Monday, December 26, 2011

ਫ਼ਿਲਮ ਟੌਹਰ ਮਿੱਤਰਾਂ ਦੀ

December - 26 - 2011(Tehelkanews)



ਪੰਜਾਬੀ ਅਤੇ ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਜਿੰਮੀ ਸ਼ੇਰਗਿੱਲ ਹੀਰੋ ਦੇ ਨਾਲ-ਨਾਲ ਨਿਰਮਾਤਾ ਵਜੋਂ 'ਧਰਤੀ' ਫ਼ਿਲਮ ਤੋਂ ਬਾਅਦ ਪੰਜਾਬੀ ਫ਼ਿਲਮ 'ਟੌਹਰ ਮਿੱਤਰਾਂ ਦੀ' ਬਣਾ ਰਿਹਾ ਹੈ। ਮੁੰਡੇ ਯੂ.ਕੇ. ਦੇ ਅਤੇ ਇੱਕ ਕੁੜੀ ਪੰਜਾਬ ਦੀ ਰਾਹੀਂ ਬਤੌਰ ਨਾਇਕ ਪਛਾਣ ਬਣਾ ਚੁੱਕੇ ਗਾਇਕ ਅਮਰਿੰਦਰ ਗਿੱਲ ਅਤੇ ਪੰਜਾਬੀ ਫ਼ਿਲਮ ਧਰਤੀ ਅਤੇ ਨਵੀਂ ਆਈ ਹਿੰਦੀ ਫ਼ਿਲਮ ਮੋੜ ਵਿੱਚ ਅਹਿਮ ਕਿਰਦਾਰ ਨਿਭਾ ਚੁੱਕੇ ਰਣਵਿਜੇ ਬਤੌਰ ਇਸ ਫ਼ਿਲਮ ਦੇ ਨਾਇਕ ਹਨ। ਫ਼ਿਲਮ ਦੇ ਨਾਇਕ ਅਮਰਿੰਦਰ ਗਿੱਲ ਅਤੇ ਰਣਵਿਜੇ ਇਸ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਤ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਚਾਹੁਣ ਤਾਂ ਕੁਝ ਵੀ ਕਰ ਸਕਦੇ ਹਨ ਪਰ ਅੱਜ ਦੀ ਨੌਜਵਾਨ ਪੀੜ੍ਹੀ ਚਾਰੇ-ਪਾਸੇ ਤੋਂ ਨਿਰਾਸ਼ ਹੋਣ ਕਾਰਨ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਚੁੱਕੀ ਹੈ। ਜੇਕਰ ਨੌਜਵਾਨਾਂ ਨੂੰ ਕਿਸੇ ਖੇਡ ਜਾਂ ਚੰਗੇ ਕੰਮ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਇਨਕਲਾਬ ਲਿਆ ਸਕਦੇ ਹਨ। ਆਪਣੇ ਕਿਰਦਾਰ ਬਾਰੇ ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਵਿੱਚ ਉਹ ਦੋਨੋਂ ਕਾਲਜ ਪੜ੍ਹਦੇ ਹਾਂ ਅਤੇ ਹਾਕੀ ਦੇ ਖਿਡਾਰੀ ਹਨ ਜੋ ਹਾਕੀ ਰਾਹੀਂ ਬੁਲੰਦੀਆਂ ਨੂੰ ਛੋਂਹਦੇ ਹਨ। ਧਰਤੀ ਦੀ ਨਾਇਕਾ ਸਰਵੀਨ ਚਾਵਲਾ ਅਤੇ ਹਿੰਦੀ ਫ਼ਿਲਮ ਓਮਕਾਰਾ, ਸਿੰਘਮ ਦੇ ਨਿਰਮਾਤਾ ਕੁਮਾਰ ਮਾਂਗਟ ਦੀ ਬੇਟੀ ਅਮਿਤਾ ਪਾਠਕ ਫ਼ਿਲਮ ਦੀਆਂ ਨਾਇਕਾਵਾਂ ਹਨ। ਫ਼ਿਲਮ ਇੱਕ ਐਕਸ਼ਨ ਲਵ ਸਟੋਰੀ ਹੈ, ਜਿਸ ਦੇ ਦੋ ਗੀਤ ਲੱਦਾਖ ਦੀਆਂ ਬਰਫ਼ ਨਾਲ ਲੱਦੀਆਂ ਵਾਦੀਆਂ ਉਪਰ ਫ਼ਿਲਮਾਏ ਗਏ ਹਨ। ਫ਼ਿਲਮ ਦੀ ਸ਼ੂਟਿੰਗ ਤਰਨ ਤਾਰਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਸ-ਪਾਸ ਹੋਈ ਹੈ। ਪੰਜਾਬੀ ਫ਼ਿਲਮਾਂ ਦੇ ਖ਼ਲਨਾਇਕ ਬੀਨੂੰ ਢਿੱਲੋਂ ਅਤੇ ਹਾਸਰਸ ਕਲਾਕਾਰ ਰਣਬੀਰ ਰਾਣਾ ਵੀ ਇਸ ਫ਼ਿਲਮ ਵਿੱਚ ਕੰਮ ਕਰ ਰਹੇ ਹਨ। ਇਸ ਫ਼ਿਲਮ ਦੀ ਕਹਾਣੀ ਧੀਰਜ ਕੁਮਾਰ ਨੇ ਲਿਖੀ ਹੈ। ਗੀਤਾਂ ਨੂੰ ਆਵਾਜ਼ ਦਿੱਤੀ ਹੈ ਅਮਰਿੰਦਰ ਗਿੱਲ ਨੇ। ਮਿਊਜ਼ਿਕ ਡਾਇਰੈਕਟਰ ਵਜੋਂ ਕਾਰਜ ਜੈਦੇਵ ਕੁਮਾਰ ਨੇ ਨਿਭਾਇਆ ਹੈ। ਫ਼ਿਲਮ ਦੇ ਹਰ ਦ੍ਰਿਸ਼ ਨੂੰ ਖੂਬਸੂਰਤੀ ਪ੍ਰਦਾਨ ਕੀਤੀ ਹੈ ਆਰਟ ਡਾਇਰੈਕਟਰ ਤੀਰਥ ਸਿੰਘ ਗਿੱਲ ਨੇ। ਵਿਸਾਖੀ ਤਕ ਫ਼ਿਲਮ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।


News From: http://www.7StarNews.com

No comments:

 
eXTReMe Tracker