Tuesday, December 27, 2011

ਕਿਆਨੀ ਤੇ ਪਾਸ਼ਾ ਦੀ ਛੁੱਟੀ ਦੀ ਤਿਆਰੀ

ਇਸਲਾਮਾਬਾਦ, December - 27 - 2011(Tehelkanews)

ਪਾਕਿਸਤਾਨ ਦੀ ਸਰਕਾਰ ਫੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਤੇ ਆਈ.ਐਸ.ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਅਹਿਮਦ ਸ਼ੂਜਾ ਪਾਸ਼ਾ ਨੂੰ ਹਟਾਉਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਮੀਡੀਆ ਦੀ ਇਕ ਰਿਪੋਰਟ ਅਨੁਸਾਰ ਫੌਜ ਵੱਲੋਂ ਕਥਿਤ ਤੌਰ 'ਤੇ ਰਾਜ ਪਲਟਾ ਕਰਨ ਦੇ ਖਦਸ਼ਿਆਂ ਬਾਰੇ ਇਕ ਮੀਮੋ ਨੂੰ ਲੈ ਕੇ ਛਿੜੇ ਕਲੇਸ਼ ਦੇ ਪਿਛੋਕੜ 'ਚ ਸਰਕਾਰ ਅਜਿਹਾ ਕਰਨਾ ਚਾਹ ਰਹੀ ਹੈ।

'ਦਿ ਨਿਊਜ਼' ਨੇ ਆਪਣੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਰਕਾਰ ਕਿਆਨੀ ਤੇ ਪਾਸ਼ਾ ਨਾਲ ਬੇਹੱਦ ਖਫਾ ਹੈ ਤੇ ਇਹ ਗੱਲ ਕੋਈ ਗੁੱਝੀ ਨਹੀਂ ਹੈ। ਕਿਆਨੀ ਦੇ ਕਾਰਜਕਾਲ 'ਚ ਤਿੰਨ ਸਾਲ ਦਾ ਵਾਧਾ ਕੀਤਾ ਗਿਆ ਸੀ ਤੇ ਪਾਸ਼ਾ ਨੂੰ ਪਿਛਲੇ ਸਾਲ ਇਕ ਸਾਲ ਹੋਰ ਸੇਵਾ ਕਰਨ ਲਈ ਮਿਲਿਆ ਸੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਪਿਛਲੇ ਮਹੀਨੇ ਨਾਟੋ ਦੇ ਹਵਾਈ ਹਮਲੇ ਮਗਰੋਂ ਅਮਰੀਕਾ ਵਿਰੁੱਧ ਪਾਕਿਸਤਾਨ ਨੂੰ ਬੇਹੱਦ ਸਖਤ ਰੁੱਖ ਅਖਤਿਆਰ ਅਪਣਾਉਣ ਨੂੰ ਮਜਬੂਰ ਕਰਨ ਲਈ ਵੀ ਦੋਵੇਂ ਜਰਨੈਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਨ੍ਹਾਂ ਦੋਵਾਂ ਨੇ ਮੀਮੋ ਸਬੰਧੀ ਵੀ ਸਰਕਾਰ ਦੇ ਐਨ ਉਲਟ ਸਟੈਂਡ ਲਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਇਸ ਮੀਮੋ ਦੀ ਸਹੀ ਢੰਗ ਨਾਲ ਜਾਂਚ ਕਰਾਈ ਜਾਵੇ ਤਾਂ ਇਹ ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਲਈ ਤੇ ਕੁਝ ਚੋਟੀ ਦੇ ਲੀਡਰਾਂ ਲਈ ਵਿਅਕਤੀਗਤ ਤੌਰ 'ਤੇ ਬੜੇ ਗੰਭੀਰ ਸੰਕਟ ਖੜੇ ਕਰ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਅਮਰੀਕਾ ਲਈ ਵਿਦੇਸ਼ ਨੀਤੀ ਤੇ ਫੌਜੀ ਨੀਤੀ ਘੜਨ 'ਚ ਸ਼ਾਮਲ ਅਹਿਮ ਆਗੂ ਇਸਲਾਮਾਬਾਦ ਨੂੰ ਇਨ੍ਹਾਂ ਦੋਵਾਂ ਜਰਨੈਲਾਂ ਨੂੰ ਚਲਦੇ ਕਰਨ ਲਈ ਉਤਸ਼ਾਹਤ ਕਰ ਰਹੇ ਹਨ ਤੇ ਪਾਕਿਸਤਾਨ ਦੀ ਸਿਆਸੀ ਲੀਡਰਸ਼ਿਪ ਨੂੰ ਅਜਿਹਾ ਕਰਨ 'ਤੇ ਅਮਰੀਕੀ ਆਗੂਆਂ ਵੱਲੋਂ ਪੂਰੀ ਇਮਦਾਦ ਦੇਣ ਦੇ ਭਰੋਸੇ ਦਿੱਤੇ ਜਾ ਰਹੇ ਹਨ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਅਖਤਿਆਰ ਹੈ ਕਿ ਉਹ ਦੋਵੇਂ ਜਰਨੈਲਾਂ ਨੂੰ ਕਿਸੇ ਵੀ ਸਮੇਂ ਚੱਲਦਾ ਕਰ ਸਕਦੇ ਹਨ।




News From: http://www.7StarNews.com

No comments:

 
eXTReMe Tracker