Tuesday, December 27, 2011

ਪੰਜ ਜ਼ਿਲ੍ਹਾ ਪੁਲੀਸ ਮੁਖੀ ਬਦਲਣ ਦੀ ਤਿਆਰੀ

ਚੰਡੀਗੜ੍ਹ,December - 27 - 2011(Tehelkanews)

ਚੋਣ ਕਮਿਸ਼ਨ ਨੇ ਪੰਜ ਜ਼ਿਲ੍ਹਿਆਂ ਪਟਿਆਲਾ, ਮੁਕਤਸਰ, ਬਰਨਾਲਾ, ਮੋਗਾ ਤੇ ਮਾਨਸਾ ਦੇ ਐਸ.ਐਸ.ਪੀਜ਼. ਤੇ ਪਟਿਆਲਾ ਦੇ ਐਸ.ਪੀ. (ਸਥਾਨਕ) ਨੂੰ ਤਬਦੀਲ ਕਰਨ ਦਾ ਫੈਸਲਾ ਕਰ ਲਿਆ ਹੈ। ਸੂਤਰਾਂ ਅਨੁਸਾਰ ਚੋਣ ਕਮਿਸ਼ਨ ਵੱਲੋਂ ਉਕਤ ਜ਼ਿਲ੍ਹਿਆਂ ਦੇ ਪੁਲੀਸ ਮੁਖੀਆਂ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਜ਼ਿਲ੍ਹੇ ਮੁਕਤਸਰ ਦੇ ਐਸ.ਐਸ.ਪੀ. ਇੰਦਰਮੋਹਨ ਸਿੰਘ, ਮੋਗਾ ਦੇ ਸਨੇਹਦੀਪ ਸ਼ਰਮਾ, ਬਰਨਾਲਾ ਦੇ ਸੁਰਜੀਤ ਸਿੰਘ, ਪਟਿਆਲਾ ਦੇ ਗੁਰਪ੍ਰੀਤ ਸਿੰਘ ਗਿੱਲ ਤੇ ਮਾਨਸਾ 'ਚ ਸੁਖਦੇਵ ਸਿੰਘ ਚਾਹਲ ਦੀ ਥਾਂ 'ਤੇ ਪੰਜਾਬ ਪੁਲੀਸ ਵੱਲੋਂ ਨਵੇਂ ਪੁਲੀਸ ਅਧਿਕਾਰੀਆਂ ਦਾ ਪੈਨਲ ਤਿਆਰ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਫਤਿਹਗੜ੍ਹ ਸਾਹਿਬ ਦੇ ਰਣਬੀਰ ਸਿੰਘ ਖੱਟੜਾ ਨੂੰ ਤਬਦੀਲ ਕਰਨ ਬਾਰੇ ਵੀ ਚਰਚਾ ਹੈ। ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਜ਼ਾਬਤਾ ਲੱਗਣ ਦੇ ਤਿੰਨ ਦਿਨਾਂ ਦੇ ਅੰਦਰ ਹੀ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਦੂਜਾ ਵੱਡਾ ਝਟਕਾ ਦਿੱਤਾ ਗਿਆ ਹੈ। ਐਤਵਾਰ ਨੂੰ ਕਪੂਰਥਲਾ, ਮਾਨਸਾ ਤੇ ਮੋਗਾ ਦੇ ਡੀ.ਸੀ. ਬਦਲਣ ਦਾ ਫੈਸਲਾ ਲਿਆ ਗਿਆ ਸੀ।

ਚੋਣ ਕਮਿਸ਼ਨ ਵੱਲੋਂ ਨਵੇਂ ਜ਼ਿਲ੍ਹਾ ਪੁਲੀਸ ਮੁਖੀ ਨਿਯੁਕਤ ਕਰਨ ਲਈ ਰਾਜ ਦੇ ਗ੍ਰਹਿ ਵਿਭਾਗ ਨੂੰ ਪੁਲੀਸ ਅਧਿਕਾਰੀਆਂ ਦਾ ਪੈਨਲ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਗ੍ਰਹਿ ਵਿਭਾਗ ਦੇ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਦਿਆਂ ਛੇ ਪੁਲੀਸ ਅਧਿਕਾਰੀਆਂ ਦੇ ਤਬਾਦਲੇ ਕਮਿਸ਼ਨ ਦੀਆਂ ਹਦਾਇਤਾਂ 'ਤੇ ਹੋਣ ਦੀ ਪੁਸ਼ਟੀ ਕੀਤੀ ਹੈ। ਮੁੱਖ ਚੋਣ ਅਫਸਰ ਦੇ ਦਫ਼ਤਰ ਵੱਲੋਂ ਇਸ ਬਾਰੇ ਭਾਰਤ ਦੇ ਚੋਣ ਕਮਿਸ਼ਨ ਨੂੰ ਵੀ ਪੱਤਰ ਵਿਹਾਰ ਕੀਤਾ ਗਿਆ ਹੈ। ਰਾਜ ਦੀ ਮੁੱਖ ਚੋਣ ਅਧਿਕਾਰੀ ਕੁਸੁਮਜੀਤ ਸਿੱਧੂ ਨੇ ਉਕਤ ਜ਼ਿਲ੍ਹਿਆਂ ਦੇ ਐਸ.ਐਸ.ਪੀ. ਤਬਦੀਲ ਕਰਨ ਤੋਂ ਪਹਿਲਾਂ ਡੀ.ਜੀ.ਪੀ. ਅਨਿਲ ਕੌਸ਼ਿਕ ਤੇ ਏ.ਡੀ.ਜੀ.ਪੀ. (ਚੋਣਾਂ) ਸੀ.ਐਸ.ਆਰ. ਰੈਡੀ ਨਾਲ ਮੀਟਿੰਗ ਕੀਤੀ। ਚੋਣ ਅਧਿਕਾਰੀ ਨੇ ਸ੍ਰੀ ਰੈਡੀ ਨੂੰ ਨਵੇਂ ਪੁਲੀਸ ਅਧਿਕਾਰੀਆਂ ਦਾ ਪੈਨਲ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਕਈ ਜ਼ਿਲ੍ਹਾ ਪੁਲੀਸ ਮੁਖੀ ਚੋਣ ਕਮਿਸ਼ਨ ਦੇ ਨਿਸ਼ਾਨੇ 'ਤੇ ਸਨ। ਮੋਗਾ ਦੇ ਐਸ.ਐਸ.ਪੀ. ਸਨੇਹਦੀਪ ਸ਼ਰਮਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੋਗਾ ਤੋਂ ਉਮੀਦਵਾਰ ਪਰਮਦੀਪ ਸਿੰਘ ਗਿੱਲ ਦੇ ਡੀ.ਜੀ.ਪੀ. ਹੁੰਦਿਆਂ ਮੋਗਾ ਹਲਕੇ ਵਿਚਲੀਆਂ ਸਰਗਰਮੀਆਂ ਬਾਰੇ ਜੋ ਵੀ ਰਿਪੋਰਟਾਂ ਭੇਜੀਆਂ ਗਈਆਂ, ਉਨ੍ਹਾਂ ਨੂੰ ਗੁੰਮਰਾਹਕੁਨ ਮੰਨਿਆ ਸੀ। ਬਰਨਾਲਾ ਦੇ ਐਸ.ਐਸ.ਪੀ. ਸੁਰਜੀਤ ਸਿੰਘ ਬਾਰੇ ਕਮਿਸ਼ਨ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਇਹ ਪੁਲੀਸ ਅਫਸਰ ਸੇਵਾ ਮੁਕਤ ਆਈ.ਏ.ਐਸ. ਅਧਿਕਾਰੀ ਤੇ ਭਦੌੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਦੀ ਕਰੀਬੀ ਹੈ।

ਚੋਣ ਕਮਿਸ਼ਨ ਵੱਲੋਂ ਕੁਝ ਪੁਲੀਸ ਅਧਿਕਾਰੀਆਂ ਦਾ ਪਿਛੋਕੜ ਕਿਸੇ ਅਪਰਾਧਿਕ ਸਰਗਰਮੀ ਨਾਲ ਜੁੜਿਆ ਹੋਣ ਕਾਰਨ ਵੀ ਤਬਾਦਲੇ ਦਾ ਫੈਸਲਾ ਲਿਆ ਗਿਆ ਹੈ। ਪਟਿਆਲਾ ਦੇ ਐਸ.ਪੀ. ਹੈੱਡਕੁਆਰਟਰ ਗੁਰਦੀਪ ਸਿੰਘ ਪੰਨੂ ਨੂੰ ਵੀ ਤਬਦੀਲ ਕਰਨ ਫੈਸਲਾ ਕੀਤਾ ਗਿਆ ਹੈ। ਪਟਿਆਲਾ ਦੇ ਐਸ.ਐਸ.ਪੀ. ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਦੀ ਨਿੱਜੀ ਰਿਹਾਇਸ਼ ਪਟਿਆਲਾ ਸ਼ਹਿਰ ਵਿੱਚ ਹੀ ਹੈ। ਮੁਕਤਸਰ ਦੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮੁੱਖ ਮੰਤਰੀ ਦੇ ਪਰਿਵਾਰ ਦੇ ਨਜ਼ਦੀਕ ਸਮਝਿਆ ਜਾਂਦਾ ਹੈ ਤੇ ਉਹ ਲੰਮਾ ਸਮਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਤਾਇਨਾਤ ਨਿੱਜੀ ਸੁਰੱਖਿਆ ਅਮਲੇ ਵਿੱਚ ਰਹੇ ਹਨ। ਚੋਣ ਕਮਿਸ਼ਨ ਨੂੰ ਉਕਤ ਪੁਲੀਸ ਅਧਿਕਾਰੀਆਂ ਬਾਰੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਸ਼ਿਕਾਇਤਾਂ ਮਿਲ ਰਹੀਆਂ ਸਨ।

ਜ਼ਿਕਰਯੋਗ ਹੈ ਕਿ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ. ਰਣਬੀਰ ਸਿੰਘ ਖੱਟੜਾ ਨੂੰ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਦੋਸ਼ 'ਚ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲੀਸ ਜ਼ਿਲ੍ਹੇ ਤੋਂ ਤਬਦੀਲ ਕੀਤਾ ਸੀ ਤੇ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਵਿਧਾਨ ਸਭਾ ਚੋਣਾਂ ਦਾ ਜ਼ਾਬਤਾ ਲੱਗਣ ਤੋਂ ਪਹਿਲਾਂ ਅਜਿਹੇ ਪੁਲੀਸ ਤੇ ਸਿਵਲ ਅਫਸਰਾਂ ਨੂੰ ਚੋਣ ਡਿਊਟੀ ਤੋਂ ਲਾਭੇ ਕੀਤਾ ਜਾਵੇ ਜਿਨ੍ਹਾਂ ਅਫਸਰਾਂ ਨੂੰ ਪਹਿਲਾਂ ਕਦੇ ਚੋਣ ਕਮਿਸ਼ਨ ਨੇ ਤਬਦੀਲ ਕੀਤਾ ਸੀ। ਸਰਕਾਰ ਨੇ ਕਮਿਸ਼ਨ ਦੀਆਂ ਹਦਾਇਤਾਂ ਨੂੰ ਅੱਖੋਂ ਪਰੋਖੇ ਕਰਦਿਆਂ ਸ੍ਰੀ ਖੱਟੜਾ ਸਮੇਤ ਕਈਆਂ ਨੂੰ ਤਬਦੀਲ ਨਹੀਂ ਕੀਤਾ।




News From: http://www.7StarNews.com

No comments:

 
eXTReMe Tracker