Thursday, December 1, 2011

ਯੂਪੀਏ ਵੱਲੋਂ ਸਫ਼ਾਂ ਮਜ਼ਬੂਤ ਕਰਨ ਦੇ ਯਤਨ

ਨਵੀਂ ਦਿੱਲੀ,1 ਦਸੰਬਰ -(ਪ,ਪ)

ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੇ ਪ੍ਰਚੂਨ ਖੇਤਰ ਵਿਚ 51 ਫੀਸਦੀ ਵਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਨਾਰਾਜ਼ ਹੋਏ ਹਮਾਇਤੀਆਂ ਨੂੰ ਮਨਾਉਣ ਵਿਚ ਕੁਝ ਸਫਲਤਾ ਹਾਸਲ ਕੀਤੀ ਹੈ। ਡੀ.ਐਮ.ਕੇ.ਨੇ ਸਰਕਾਰ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ। ਤ੍ਰਿਣਮੂਲ ਕਾਂਗਰਸ ਦੇ ਤੇਵਰ ਵੀ ਕੁਝ ਨਰਮ ਪਏ ਹਨ। ਭਾਜਪਾ ਅਜੇ ਵੀ ਇਸ ਮੁੱਦੇ 'ਤੇ ਅੜੀ ਹੋਈ ਹੈ। ਸਾਥੀ ਧਿਰਾਂ ਵੱਲੋਂ ਭਰੋਸਾ ਦਿੱਤੇ ਜਾਣ 'ਤੇ ਹੁਣ ਰੌਂਅ 'ਚ ਆਈ ਕਾਂਗਰਸ ਨੇ ਵਿਰੋਧੀ ਧਿਰ ਨੂੰ ਸਰਕਾਰ ਵਿਰੁਧ ਬੇਵਿਸਾਹੀ ਦਾ ਮਤਾ ਲਿਆਉਣ ਦੀ ਚੁਣੌਤੀ ਦਿੱਤੀ ਹੈ। ਇਸੇ ਦੌਰਾਨ ਦੋਵਾਂ ਸਦਨਾਂ ਦੀ ਅੱਜ ਵੀ ਕਾਰਵਾਈ ਠੱਪ ਰਹੀ।

ਅੱਜ ਸਵੇਰੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਰਕਾਰ ਵਿਚ ਭਾਈਵਾਲ ਪਾਰਟੀਆਂ ਤ੍ਰਿਣਮੂਲ ਕਾਂਗਰਸ, ਡੀ.ਐਮ.ਕੇ.,ਨੈਸ਼ਨਲ ਕਾਨਫਰੰਸ ਨਾਲ ਮੀਟਿੰਗ ਕੀਤੀ ਤੇ ਵਿਦੇਸ਼ੀ ਪੂੰਜੀ ਨਿਵੇਸ਼ ਦੇ ਮੁੱਦੇ 'ਤੇ ਸਾਰੀ ਸਥਿਤੀ ਸਪਸ਼ਟ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ ਨਾਲ ਕਿਸੇ ਕਿਸਮ ਦਾ ਖਤਰਾ ਨਹੀਂ ਹੈ, ਸਗੋਂ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਮੀਟਿੰਗ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ ਆਗੂ ਤੇ ਕੇਂਦਰੀ ਰਾਜ ਮੰਤਰੀ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਸਪਸ਼ਟ ਕਿਹਾ ਹੈ ਕਿ ਵੱਡੇ ਤੇ ਅਹਿਮ ਫੈਸਲੇ ਲੈਣ ਸਮੇਂ ਉਨ੍ਹਾਂ ਦੀ ਪਾਰਟੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ ਤੇ ਭਰੋਸੇ ਵਿਚ ਲਿਆ ਜਾਵੇ। ਜਾਣਕਾਰ ਹਲਕਿਆਂ ਅਨੁਸਾਰ ਤ੍ਰਿਣਮੂਲ ਕਾਂਗਰਸ ਸਦਨ ਵਿਚ ਪਹਿਲਾਂ ਵਾਂਗ ਵਿਰੋਧ ਨਹੀਂ ਕਰੇਗੀ ਤੇ ਜੇ ਇਸ ਮੁੱਦੇ 'ਤੇ ਵੋਟਿੰਗ ਹੁੰਦੀ ਹੈ ਤਾਂ ਤ੍ਰਿਣਮੂਲ ਕਾਂਗਰਸ ਗੈਰਹਾਜ਼ਰ ਹੋ ਸਕਦੀ ਹੈ ।

ਡੀ.ਐਮ.ਕੇ.ਦੇ ਆਗੂ ਟੀ.ਸ਼ਿਵਾ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਦੇਸ਼ੀ ਨਿਵੇਸ਼ ਦੇ ਮਾਮਲੇ 'ਤੇ ਬਹਿਸ ਕਰਵਾਉਣ ਦੇ ਹੱਕ ਵਿਚ ਹੈ। ਇਹ ਪਤਾ ਲੱਗਾ ਹੈ ਕਿ ਜੇ ਇਸ ਮੁੱਦੇ 'ਤੇ ਵੋਟਿੰਗ ਹੁੰਦੀ ਹੈ ਤਾਂ ਪਾਰਟੀ ਸਰਕਾਰ ਦਾ ਸਾਥ ਦੇਵੇਗੀ। ਨੈਸ਼ਨਲ ਕਾਨਫਰੰਸ ਵਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਸਰਕਾਰ ਦੇ ਨਾਲ ਹੈ ਤੇ ਇਸ ਕਰਕੇ ਕੇਂਦਰੀ ਮੰਤਰੀ ਫਾਰੂਕ ਅਬਦੁੱਲਾ ਨੇ ਮੀਟਿੰਗ ਤੋਂ ਬਾਅਦ ਕੋਈ ਗੱਲ ਕਰਨੀ ਮੁਨਾਸਿਬ ਨਹੀਂ ਸਮਝੀ। ਇਸੇ ਹੌਸਲੇ ਸਿਰ ਕਾਂਗਰਸ ਪਾਰਟੀ ਨੇ ਵਿਰੋਧੀ ਧਿਰ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਸਰਕਾਰ ਵਿਰੁਧ ਬੇਵਿਸਾਹੀ ਦਾ ਮਤਾ ਲਿਆਏ। ਇਸ ਤਰ੍ਹਾਂ ਦੀ ਚੁਣੌਤੀ ਕਾਂਗਰਸ ਪਾਰਟੀ ਪਹਿਲਾਂ ਵੀ ਦੇ ਚੁੱਕੀ ਹੈ ਪਰ ਭਾਜਪਾ ਦੀ ਆਗੂ ਸੁਸ਼ਮਾ ਸਵਰਾਜ,ਲਾਲ ਕ੍ਰਿਸ਼ਨ ਅਡਵਾਨੀ,ਐਸ.ਐਸ. ਆਹਲੂਵਾਲੀਆ ਨੇ ਕਿਹਾ ਕਿ ਸਰਕਾਰ ਪ੍ਰਚੂਨ ਖੇਤਰ ਵਿਚ ਵਿਦੇਸ਼ੀ ਨਿਵੇਸ਼ ਦਾ ਫੈਸਲਾ ਵਾਪਸ ਲਵੇ ਜਾਂ ਕੰਮ ਰੋਕੂ ਮਤਾ ਪ੍ਰਵਾਨ ਕਰੇ। ਭਾਜਪਾ ਆਗੂਆਂ ਨੇ ਇਸ ਮੁੱਦੇ 'ਤੇ ਅੱਜ ਸਵੇਰੇ ਮੀਟਿੰਗ ਕੀਤੀ। ਭਾਜਪਾ ਦੇ ਬੁਲਾਰੇ ਸ਼ਾਹ ਨਵਾਜ਼ ਹੁਸੈਨ ਨੇ ਕਿਹਾ ਕਿ ਭਾਜਪਾ ਸਦਨ ਦੀ ਕਾਰਵਾਈ ਸਾਫ ਸੁਥਰੇ ਢੰਗ ਨਾਲ ਚਲਾਉਣ ਦੇ ਹੱਕ ਵਿਚ ਹੈ ਪਰ ਸਰਕਾਰ ਦੀ ਕਾਰਵਾਈ ਚਲਾਉਣ ਵਿਚ ਕੋਈ ਦਿਲਚਸਪੀ ਨਹੀਂ ਜਾਪਦੀ। ਜੇ ਸਰਕਾਰ ਸਦਨ ਚਲਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਕੰਮ ਰੋਕੂ ਮਤੇ 'ਤੇ ਬਹਿਸ ਕਰਵਾਉਣੀ ਚਾਹੀਦੀ ਹੈ ਜਾਂ ਫਿਰ ਵਿਦੇਸ਼ੀ ਪੂੰਜੀ ਨਿਵੇਸ਼ ਦਾ ਫੈਸਲਾ ਵਾਪਸ ਲੈ ਲੈਣਾ ਚਾਹੀਦਾ ਹੈ। ਭਾਜਪਾ ਦੀ ਲੋਕ ਸਭਾ ਵਿਚ ਆਗੂ ਸੁਸ਼ਮਾ ਸਵਰਾਜ ਨੇ ਕਿਹਾ ਕਿ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਵਿਦੇਸ਼ੀ ਨਿਵੇਸ਼ ਦੇ ਮੁੱਦੇ 'ਤੇ ਸਾਰੀਆਂ ਪਾਰਟੀਆਂ ਨਾਲ ਗੱਲਬਾਤ ਕੀਤੀ ਸੀ ਪਰ ਉਸ ਤੋਂ ਬਾਅਦ ਸਦਨ ਚਲਾਉਣ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਸਰਕਾਰ ਵਲੋਂ ਕੋਈ ਹੋਰ ਜਾਣਕਾਰੀ ਮਿਲੀ ਹੈ। ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਹੈ ਕਿ ਸਰਕਾਰ ਪਾਰਲੀਮਾਨੀ ਪ੍ਰਣਾਲੀ ਤਬਾਹ ਕਰਨ ਦੇ ਰਾਹ ਪਈ ਹੈ ਅਤੇ ਇਸ ਕਰਕੇ ਕੰਮ ਰੋਕੂ ਮਤੇ 'ਤੇ ਬਹਿਸ ਕਰਵਾਉਣ ਲਈ ਤਿਆਰ ਨਹੀਂ ਹੈ।

ਇਸ ਤੋਂ ਪਹਿਲਾਂ ਅੱਜ ਸਵੇਰੇ ਲੋਕ ਸਭਾ ਦੀ ਸਪੀਕਰ ਮੀਰਾ ਕੁਮਾਰ ਨੇ ਪ੍ਰਸ਼ਨ ਕਾਲ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਰੌਲਾ ਰੱਪਾ ਪੈਣ ਕਰਕੇ ਉਨ੍ਹਾਂ ਨੇ ਸਦਨ ਦੀ ਕਾਰਵਾਈ ਇਕ ਘੰਟੇ ਤਕ ਮੁਲਤਵੀ ਕਰ ਦਿੱਤੀ। ਇਸ ਤੋਂ ਬਾਅਦ ਸਦਨ ਮੁੜ ਜੁੜਿਆ ਤਾਂ ਫਿਰ ਰੌਲਾ ਰੱਪਾ ਪੈਣ ਲੱਗ ਪਿਆ ਤੇ ਉਸ ਤੋਂ ਬਾਅਦ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਉਠਾ ਦਿੱਤੀ ਗਈ। ਇਸੇ ਤਰ੍ਹਾਂ ਹੀ ਰਾਜ ਸਭਾ ਵਿਚ ਵਾਪਰਿਆ ਤੇ ਅਖੀਰ ਸਭਾਪਤੀ ਨੇ ਦਿਨ ਭਰ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।

ਇਸੇ ਦੌਰਾਨ ਸਰਕਾਰ ਨੇ ਕਿਹਾ ਹੈ ਕਿ ਬਹੁਬਰਾਂਡ ਪ੍ਰਚੂਨ 'ਚ ਸਿੱਧੇ ਵਿਦੇਸ਼ੀ ਨਿਵੇਸ਼ ਸਬੰਧੀ ਬਣਦੇ ਸਮੇਂ 'ਚ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ। ਸਨਅਤੀ ਨੀਤੀ ਤੇ ਪ੍ਰਮੋਸ਼ਨ ਸਬੰਧੀ ਵਿਭਾਗ ਦੇ ਸਕੱਤਰ (ਡੀ.ਆਈ.ਪੀ.ਪੀ.) ਪੀ.ਕੇ. ਚੌਧਰੀ ਨੇ ਕਿਹਾ ਕਿ ਤੈਅ ਨੇਮ ਤੇ ਨਿਯਮ ਹੀ ਉਠਾਏ ਗਏ ਮੁੱਦਿਆਂ ਦਾ ਤੇ ਕੈਬਨਿਟ 'ਚ ਲਏ ਫੈਸਲਿਆਂ ਬਾਰੇ ਜੁਆਬ ਦੇਣਗੇ।


News From: http://www.7StarNews.com

No comments:

 
eXTReMe Tracker