Tuesday, December 27, 2011

ਗਿਰਜੇ ਵਿੱਚ ਪ੍ਰਾਰਥਨਾ ਤੋਂ ਰੋਕਣ ਉਤੇ ਈਸਾਈ ਭਾਈਚਾਰੇ ਵੱਲੋਂ ਰੋਸ ਮੁਜ਼ਾਹਰਾ

ਦੇਹਰਾਦੂਨ,December -27 - 2011 (Tehelkanews)

ਜ਼ਿਲ੍ਹੇ ਦੇ ਕਸਬੇ ਚਕਰਾਤਾ ਵਿਖੇ ਕ੍ਰਿਸਮਸ ਤੋਂ ਐਨ ਪਹਿਲਾਂ ਫ਼ੌਜ ਵੱਲੋਂ ਉਥੇ ਅੰਗਰੇਜ਼ਾਂ ਦੇ ਸਮੇਂ ਤੋਂ ਬਣੇ ਗਿਰਜਾਘਰਾਂ ਵਿਚ ਈਸਾਈ ਭਾਈਚਾਰੇ ਦੇ ਦਾਖ਼ਲੇ ਉਤੇ ਰੋਕ ਲਾ ਦਿੱਤੇ ਜਾਣ ਕਾਰਨ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਅੰਗਰੇਜ਼ਾਂ ਵੱਲੋਂ 19ਵੀਂ ਸਦੀ ਵਿਚ ਆਪਣੀ ਪੈਦਲ ਫ਼ੌਜ ਦੀ ਗਰਮੀਆਂ ਦੀ ਛਾਉਣੀ ਵਜੋਂ ਸਥਾਪਤ ਕੀਤੇ ਗਏ ਜਨਜਾਤੀ ਖੇਤਰ ਚਕਰਾਤਾ ਵਿਚ ਇਸ ਵੇਲੇ ਫ਼ੌਜ ਵੱਲੋਂ ਦਲਾਈ ਲਾਮਾ ਦੀ ਸੁਰੱਖਿਆ ਲਈ ਤਾਇਨਾਤ ਸੁਰੱਖਿਆ ਅਮਲੇ ਨੂੰ ਟਰੇਨਿੰਗ ਦਿੱਤੇ ਜਾਣ ਕਾਰਨ ਇਸ ਨੂੰ ਅਤਿ ਸੰਵੇਦਨਸ਼ੀਲ ਇਲਾਕਾ ਐਲਾਨਿਆ ਗਿਆ ਹੈ।

ਇਸ ਕਸਬੇ ਵਿਚ ਅੰਗਰੇਜ਼ਾਂ ਦੇ ਵੇਲੇ ਦੇ ਤਿੰਨ ਗਿਰਜਾਘਰ ਬਣੇ ਹੋਏ ਹਨ ਜਿਨ੍ਹਾਂ ਵਿਚੋਂ ਇਕ ਤਾਂ ਸਾਂਭ-ਸੰਭਾਲ ਖੁਣੋਂ ਖੰਡਰ ਬਣ ਚੁੱਕਾ ਹੈ। ਹੁਣ ਇਥੋਂ ਦੇ ਪੈਸਟਰ (ਮੁੱਖ ਪਾਦਰੀ) ਸੁੰਦਰ ਸਿੰਘ ਚੌਹਾਨ ਵੱਲੋਂ ਇਨ੍ਹਾਂ ਦੀ ਸਾਂਭ-ਸੰਭਾਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਇਥੇ ਛਾਉਣੀ ਖੇਤਰ ਲਾਗੇ ਸਥਿਤ ਐਂਗਲੀਕਨ ਚਰਚ ਵਿਚ ਕ੍ਰਿਸਮਸ ਮੌਕੇ ਪ੍ਰਾਰਥਨਾ ਕਰਨ ਦੀ ਕੋਸ਼ਿਸ਼ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ। ਇਸ ਮੌਕੇ ਪ੍ਰਾਰਥਨਾ ਲਈ ਦੇਹਰਾਦੂਨ ਜ਼ਿਲ੍ਹੇ ਦੇ ਹੋਰ ਕਸਬਿਆਂ ਵਿਕਾਸਨਗਰ, ਹਰਬਟਪੁਰ, ਝਾਜਰਾ ਅਤੇ ਡਾਕ ਪੱਥਰ ਤੋਂ ਈਸਾਈ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਪੁੱਜੇ ਹੋਏ ਸਨ। ਜਦੋਂ ਉਨ੍ਹਾਂ ਨੂੰ ਗਿਰਜਿਆਂ ਵੱਲ ਜਾਣ ਤੋਂ ਰੋਕ ਦਿੱਤਾ ਗਿਆ ਤਾਂ ਉਹ ਸੜਕ ਉਤੇ ਹੀ ਧਰਨਾ ਮਾਰ ਕੇ ਬੈਠ ਗਏ ਅਤੇ ਫ਼ੌਜ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸ੍ਰੀ ਚੌਹਾਨ ਨੇ ਕਿਹਾ ਕਿ ਇਹ ਗਿਰਜੇ 1866 ਵਿਚ ਇਸ ਖੇਤਰ ਨੂੰ ਛਾਉਣੀ ਐਲਾਨੇ ਜਾਣ ਪਿੱਛੋਂ ਬਣਾਏ ਗਏ ਸਨ ਪਰ ਆਜ਼ਾਦੀ ਤੋਂ ਬਾਅਦ ਇਥੇ ਈਸਾਈ ਭਾਈਚਾਰੇ ਦੀ ਗਿਣਤੀ ਘਟ ਜਾਣ ਕਾਰਨ ਇਨ੍ਹਾਂ ਗਿਰਜਿਆਂ ਨੂੰ ਫ਼ੌਜ ਨੇ ਆਪਣੇ ਕੰਟਰੋਲ ਹੇਠ ਲੈ ਲਿਆ। ਉਨ੍ਹਾਂ ਕਿਹਾ ਕਿ ਐਂਗਲੀਕਨ ਚਰਚ ਵਿਚ ਫ਼ੌਜ ਵੱਲੋਂ ਬਣਾਈ ਸੰਸਥਾ ਨੇ ਇਕ ਪਬਲਿਕ ਸਕੂਲ ਚਲਾਇਆ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਗਿਰਜਿਆਂ ਨੂੰ ਕੌਮੀ ਵਿਰਾਸਤ ਐਲਾਨਣ ਦੀ ਮੰਗ ਵੀ ਕੀਤੀ।

ਦੂਜੇ ਪਾਸੇ ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੇਤਰ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਥੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।


News From: http://www.7StarNews.com

No comments:

 
eXTReMe Tracker