Tuesday, December 27, 2011

ਵਪਾਰੀ ਨੂੰ ਜ਼ਖ਼ਮੀ ਕਰਕੇ 18 ਲੱਖ ਰੁਪਏ ਲੁੱਟੇ

ਡੱਬਵਾਲੀ, December - 27 - 2011(Tehelkanews)

ਇਥੇ ਅੱਜ ਦਿਨ-ਦਿਹਾੜੇ ਲੁਟੇਰੇ ਖੰਡ ਦੇ ਇਕ ਕਾਰੋਬਾਰੀ ਨੂੰ ਜ਼ਖ਼ਮੀ ਕਰਕੇ 18 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਜ਼ਖ਼ਮੀ ਵਪਾਰੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਵਿੱਚ ਲਿਜਾਇਆ ਗਿਆ।

ਜਾਣਕਾਰੀ ਅਨੁਸਾਰ ਚੌਧਰੀ ਦੇਵੀ ਲਾਲ ਮਾਰਕੀਟ ਦਾ ਖੰਡ ਦਾ ਵਪਾਰੀ ਰਮੇਸ਼ ਮਿੱਤਲ ਅੱਜ ਲਗਪਗ ਸਾਢੇ 11 ਵਜੇ ਥੈਲੇ ਵਿੱਚ ਰੁਪਏ ਲੈ ਕੇ ਪੈਦਲ ਬੈਂਕ ਜਾ ਰਿਹਾ ਸੀ। ਦੁਕਾਨ ਤੋਂ ਕਰੀਬ 100 ਮੀਟਰ ਦੀ ਦੂਰੀ 'ਤੇ ਹੀ ਪੁੱਜਣ ਉਤੇ ਬਲਦੇਵ ਜਲੇਬੀ ਵਾਲੀ ਗਲੀ ਵਿੱਚ ਮੋਟਰਸਾਈਕਲ 'ਤੇ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਵਪਾਰੀ ਰਮੇਸ਼ ਮਿੱਤਲ ਦੇ ਸਿਰ 'ਤੇ ਵਾਰ ਕਰਕੇ ਜ਼ਖ਼ਮੀ ਕਰ ਦਿੱਤਾ ਅਤੇ ਥੈਲੇ ਵਿੱਚ ਮੌਜੂਦ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ। ਲਹੂ ਲੁਹਾਨ ਹੋਏ ਵਪਾਰੀ ਨੂੰ ਆਲੇ-ਦੁਆਲੇ ਦੇ ਲੋਕਾਂ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿਥੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਬਾਅਦ ਵਿੱਚ ਰਮੇਸ਼ ਮਿੱਤਲ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਸ ਦੇ ਵਾਰਸ ਮੁੱਢਲੀ ਡਾਕਟਰੀ ਸਹਾਇਤਾ ਮਗਰੋਂ ਉਸ ਨੂੰ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਲੈ ਗਏ।

ਜ਼ਖਮੀ ਵਪਾਰੀ ਦੇ ਭਰਾ ਅੰਜਨੀ ਮਿੱਤਲ ਨੇ ਦੱਸਿਆ ਕਿ ਉਸ ਦਾ ਭਰਾ 18-20 ਲੱਖ ਰੁਪਏ ਦੇ ਕਰੀਬ ਰਕਮ ਨੂੰ ਦੁਕਾਨ ਤੋਂ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਲੈ ਕੇ ਗਿਆ ਸੀ। ਸਹੀ ਰਕਮ ਦਾ ਪਤਾ ਰਮੇਸ਼ ਦੇ ਹੋਸ਼ ਵਿੱਚ ਆਉਣ 'ਤੇ ਹੀ ਲੱਗੇਗਾ। ਇਸ ਵਾਰਦਾਤ ਤੋਂ ਬਾਅਦ ਸ਼ਹਿਰ ਦੀ ਜਨਤਾ ਵਿੱਚ ਰੋਹ ਫੈਲ ਗਿਆ ਅਤੇ ਸ਼ਹਿਰ ਦਾ ਮੁੱਖ ਬਾਜ਼ਾਰ ਬੰਦ ਹੋ ਗਿਆ। ਵਾਰਦਾਤ ਦੀ ਜਾਣਕਾਰੀ ਮਿਲਦੇ ਹੀ ਡੀ.ਐਸ.ਪੀ. ਬਾਬੂ ਲਾਲ ਅਤੇ ਸਿਟੀ ਥਾਣੇ ਦੇ ਮੁਖੀ ਮਹਾ ਸਿੰਘ ਰੰਗਾ ਵੀ ਪੁਲੀਸ ਫੋਰਸ ਸਮੇਤ ਮੌਕੇ 'ਤੇ ਪਹੁਚ ਗਏ। ਸੂਚਨਾ ਮਿਲਣ 'ਤੇ ਸਿਰਸਾ ਦੇ ਜ਼ਿਲ੍ਹਾ ਪੁਲੀਸ ਮੁਖੀ ਦਵਿੰਦਰ ਯਾਦਵ ਵੀ ਮੌਕੇ 'ਤੇ ਪਹੰਚੇ ਅਤੇ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ। ਉਨ੍ਹਾਂ ਗੋਲ ਬਾਜ਼ਾਰ ਚੌਕੀ ਦੇ ਮੁਖੀ ਕ੍ਰਿਸ਼ਨ ਕੁਮਾਰ ਠਾਕੁਰ ਨੂੰ ਮੁਅੱਤਲ ਕਰਨ ਦੇ ਆਦੇਸ਼ ਦਿੱਤੇ।

ਜ਼ਿਲ੍ਹਾ ਪੁਲੀਸ ਮੁਖੀ ਨੇ ਮੌਕੇ 'ਤੇ ਮੌਜੂਦ ਡੀ.ਐਸ.ਪੀ. ਬਾਬੂ ਲਾਲ ਨੂੰ ਸ਼ਹਿਰ ਦੀ ਨਾਕਾਬੰਦੀ ਕਰਨ ਦੇ ਆਦੇਸ਼ ਦਿੰਦਿਆਂ ਆਗਾਮੀ ਨਿਰਦੇਸ਼ਾਂ ਤੱਕ ਸੀ.ਆਈ.ਏ. ਸਟਾਫ ਅਤੇ ਇਸ ਤੋਂ ਇਲਾਵਾ ਹੋਰ ਵੱਧ ਪੁਲੀਸ ਫੋਰਸ ਨੂੰ ਵੀ ਡੱਬਵਾਲੀ ਵਿੱਚ ਤਾਇਨਾਤ ਕਰ ਦਿੱਤਾ ਹੈ।


News From: http://www.7StarNews.com

No comments:

 
eXTReMe Tracker