Thursday, December 1, 2011

ਬਰਾਤੀਆਂ ਦੀ ਥਾਣੇ ’ਚ ਆਓ ਭਗਤ

ਕੁਰਾਲੀ,1 ਦਸੰਬਰ

ਕੁਰਾਲੀ ਦੇ ਟੌਲ ਪਲਾਜ਼ਾ ਉਤੇ ਕਾਰ ਸਵਾਰਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਪੁਲੀਸ ਵਲੋਂ ਕਬਜ਼ੇ ਵਿਚ ਲਈ ਬਰਾਤ ਵਾਲੀ ਬੱਸ

ਇੱਥੋਂ ਦੇ ਟੋਲ ਪਲਾਜ਼ਾ ਉਤੇ ਕਾਰ ਸਵਾਰਾਂ ਨਾਲ ਕੀਤੀ ਕੁੱਟਮਾਰ ਬਰਾਤੀਆਂ ਨੂੰ ਅੱਜ ਉਦੋਂ ਮਹਿੰਗੀ ਪਈ ਜਦੋਂ ਬਰਾਤੀਆਂ ਨੂੰ ਲਿਜਾ ਰਹੀ ਬੱਸ ਨੂੰ ਥਾਣੇ ਡੱਕ ਦਿੱਤਾ ਗਿਆ। ਵਿਆਹ ਸਮਾਗਮ ਵਿਚ ਪੁੱਜਣ ਲਈ ਕਾਹਲੇ ਬਰਾਤੀਆਂ ਨੂੰ ਕਈ ਘੰਟੇ ਥਾਣੇ ਵਿਚ ਬਿਤਾਉਣੇ ਪਏ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਘਟਨਾ ਅੱਜ ਸਵੇਰੇ ਕਰੀਬ 11 ਵਜੇ ਸ਼ਹਿਰ ਦੇ ਟੋਲ ਪਲਾਜ਼ਾ ਉਤੇ ਉਸ ਸਮੇਂ ਵਾਪਰੀ ਜਦੋਂ ਇੱਕ ਕਾਰ ਨੂੰ ਇੱਕ ਬੱਸ ਨੇ ਸਾਈਡ ਮਾਰ ਦਿੱਤੀ। ਪ੍ਰਾਈਵੇਟ ਕਾਲਜ ਦੀ ਬੱਸ ਜੋ ਕਿ ਬਰਾਤ ਲੈ ਕੇ ਮੁਹਾਲੀ ਜਾ ਰਹੀ ਸੀ ਦੇ ਡਰਾਈਵਰ ਵਲੋਂ ਕੀਤੀ ਗਲਤੀ ਦਾ ਕਾਰ ਸਵਾਰਾਂ ਨੇ ਵਿਰੋਧ ਕੀਤਾ। ਬੱਸ ਵਿਚ ਸਵਾਰ ਬਰਾਤੀਆਂ ਵਿਚੋਂ ਕੁਝ ਨੇ ਕਾਰ ਸਵਾਰਾਂ ਉਤੇ ਗੁੱਸਾ ਕੱਢਦਿਆਂ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਕੁੱਟਮਾਰ ਦਾ ਸ਼ਿਕਾਰ ਹੋਏ ਕਾਰ ਸਵਾਰਾਂ ਸੁਮੇਸ਼ ਕੁਮਾਰ,ਅਰੁਨ ਕੁਮਾਰ,ਸੋਮਵੀਰ ਤੇ ਹੋਰਨਾਂ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਪਹਿਲਾਂ ਤਾਂ ਉਨ੍ਹਾਂ ਦੀ ਕਾਰ ਨੂੰ ਨੁਕਸਾਨ ਪਚੁੰਚਾਇਆ ਜਦੋਂ ਉਨ੍ਹਾਂ ਨੇ ਬੱਸ ਦੇ ਡਰਾਈਵਰ ਨੂੰ ਵਰਜਿਆ ਤਾਂ ਬੱਸ ਵਿਚ ਸਵਾਰ ਕੁਝ ਵਿਅਕਤੀਆਂ ਨੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਇਸ ਕਾਰਨ ਉਨ੍ਹਾਂ ਚਾਰਾਂ ਦੇ ਸੱਟਾ ਲੱਗੀਆਂ। ਦੱਸਣਯੋਗ ਹੈ ਕਿ ਬਰਾਤੀ ਜਦੋਂ ਕਾਰ ਸਵਾਰਾਂ ਦੀ ਕੁੱਟਮਾਰ ਕਰ ਰਹੇ ਸਨ ਤਾਂ ਟ੍ਰੈਫਿਕ ਇੰਚਾਰਜ ਗੁਰਮੇਲ ਸਿੰਘ ਮੌਕੇ ਉਤੇ ਪੁੱਜ ਗਏ। ਉਨ੍ਹਾਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਨ ਤੋਂ ਬਾਅਦ ਸਿਟੀ ਪੁਲੀਸ ਨੂੰ ਸੱਦ ਕੇ ਮਾਮਲਾ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਸਿਟੀ ਪੁਲੀਸ ਦੇ ਏ ਐਸ ਆਈ ਸੋਮ ਨਾਥ ਅਤੇ ਭਰਥ ਕੁਮਾਰ ਨੇ ਮੌਕੇ ਉਤੇ ਪੁੱਜ ਕੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਥਾਣੇ ਲੈ ਗਏ। ਇਸੇ ਦੌਰਾਨ ਕੌਂਸਲਰ ਵਿਪਨ ਕੁਮਾਰ ਅਤੇ ਦਵਿੰਦਰ ਰਾਣਾ ਵੀ ਮੌਕੇ ਉਤੇ ਪੁੱਜ ਗਏ। ਕਰੀਬ ਦੋ ਘੰਟੇ ਤੱਕ ਦੋਵਾਂ ਧਿਰਾਂ ਵਿਕਕਾਰ ਸਮਝੌਤਾ ਕਰਵਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ, ਪਰ ਜਦੋਂ ਫਿਰ ਵੀ ਮਸਲਾ ਹੱਲ ਨਾ ਹੋ ਸਕਿਆ ਤਾਂ ਬੱਸ ਵਿਚ ਸਵਾਰ ਬਰਾਤੀ ਕਾਹਲੇ ਪੈ ਗਏ। ਬਰਾਤ ਵਿਚ ਸ਼ਾਮਿਲ ਕੁਝ ਮਹਿਲਾਵਾਂ ਵਲੋਂ ਕੀਤੀ ਅਪੀਲ ਨਾਲ ਸਹਿਮਤ ਹੁੰਦਿਆਂ ਕਾਰ ਸਵਾਰਾਂ ਅਤੇ ਪੁਲੀਸ ਨੇ ਬੱਸ ਨੂੰ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਭੇਜ ਦਿੱਤਾ। ਇਸੇ ਦੌਰਾਨ ਕਾਰ ਸਵਾਰਾਂ ਵਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਦੇ ਅਧਾਰ ਉਤੇ ਹੀ ਪੁਲੀਸ ਨੇ ਕੁੱਟਮਾਰ ਕਰਨ ਵਾਲੇ ਕਰੀਬ ਅੱਧੀ ਦਰਜਨ ਬਰਾਤੀਆਂ ਦੀ ਸ਼ਨਾਖਤ ਕਰਦਿਆਂ ਥਾਣੇ ਬਿਠਾ ਲਿਆ,ਜਦਕਿ ਬਾਕੀ ਬਰਾਤੀਆਂ ਨੂੰ ਜਾਣ ਦੀ ਆਗਿਆ ਦੇ ਦਿੱਤੀ। ਕਾਰ ਸਵਾਰਾਂ ਨੇ ਪੁਲੀਸ ਤੋਂ ਇਨਸਾਫ ਦੀ ਮੰਗ ਕਰਦਿਆਂ ਕੁੱਟਮਾਰ ਕਰਨ ਵਾਲਿਆਂ ਖਿਲਾਫ ਕਾਰਵਾਈ ਦੀ ਅਪੀਲ ਕੀਤੀ ਹੈ। ਸੰਪਰਕ ਕਰਨ 'ਤੇ ਥਾਣਾ ਸਿਟੀ ਦੇ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਮਿਲੀ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਹੋਰ ਬਰਾਤੀਆਂ ਨੂੰ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਤੋਂ ਬਾਅਦ ਮੁੜ ਸੱਦਿਆ ਗਿਆ ਹੈ ਜਿਨ੍ਹਾਂ ਦੇ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।


News From: http://www.7StarNews.com

No comments:

 
eXTReMe Tracker