Tuesday, December 27, 2011

ਨਵੇਂ ਯੂਥ ਕਾਂਗਰਸ ਪ੍ਰਧਾਨ ਵੱਲੋਂ ਮਜੀਠੀਆ ’ਤੇ ਤਿੱਖੇ ਵਾਰ

ਚੰਡੀਗੜ੍ਹ,December - 27 - 2011 (Tehelkanews)

ਯੂਥ ਕਾਂਗਰਸ ਪੰਜਾਬ ਦੇ ਨਵੇਂ ਚੁਣੇ ਗਏ ਪ੍ਰਧਾਨ ਵਿਕਰਮਜੀਤ ਸਿੰਘ ਚੌਧਰੀ ਨੇ ਅੱਜ ਇੱਥੇ ਪੰਜਾਬ ਕਾਂਗਰਸ ਭਵਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਇਕੱਠ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਬੂਥਾਂ ਵਿੱਚ ਧਾਂਦਲੀਆਂ ਕਰਨ ਦੀ ਸਾਜ਼ਿਸ਼ ਘੜੀ ਹੈ।

ਉਨ੍ਹਾਂ ਕਿਹਾ ਕਿ ਕੁਝ ਏਜੰਸੀਆਂ ਤੋਂ ਸੂਚਨਾ ਹਾਸਲ ਹੋਈ ਹੈ ਕਿ ਸ੍ਰੀ ਸੁਖਬੀਰ ਤੇ ਮਜੀਠੀਆ ਨੇ ਪੰਜਾਬ ਦੀ ਸੱਤਾ ਨੂੰ ਮੁੜ ਹਥਿਆਉਣ ਲਈ ਚੋਣ ਬੂਥਾਂ ਵਿੱਚ ਧਾਂਦਲੀਆਂ ਕਰਨ ਦੀ ਸਾਜ਼ਿਸ਼ ਘੜੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਮੁਕਾਬਲੇ ਲਈ ਯੂਥ ਕਾਂਗਰਸ ਨੇ ਆਪਣੇ ਪੱਧਰ 'ਤੇ ਤਿਆਰੀਆਂ ਕੱਸ ਲਈਆਂ ਹਨ ਜਿਸ ਤਹਿਤ ਹਰੇਕ ਵਿਧਾਨ ਸਭਾ ਹਲਕੇ ਵਿੱਚ ਯੂਥ ਕਾਂਗਰਸ ਦੇ ਜਥੇ ਤਿਆਰ ਕੀਤੇ ਜਾ ਰਹੇ ਹਨ ਤੇ 117 ਵਿਧਾਨ ਸਭਾ ਹਲਕਿਆਂ ਦੇ ਯੂਥ ਕਾਂਗਰਸ ਪ੍ਰਧਾਨਾਂ ਦੀ ਅਗਵਾਈ ਹੇਠ ਟੀਮਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਅਹਿਮ ਖੁਲਾਸਾ ਕਰਦਿਆਂ ਕਿਹਾ ਕਿ ਪੁਲੀਸ ਤੇ ਸਿਵਲ ਅਧਿਕਾਰੀਆਂ ਦੀ ਇੱਕ ਟੀਮ ਅਕਾਲੀ ਦਲ ਨੂੰ ਜਿਤਾਉਣ ਲਈ ਅਜਿਹੀਆਂ ਸਾਜ਼ਿਸ਼ਾਂ ਘੜ ਰਹੀ ਹੈ। ਸ੍ਰੀ ਚੌਧਰੀ ਨੇ ਦੱਸਿਆ ਇਨ੍ਹਾਂ ਅਧਿਕਾਰੀਆਂ 'ਤੇ ਯੂਥ ਕਾਂਗਰਸ ਦੀ ਅੱਖ ਹੈ ਤੇ ਜੇ ਉਹ ਬਾਜ ਨਾ ਆਏ ਤਾਂ ਉਨ੍ਹਾਂ ਦੇ ਨਾਂ ਨਸ਼ਰ ਕੀਤੇ ਜਾਣਗੇ ਤੇ ਇਨ੍ਹਾਂ ਅਧਿਕਾਰੀਆਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚੋਂ ਰੇਤ ਤੇ ਭੂ ਮਾਫੀਏ ਦਾ ਖਾਤਮਾ ਕਰ ਦਿੱਤਾ ਜਾਵੇਗਾ ਤੇ ਅਕਾਲੀਆਂ ਵੱਲੋਂ ਕਾਂਗਰਸ ਦੇ ਵਰਕਰਾਂ ਵਿਰੁੱਧ ਦਰਜ ਕੀਤੇ ਕੇਸਾਂ ਨੂੰ ਰੱਦ ਕਰਵਾਉਣ ਦਾ ਸਮਾਂ ਆ ਗਿਆ ਹੈ।

ਉਨ੍ਹਾਂ ਯੂਥ ਕਾਂਗਰਸ ਦੇ ਆਗੂਆਂ ਨੂੰ ਜਿੱਤ ਲਈ ਦਿਨ-ਰਾਤ ਇਕ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਿਛਲੇ ਪੰਜ ਸਾਲ ਅਕਾਲੀ-ਭਾਜਪਾ ਦੀ ਸਰਕਾਰ ਨੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਹੈ ਤੇ ਪੜ੍ਹਨ-ਲਿਖਣ ਦੇ ਬਾਵਜੂਦ ਬੇਰੁਜ਼ਗਾਰੀ ਵਿੱਚ ਘਿਰੇ 60 ਫੀਸਦੀ ਨੌਜਵਾਨ ਨਸ਼ਿਆਂ ਦੇ ਗੁਲਾਮ ਹੋ ਗਏ ਹਨ। ਇਸ ਲਈ ਪੰਜਾਬ ਨੂੰ ਬਚਾਉਣ ਲਈ ਅਕਾਲੀਆਂ ਨੂੰ ਸੱਤਾ ਤੋਂ ਬਾਹਰ ਕਰਨਾ ਜ਼ਰੂਰੀ ਹੋ ਗਿਆ ਹੈ। ਇਸ ਸਮਾਗਮ ਵਿੱਚ ਨਵੇਂ ਚੁਣੇ ਗਏ 10 ਲੋਕ ਸਭਾ ਹਲਕਿਆਂ ਦੇ ਪ੍ਰਧਾਨ ਫਰੀਦਕੋਟ ਲੋਕ ਸਭਾ ਹਲਕੇ ਦੇ ਪ੍ਰਧਾਨ ਗੁਰਲਾਲ ਸਿੰਘ ਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਗੁੱਗੂ, ਅੰਮ੍ਰਿਤਸਰ ਦੇ ਪ੍ਰਧਾਨ ਵਿਕਾਸ ਸੋਨੀ, ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਸੰਦੀਪ ਭਾਟੀਆ, ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਗੁਰਜੋਤ ਸਿੰਘ ਢੀਂਡਸਾ, ਫਿਰੋਜ਼ਪੁਰ ਦੇ ਪ੍ਰਧਾਨ ਜਸਬੀਰ ਕੌਰ, ਗੁਰਦਾਸਪੁਰ ਦੇ ਪ੍ਰਧਾਨ ਤਨੁਜ ਮਹਾਜਨ, ਹੁਸ਼ਿਆਰਪੁਰ ਦੇ ਪ੍ਰਧਾਨ ਰਮੇਸ਼ ਲਾਲ, ਖਡੂਰ ਸਾਹਿਬ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ, ਲੁਧਿਆਣਾ ਦੇ ਪ੍ਰਧਾਨ ਦੀਪਕ ਖੰਡੂਰ ਤੇ ਪਟਿਆਲਾ ਦੇ ਪ੍ਰਧਾਨ ਗੁਰਦੀਪ ਸਿੰਘ ਵੱਡੇ ਜਥੇ ਲੈ ਕੇ ਪੁੱਜੇ ਸਨ ਪਰ ਚੌਧਰੀ ਦੀ ਤਾਜ਼ਪੋਸ਼ੀ ਕਰਨ ਲਈ ਕੋਈ ਵੀ ਸੀਨੀਅਰ ਆਗੂ ਨਹੀਂ ਪੁੱਜਾ। ਜ਼ਿਕਰਯੋਗ ਹੈ ਕਿ ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਗੁਲਚੈਨ ਸਿੰਘ ਚੜਕ, ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਵਿਕਾਸ ਉਪਾਧਿਆਏ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਵਨੀਤ ਸਿੰਘ ਬਿੱਟੂ ਦੇ ਪੁੱਜਣ ਦੇ ਆਸਾਰ ਸਨ। ਉਂਜ ਇਸ ਮੌਕੇ ਵਿਕਰਮਜੀਤ ਚੌਧਰੀ ਦੇ ਪਿਤਾ ਪੰਜਾਬ ਦੇ ਸਾਬਕਾ ਮੰਤਰੀ ਚੌਧਰੀ ਸੰਤੋਖ ਸਿੰਘ ਤੇ ਸਾਬਕਾ ਮੰਤਰੀ ਚੌਧਰੀ ਜਗਜੀਤ ਸਿੰਘ ਮੌਜੂਦ ਸਨ।

ਸੀਨੀਅਰ ਆਗੂਆਂ ਦੇ ਸਮਾਗਮ ਵਿੱਚ ਨਾ ਪੁੱਜਣ ਬਾਬਤ ਗੱਲਬਾਤ ਕਰਦਿਆਂ ਸ੍ਰੀ ਵਿਕਰਮਜੀਤ ਨੇ ਦੱਸਿਆ ਕਿ ਪੰਜਾਬ ਵਿੱਚ ਚੋਣਾਂ ਦਾ ਐਲਾਨ ਹੋਣ ਕਾਰਨ ਇਹ ਸਾਰੇ ਆਗੂ ਉਮੀਦਵਾਰਾਂ ਦੀ ਚੋਣ ਲਈ ਮੀਟਿੰਗਾਂ ਵਿੱਚ ਰੁੱਝੇ ਹੋਣ ਕਾਰਨ ਨਹੀਂ ਆ ਸਕੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਿਧਾਨ ਸਭਾ ਚੋਣਾਂ ਲਈ 15-20 ਯੂਥ ਕਾਂਗਰਸ ਦੇ ਆਗੂਆਂ ਕੋਲੋਂ ਉਮੀਦਵਾਰੀ ਲਈ ਅਪਲਾਈ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਆਗੂ ਨੇ ਯੂਥ ਕਾਂਗਰਸ ਵਿੱਚ ਘੱਟੋ-ਘੱਟ ਤਿੰਨ ਸਾਲ ਕੰਮ ਕੀਤਾ ਹੈ, ਉਨ੍ਹਾਂ ਦੇ ਨਾਵਾਂ ਦੀ ਹੀ ਸਿਫਾਰਸ਼ ਕੀਤੀ ਗਈ ਹੈ। ਵਿਕਰਮਜੀਤ ਚੌਧਰੀ ਨੇ ਖੁਦ ਆਦਮਪੁਰ ਵਿਧਾਨ ਸਭਾ ਹਲਕੇ ਦੀ ਸੀਟ ਮੰਗੀ ਹੈ।


News From: http://www.7StarNews.com

No comments:

 
eXTReMe Tracker