Monday, December 26, 2011

ਮੁਹਾਲੀ ਪੁਲੀਸ ਨੇ ਸ਼ਹਿਰ ਤੇ ਕਲੋਨੀਆਂ ’ਚ ਤਲਾਸ਼ੀ ਮੁਹਿੰਮ ਚਲਾਈ

ਮੁਹਾਲੀ,December - 26 - 2011(Tehelkanews)

ਵਿਧਾਨ ਸਭਾ ਦੀਆਂ ਚੋਣਾਂ ਦੇ ਮਦੇਨਜ਼ਰ ਜ਼ਿਲ੍ਹਾ ਪੁਲੀਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਵਤਾਰ ਨੂੰ ਮੁਹਾਲੀ ਪੁਲੀਸ ਵੱਲੋਂ ਡੀ.ਐਸ.ਪੀ. (ਸਿਟੀ-2) ਦਰਸ਼ਨ ਸਿੰਘ ਮਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਮੁਹਾਲੀ ਸ਼ਹਿਰ ਤੇ ਲਾਗਲੇ ਪਿੰਡਾਂ 'ਚ ਪਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਤੇ ਪੀ.ਜੀ. ਸੈਂਟਰਾਂ ਦੀ ਚੈਕਿੰਗ ਕੀਤੀ ਗਈ ਤੇ ਉਥੇ ਰਹਿੰਦੇ ਬਾਹਰਲੇ ਰਾਜਾਂ ਦੇ ਸ਼ੱਕੀ ਵਿਅਕਤੀਆਂ ਬਾਰੇ ਪੁੱਛਗਿੱਛ ਕੀਤੀ ਗਈ।

ਇਸ ਚੈਕਿੰਗ ਮੁਹਿੰਮ ਮੌਕੇ ਸੈਂਟਰਲ ਥਾਣਾ ਫੇਜ਼-8 ਦੇ ਐਸ.ਐਚ.ਓ. ਗੁਰਮੀਤ ਸਿੰਘ, ਸੋਹਾਣਾ ਥਾਣੇ ਦੇ ਐਸ.ਐਚ.ਓ. ਗੁਰਦਿਆਲ ਸਿੰਘ ਤੇ ਫੇਜ਼-11 ਥਾਣਾ ਦੇ ਐਸ.ਐਚ.ਓ. ਗੁਰਚਰਨ ਸਿੰਘ ਤੇ ਵੱਡੀ ਗਿਣਤੀ 'ਚ ਪੁਲੀਸ ਸ਼ਾਮਲ ਸੀ। ਇਸ ਦੌਰਾਨ ਪੁਲੀਸ ਵੱਲੋਂ ਨੇੜਲੇ ਪਿੰਡ ਸੋਹਾਣਾ, ਜਗਤਪੁਰਾ, ਗੁਰੂ ਨਾਨਕ ਕਲੋਨੀ, ਫੇਜ਼-11, ਫੇਜ਼-8 ਅਧੀਨ ਆਉਂਦੇ ਪੀ.ਜੀ. ਤੇ ਹੋਟਲਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਪੀ.ਜੀ. ਤੇ ਕਿਰਾਏ 'ਤੇ ਰਹਿੰਦੇ ਵਿਅਕਤੀਆਂ ਦੇ ਸ਼ਨਾਖਤੀ ਕਾਰਡ ਤੇ ਨੌਜਵਾਨਾਂ ਵੱਲੋਂ ਵਰਤੇ ਜਾਂਦੇ ਵਾਹਨਾਂ ਦੇ ਦਸਤਾਵੇਜ਼ ਵੀ ਚੈਕ ਕੀਤੇ ਗਏ।

ਇਸ ਦੌਰਾਨ ਸ੍ਰੀ ਮਾਨ ਨੇ ਮਕਾਨ ਮਾਲਕਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਂਦਿਆਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਕਿ ਉਹ ਕਿਸੇ ਵੀ ਵਿਅਕਤੀ ਖਾਸ ਕਰਕੇ ਬਾਹਰਲੇ ਰਾਜਾਂ ਦੇ ਵਿਅਕਤੀਆਂ ਨੂੰ ਪੀ.ਜੀ. ਸੈਂਟਰ ਜਾਂ ਮਕਾਨ ਕਿਰਾਏਦਾਰ ਰੱਖਣ ਬਾਰੇ ਉਸ ਦਾ ਪੂਰਾ ਵੇਰਵਾ ਸਬੰਧਤ ਥਾਣੇ ਵਿੱਚ ਦਰਜ ਕਰਵਾਇਆ ਜਾਵੇ ਤੇ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ਦੇ ਹੋਟਲਾਂ ਦੀ ਵੀ ਚੈਕਿੰਗ ਕੀਤੀ ਗਈ ਤੇ ਹੋਟਲ ਮਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਕਿਸੇ ਵੀ ਵਿਅਕਤੀ ਨੂੰ ਹੋਟਲ 'ਚ ਕਮਰਾ ਦੇਣ ਸਮੇਂ ਉਸ ਦੇ ਸ਼ਨਾਖਤੀ ਕਾਰਡ ਦੀ ਫੋਟੋ ਕਾਪੀ ਆਪਣੇ ਰਿਕਾਰਡ ਵਿੱਚ ਦਰਜ ਕੀਤੀ ਜਾਵੇ ਤੇ ਸ਼ੱਕੀ ਵਿਅਕਤੀ ਬਾਰੇ ਤੁਰੰਤ ਸਬੰਧਤ ਥਾਣੇ ਨੂੰ ਸੂਚਿਤ ਕੀਤਾ ਜਾਵੇ।


News From: http://www.7StarNews.com

No comments:

 
eXTReMe Tracker