Tuesday, December 27, 2011

ਅਕਾਲੀ ਦਲ ਤੇ ਬਸਪਾ ਵੱਲੋਂ ਮੇਅਰ ਲਈ ਉਮੀਦਵਾਰਾਂ ਦਾ ਐਲਾਨ

ਚੰਡੀਗੜ੍ਹ, 27,December - 27 - 2011 (Tehelkanews)

ਸ਼੍ਰੋਮਣੀ ਅਕਾਲੀ ਦਲ ਦੀ ਕੌਂਸਲਰ ਬੀਬੀ ਹਰਜਿੰਦਰ ਕੌਰ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵੀ ਅੱਜ ਨਗਰ ਨਿਗਮ ਚੰਡੀਗੜ੍ਹ ਦੀ ਮੇਅਰ ਦੀ ਚੋਣ ਲਈ ਜੰਨਤ ਜਹਾਂ (ਨੈਣਾ) ਨੂੰ ਮੈਦਾਨ ਵਿਚ ਉਤਾਰਨ ਕਾਰਨ ਸਥਿਤੀ ਰੌਚਕ ਬਣ ਗਈ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਤਾਂ ਮੇਅਰ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ, ਜਦੋਂ ਕਿ 2-2 ਸੀਟਾਂ ਵਾਲੀਆਂ ਪਾਰਟੀਆਂ ਨੇ ਆਪਣੇ ਮੇਅਰ ਦੇ ਉਮੀਦਵਾਰ ਐਲਾਨ ਦਿੱਤੇ ਹਨ। ਦੱਸਣਯੋਗ ਹੈ ਕਿ ਅਕਾਲੀ ਦਲ ਅਤੇ ਬਸਪਾ ਦੇ ਕੇਵਲ ਦੋ-ਦੋ ਕੌਂਸਲਰ ਹੀ ਹਨ। ਉਂਜ ਅਕਾਲੀ ਦਲ ਨੇ ਪੰਜਾਬ ਪੈਟਰਨ 'ਤੇ ਭਾਜਪਾ ਨਾਲ ਗੱਠਜੋੜ ਕਰਕੇ ਨਿਗਮ ਦੀ ਚੋਣ ਲੜੀ ਹੈ। ਭਾਵੇਂ ਪਹਿਲਾਂ ਹੀ ਬਸਪਾ ਚੰਡੀਗੜ੍ਹ ਦੇ ਕਨਵੀਨਰ ਅਨਵਰ ਉਲ ਹੱਕ ਆਪਣੀ ਪਤਨੀ ਅਤੇ ਨਵੀਂ ਕੌਂਸਲਰ ਚੁਣੀ ਗਈ ਜੰਨਤ ਜਹਾਂ ਨੂੰ ਮੇਅਰ ਦੀ ਚੋਣ ਲੜਾਉਣ ਦੀ ਚਰਚਾ ਕਰ ਰਹੇ ਸਨ ਪਰ ਅੱਜ ਪਾਰਟੀ ਦੇ ਕੌਮੀ ਜਨਰਲ ਸਕੱਤਰ ਨਰਿੰਦਰ ਕਸ਼ਿਅਪ ਵੱਲੋਂ ਅਧਿਕਾਰਤ ਤੌਰ 'ਤੇ ਜੰਨਤ ਨੂੰ ਮੇਅਰ ਲਈ ਉਮੀਦਵਾਰ ਐਲਾਨਣ ਕਾਰਨ ਚੰਡੀਗੜ੍ਹ ਦੇ ਸਿਆਸੀ ਦ੍ਰਿਸ਼ ਨੇ ਨਵੀਂ ਕਰਵਟ ਲੈ ਲਈ ਹੈ।

ਅਨਵਰ ਉਲ ਹੱਕ ਨੂੰ ਇਹ ਪੁੱਛੇ ਜਾਣ 'ਤੇ ਕਿ ਉਹ ਦੋ ਸੀਟਾਂ ਨਾਲ ਆਪਣਾ ਮੇਅਰ ਕਿਵੇਂ ਬਣਾਉਣਗੇ ਤਾਂ ਉਨ੍ਹਾਂ ਕਿਹਾ ਕਿ ਉਹ ਜੋੜ ਤੋੜ ਕਰ ਰਹੇ ਹਨ ਅਤੇ ਉਨ੍ਹਾਂ ਦੀ ਭਾਜਪਾ ਨਾਲ ਗੱਲਬਾਤ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਜੰਨਤ ਨੂੰ ਮੇਅਰ ਦਾ ਉਮੀਦਵਾਰ ਐਲਾਨ ਕੇ ਮਦਦ ਕਰੇਗੀ, ਉਹ ਉਸ ਪਾਰਟੀ ਨੂੰ ਹਮਾਇਤ ਦੇਣ ਬਾਰੇ ਸੋਚ ਸਕਦੇ ਹਨ। ਦੱਸਣਯੋਗ ਹੈ ਕਿ ਇਸ ਵਾਰ ਕਾਂਗਰਸ ਤੇ ਭਾਜਪਾ ਦੋਵਾਂ ਨੂੰ ਤਕਰੀਬਨ ਬਰਾਬਰ ਸੀਟਾਂ ਮਿਲਣ ਕਾਰਨ ਦੋਵੇਂ ਪਾਰਟੀਆਂ ਨੂੰ ਨਿਗਮ ਉਪਰ ਕਬਜ਼ਾ ਕਰਨ ਲਈ ਇਕ-ਇਕ ਸੀਟ ਦੀ ਲੋੜ ਹੈ। ਦੂਸਰੇ ਪਾਸੇ ਅਕਾਲੀ ਦਲ ਚੰਡੀਗੜ੍ਹ ਦੇ ਆਗੂਆਂ ਵੱਲੋਂ ਬੀਬੀ ਹਰਜਿੰਦਰ ਕੌਰ ਨੂੰ ਮੇਅਰ ਦਾ ਉਮੀਦਵਾਰ ਐਲਾਨਣ ਕਾਰਨ ਭਾਜਪਾ ਲਈ ਮੁਸੀਬਤ ਪੈਦਾ ਹੋ ਗਈ ਹੈ ਕਿਉਂਕਿ ਕਾਂਗਰਸ ਨਾਲ ਵਕਾਰ ਦੀ ਲੜਾਈ ਲੜ ਰਹੀ ਭਾਜਪਾ ਨੂੰ ਆਪਣੇ ਭਾਈਵਾਲ ਧੜੇ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੀ ਤਰੇੜ ਬੜੀ ਮਹਿੰਗੀ ਪੈ ਸਕਦੀ ਹੈ।

ਪਤਾ ਲੱਗਾ ਹੈ ਕਿ ਭਾਜਪਾ ਆਪਣੀ ਕੌਂਸਲਰ ਆਸ਼ਾ ਜੈਸਵਾਲ ਨੂੰ ਮੇਅਰ ਲਈ ਉਮੀਦਵਾਰ ਬਣਾਉਣਾ ਚਾਹੁੰਦੀ ਹੈ। ਦੂਸਰੇ ਪਾਸੇ ਕਾਂਗਰਸ ਦੇ ਕੌਂਸਲਰਾਂ ਨੇ ਮੇਅਰ ਦਾ ਉਮੀਦਵਾਰ ਬਣਾਉਣ ਦੇ ਅਧਿਕਾਰ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਦੇ ਦਿੱਤੇ ਹਨ। ਸੂਤਰਾਂ ਅਨੁਸਾਰ ਕਾਂਗਰਸ ਵੱਲੋਂ ਰਾਜ ਬਾਲਾ ਮਲਿਕ ਜਾਂ ਗੁਰਬਖਸ਼ ਰਾਵਤ ਵਿਚੋਂ ਕੋਈ ਇਕ ਮੇਅਰ ਲਈ ਉਮੀਦਵਾਰ ਹੋ ਸਕਦੀ ਹੈ। ਅੱਜ ਬਸਪਾ ਅਤੇ ਪਹਿਲਾਂ ਅਕਾਲੀ ਦਲ ਵੱਲੋਂ ਆਪੋ-ਆਪਣੇ ਉਮੀਦਵਾਰ ਐਲਾਨਣ ਦਾ ਲਾਭ ਕਾਂਗਰਸ ਨੂੰ ਹੀ ਹੋਣਾ ਹੈ ਕਿਉਂਕਿ ਆਮ ਚਰਚਾ ਹੈ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਨਾਮਜ਼ਦ ਕੀਤੇ 9 ਕਂੌਸਲਰਾਂ ਵਿਚੋਂ ਬਹੁਤੇ ਕਾਂਗਰਸ ਪੱਖੀ ਹਨ। ਇਸ ਤਰਾਂ ਵਿਰੋਧੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰ ਖੜੇ ਕਰਨ ਨਾਲ ਵਿਰੋਧੀ ਪਾਰਟੀਆਂ ਦੀ ਤਾਕਤ ਵੰਡਣ ਦਾ ਲਾਭ ਕਾਂਗਰਸ ਨੂੰ ਮਿਲਣ ਦੇ ਅਸਾਰ ਬਣਦੇ ਜਾ ਰਹੇ ਹਨ।


News From: http://www.7StarNews.com

No comments:

 
eXTReMe Tracker