Thursday, December 1, 2011

5 ਪੈਕਟ ਹੈਰੋਇਨ ਅਤੇ ਜਾਅਲੀ ਕਰੰਸੀ ਬਰਾਮਦ

ਅਟਾਰੀ, 1 ਦਸੰਬਰ

ਹੈਰੋਇਨ ਅਤੇ ਜਾਅਲੀ ਭਾਰਤੀ ਕਰੰਸੀ ਦਿਖਾਉਂਦੇ ਹੋਏ ਬੀ.ਐਸ.ਐਫ. ਦੇ ਡੀ.ਆਈ.ਜੀ. ਰਾਜੇਸ਼ ਗੁਪਤਾ ਤੇ ਕਮਾਂਡੈਂਟ ਅਰੁਣ ਦਹੀਅ(ਤਸਵੀਰ: ਦਿਲਬਾਗ ਸਿੰਘ ਗਿੱਲ)

ਭਾਰਤ-ਪਾਕਿ ਸਰਹੱਦ 'ਤੇ ਸੀਮਾ ਸੁਰੱਖਿਆ ਬਲ ਦੀ 80ਵੀਂ ਬਟਾਲੀਅਨ ਦੀ 'ਬੀ' ਕੰਪਨੀ ਨੇ ਸਰਹੱਦੀ ਚੌਕੀ ਨੁਸ਼ਹਿਰਾ ਢਾਲਾ ਖੇਤਰ ਵਿੱਚ ਅੱਜ ਸਵੇਰੇ ਸਾਢੇ ਚਾਰ ਵਜੇ ਪਾਕਿਸਤਾਨੀ ਤਸਕਰ ਵੱਲੋਂ ਭਾਰਤੀ ਖੇਤਰ ਵਿੱਚ ਸੁੱਟੇ ਗਏ ਹੈਰੋਇਨ ਦੇ 5 ਪੈਕਟ ਅਤੇ 9,80000 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ। ਸੀਮਾ ਸੁਰੱਖਿਆ ਬਲ ਦੀ ਸਰਹੱਦੀ ਚੌਂਕੀ ਨੁਸ਼ਹਿਰਾ ਢਾਲਾ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀ.ਆਈ.ਜੀ. ਰਾਜੇਸ਼ ਗੁਪਤਾ ਨੇ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ 80ਵੀਂ ਬਟਾਲੀਅਨ ਦੀ 'ਬੀ' ਕੰਪਨੀ ਵੱਲੋਂ ਸਰਹੱਦੀ ਚੌਂਕੀ ਨੁਸ਼ਹਿਰਾ-ਢਾਲਾ ਅਧੀਨ ਆਉਂਦੇ ਖੇਤਰ ਵਿੱਚੋਂ ਅੱਜ ਸਵੇਰੇ 4.30 ਵਜੇ 5 ਪੈਕੇਟ (ਪੰਜ ਕਿਲੋਗਰਾਮ) ਹੈਰੋਇਨ ਅਤੇ 9,80,000 ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਗਈ 5 ਕਿਲੋ ਹੈਰੋਇਨ ਦੀ ਕੀਮਤ 30 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਸਰਹੱਦੀ ਗੇਟ ਨੰ: 124/30 ਨੇੜੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਪਾਕਿਸਤਾਨ ਵਾਲੇ ਪਾਸੇ ਤੋਂ ਹਰਕਤ ਵਿਖਾਈ ਦਿੱਤੀ ਤੇ ਜਵਾਨਾਂ ਨੇ ਇੱਕ ਪਾਕਿਸਤਾਨੀ ਆਦਮੀ ਨੂੰ ਸ਼ੱਕੀ ਹਾਲਤ ਵਿੱਚ ਵੇਖ ਕੇ ਗੋਲੀ ਚਲਾ ਦਿੱਤੀ। ਜਵਾਬੀ ਫਾਇਰਿੰਗ ਕਰਨ ਤੋਂ ਬਾਅਦ ਉਹ ਵਿਅਕਤੀ ਦੌੜਨ ਵਿੱਚ ਸਫਲ ਹੋ ਗਿਆ। ਮੌਕੇ ਤੋਂ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ 5 ਪੈਕੇਟ ਹੈਰੋਇਨ ਅਤੇ 9,80,000 ਦੀ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ।

ਉਨ੍ਹਾਂ ਦੱਸਿਆ ਕਿ ਸਰਹੱਦ 'ਤੇ ਤਸਕਰ ਮੋਬਾਈਲ ਫੋਨ ਰਾਹੀਂ ਰਾਬਤਾ ਕਾਇਮ ਕਰਦੇ ਹਨ ਕਿਉਂਕਿ ਕੰਡਿਆਲੀ ਵਾੜ ਤੋਂ ਪਾਰ ਭਾਰਤ-ਪਾਕਿਸਤਾਨ ਦੇ ਖੇਤ ਮਿਲੇ ਹੋਏ ਹੋਣ ਕਾਰਨ ਮੋਬਾਈਲ ਫੋਨ ਦੇ ਸਿਗਨਲ ਚਲੇ ਜਾਂਦੇ ਹਨ। ਉੱਨ੍ਹਾਂ ਦੱਸਿਆ ਕਿ ਭਾਰਤ-ਪਾਕਿ ਦੀ ਅੰਮ੍ਰਿਤਸਰ ਨਾਲ ਲਗਦੀ ਸਰਹੱਦ ਤੋਂ ਇਸ ਸਾਲ ਸੱਠ ਕਿਲੋਗਰਾਮ ਹੈਰੋਇਨ ਅਤੇ 20 ਲੱਖ ਦੇ ਲਗਪਗ ਭਾਰਤੀ ਜਾਅਲੀ ਕਰੰਸੀ ਬਰਾਮਦ ਹੋਈ ਹੈ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਕਮਾਂਡੈਂਟ ਅਰੁਣ ਦਹੀਆ, ਡਿਪਟੀ ਕਮਾਂਡੈਂਟ ਮਦਾਨ ਸਮੇਤ ਕੰਪਨੀ ਕਮਾਂਡਰ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨ ਹਾਜ਼ਰ ਸਨ।


News From: http://www.7StarNews.com

No comments:

 
eXTReMe Tracker