Monday, December 26, 2011

ਚੋਣ ਜ਼ਾਬਤੇ ਦੇ ਬਾਵਜੂਦ ਸਿਆਸੀ ਪਾਰਟੀਆਂ ਦੇ ਹੋਰਡਿੰਗ ਬਰਕਰਾਰ

ਕੋਟਕਪੂਰਾ,December - 26 - 2011 (Tehelkanews)

ਇਥੇ ਚੌਕਾਂ 'ਤੇ ਸਿਆਸੀ ਪਾਰਟੀਆਂ ਦੇ ਹੋਰਡਿੰਗ ਚੋਣ ਜ਼ਾਬਤੇ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਪੰਜਾਬ ਦੀ ਮੁੱਖ ਚੋਣ ਅਧਿਕਾਰੀ ਬੀਬੀ ਕੁਸਮਜੀਤ ਕੌਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰੂ ਮਾਰਗਾਂ 'ਤੇ ਲੱਗੇ ਹੋਰਡਿੰਗ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕਰਨ ਦੇ ਬਾਵਜੂਦ ਸਿਆਸੀ ਪਾਰਟੀਆਂ ਦੇ ਹੋਰਡਿੰਗ ਪਹਿਲਾਂ ਵਾਂਗ ਬਰਕਰਾਰ ਹਨ।

ਇਥੇ ਲਾਲ ਬੱਤੀ ਚੌਕ 'ਚ ਵੱਖ ਵੱਖ ਸਿਆਸੀ ਪਾਰਟੀ ਦੇ ਹੋਰਡਿੰਗ ਨੇ ਪੂਰਾ ਮੱਲਿਆ ਹੋਇਆ ਹੈ। ਇਸ ਚੌਕ 'ਚ ਵਿਰੋਧੀ ਪਾਰਟੀਆਂ ਦੇ ਘੱਟ ਤੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਹੋਰਡਿੰਗ ਵੱਧ ਲੱਗੇ ਹੋਏ ਹਨ। ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਵੱਲੋਂ ਇਥੇ ਮੁਕਤਸਰ ਰੋਡ ਦੇ ਚੌਕ 'ਤੇ ਕਬਜ਼ਾ ਕੀਤਾ ਹੋਇਆ ਹੈ। ਇਸ ਚੌਕ 'ਚ ਲੱਗੇ ਵੱਡੇ ਹੋਰਡਿੰਗ ਹਰ ਆਉਣ-ਜਾਣ ਵਾਲੇ ਵਹੀਕਲ ਚਾਲਕ ਦੀ ਖਿੱਚ ਦਾ ਕੇਂਦਰ ਬਣਦੇ ਹਨ।

ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸਤੰਬਰ ਮਹੀਨੇ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਮਾਰਗਾਂ 'ਤੇ ਲੱਗੇ ਹੋਰਡਿੰਗ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਗਏ ਸਨ। ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਸਬੰਧੀ ਕਾਰਵਾਈ ਕਰਨ ਤੋਂ ਬਾਅਦ ਕੋਰਟ 'ਚ ਹਲਫ਼ਨਾਮਾ ਦਾਇਰ ਕਰਨ ਲਈ ਕਿਹਾ। ਪੰਜਾਬ ਸਰਕਾਰ ਦੇ ਲੋਕਲ ਬਾਡੀ ਵਿਭਾਗ ਵੱਲੋਂ ਚੌਕਾਂ 'ਚੋਂ ਹੋਰਡਿੰਗ ਹਟਵਾਉਣ ਤੋਂ ਬਾਅਦ ਸਰਕਾਰ ਵੱਲੋਂ ਅਦਾਲਤ 'ਚ ਇਸ ਸਬੰਧੀ ਹਲਫ਼ਾਨਾਮਾ ਵੀ ਦਾਇਰ ਕਰ ਦਿੱਤਾ ਗਿਆ। ਕੋਰਟ 'ਚ ਹਲਫਾਨਾਮਾ ਦਾਇਰ ਕਰਨ ਤੋਂ ਤਿੰਨ ਹਫਤੇ ਮਗਰੋਂ ਹੀ ਮਾਰਗਾਂ 'ਤੇ ਹੋਰਡਿੰਗ ਪਹਿਲਾਂ ਵਾਂਗ ਦਿਸਣੇ ਸ਼ੁਰੂ ਹੋ ਗਏ ਹਨ।

ਇਸ ਸਬੰਧੀ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਢਿੱਲੋਂ ਨੇ ਕਿਹਾ ਕਿ ਚੋਣਾਂ ਦਾ ਐਲਾਨ ਸਨਿਚਰਵਾਰ ਦੇਰ ਸ਼ਾਮ ਹੋਇਆ ਹੈ। ਸਰਕਾਰੀ ਦਫਤਰਾਂ 'ਚ ਛੁੱਟੀ ਹੋਣ ਕਰਕੇ ਚੌਕਾਂ 'ਚੋਂ ਬੋਰਡ ਨਹੀਂ ਹਟਾਏ ਗਏ ਪਰ ਸੋਮਵਾਰ ਨੂੰ ਹੋਰਡਿੰਗ ਹਟਵਾ ਦਿੱਤੇ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਇਕ ਅਧਿਕਾਰੀ ਅਨੁਸਾਰ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ 'ਤੇ ਨਗਰ ਕੌਂਸਲਾਂ ਨੂੰ ਚੌਕਾਂ 'ਚ ਲੱਗੇ ਹੋਰਡਿੰਗ ਤੁਰੰਤ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।


News From: http://www.7StarNews.com

No comments:

 
eXTReMe Tracker