ਸਾਲਾ ਮੱਰੇ ਸੂਬਾਈ ਜੇਲ੍ਹ ਦੀ ਬਜਾਇ ਐਲ.ਏ. ਕਾਊਂਟੀ ਜੇਲ੍ਹ ਵਿਚ ਕੈਦ ਭੁਗਤੇਗਾ। ਕਾਊਂਟੀ ਸ਼ੈਰਿਫ ਦੇ ਵਿਭਾਗ ਦੇ ਬੁਲਾਰੇ ਮੁਤਾਬਕ ਰਾਜਕੀ ਸੇਧਾਂ ਤਹਿਤ ਮੱਰੇ ਨੂੰ ਵੱਧ ਤੋਂ ਵੱਧ ਦੋ ਸਾਲ ਕੈਦ ਕੱਟਣੀ ਪਵੇਗੀ।

ਅਦਾਲਤ ਦੇ ਫੈਸਲਾ ਸੁਣਾਏ ਜਾਣ ਸਮੇਂ ਜੈਕਸਨ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਜੱਜ ਨੇ ਡਾਕਟਰ ਮੱਰੇ ਨੂੰ ਇਨ੍ਹਾਂ ਧਾਰਾਵਾਂ ਤਹਿਤ ਵੱਧ ਤੋਂ ਵੱਧ ਸਜ਼ਾ ਸੁਣਾਉਣ ਦੇ ਕਾਰਨਾਂ ਦਾ ਵੀ ਖੁਲਾਸਾ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਡਾ. ਮੱਰੇ ਜੈਕਸਨ ਪਰਿਵਾਰ ਨੂੰ ਮੁਆਵਜ਼ਾ ਦੇਵੇ ਅਤੇ ਮੁਆਵਜ਼ੇ ਦੀ ਰਾਸ਼ੀ ਉਹ 23 ਜਨਵਰੀ ਨੂੰ ਤੈਅ ਕਰਨਗੇ। ਇਸਤਗਾਸਾ ਨੇ ਡਾ. ਮੱਰੇ ਤੋਂ 10 ਕਰੋੜ ਡਾਲਰ ਮੁਆਵਜ਼ੇ ਦੀ ਮੰਗ ਕੀਤੀ ਸੀ। ਡਾ. ਮੱਰੇ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਜੈਕਸਨ ਨੂੰ ਬੇਹੋਸ਼ੀ ਦੀ ਜ਼ਿਆਦਾ ਮਾਤਰਾ 'ਚ ਦਵਾਈ ਦੇ ਕੇ ਉਸ ਦੀ ਮੌਤ ਦਾ ਸਬੱਬ ਬਣਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਜੈਕਸਨ ਦੀ ਜੂਨ 2009 ਵਿਚ 50 ਸਾਲ ਦੀ ਉਮਰ 'ਚ ਉਦੋਂ ਮੌਤ ਹੋ ਗਈ ਸੀ ਜਦੋਂ ਉਹ ਆਪਣੇ ਕਨਸਰਟ ਟੂਰ 'ਦਿਸ ਇਜ਼ ਇਟ' ਨਾਲ ਸੰਗੀਤ ਦੀ ਦੁਨੀਆਂ 'ਚ ਵਾਪਸੀ ਦੀ ਤਿਆਰੀ ਕਰ ਰਿਹਾ ਸੀ।


News From: http://www.7StarNews.com

No comments:

 
eXTReMe Tracker