Sunday, May 29, 2011

ਭਾਜਪਾ ਆਗੂਆਂ ਨੇ ਕੀਤਾ ਪੁਲ ਦਾ ਉਦਘਾਟਨ

ਜਲੰਧਰ, 29 ਮਈ : ਭਾਜਪਾ ਆਗੂਆਂ ਨੇ ਕਾਹਲੀ 'ਚ ਇੱਥੋਂ ਦੇ ਡੀ.ਏ.ਵੀ. ਕਾਲਜ ਨੇੜਲੇ ਫਲਾਈਓਵਰ ਦਾ ਉਦਘਾਟਨ ਬਿਨਾਂ ਕੋਈ ਸੀਨੀਅਰ ਲੀਡਰ ਸੱਦਿਆਂ ਹੀ ਕਰ ਦਿੱਤਾ। ਪੁਲ ਦਾ ਉਦਘਾਟਨ ਕਰਨ ਲਈ ਪਹਿਲਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਤੀਕਸ਼ਣ ਸੂਦ ਦੇ ਆਉਣ ਬਾਰੇ ਦੱਸਿਆ ਗਿਆ ਸੀ। ਪੁਲ ਦਾ ਉਦਘਾਟਨ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਤੇ ਮੇਅਰ ਰਾਕੇਸ਼ ਰਠੌਰ ਨੇ ਪੂਜਾ ਪਾਠ ਕਰਕੇ ਕੀਤਾ। ਇਸ ਨਾਲ ਭਾਜਪਾ 'ਚ ਗੁਟਬੰਦੀ ਸਾਹਮਣੇ ਆ ਗਈ। ਭਾਜਪਾ ਦੇ ਇਕ ਧੜੇ ਦਾ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਪਤਨੀ ਦੀ ਮੌਤ ਕਾਰਨ ਸਦਮੇ 'ਚ ਹਨ। ਭਾਜਪਾ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਸਰਕਾਰ ਦੇ ਮੁਖੀ ਦਾ ਸਾਰਾ ਪਰਿਵਾਰ ਹੀ ਸੋਗ 'ਚ ਹੋਵੇ ਤਾਂ ਅਜਿਹੇ ਮੌਕੇ ਪੁਲ ਦਾ ਉਦਘਾਟਨ ਕਰਨਾ ਸ਼ੋਭਾ ਨਹੀਂ ਦਿੰਦਾ। ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵੀ ਸੱਦੇ ਜਾਣ ਦੇ ਬਾਵਜੂਦ ਸਮਾਗਮ 'ਚ ਨਹੀਂ ਪਹੁੰਚ ਸਕੇ।

ਕਾਂਗਰਸ ਦੇ ਸੀਨੀਅਰ ਆਗੂ ਵਰਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਕਾਂਗਰਸ ਨੇ ਹੀ ਇਸ ਪੁਲ ਲਈ ਸਾਰਾ ਕੁਝ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਸ ਪੁਲ ਦੀ ਉਸਾਰੀ ਲਈ ਕਾਂਗਰਸ ਸਰਕਾਰ ਵੇਲੇ ਹੀ ਪ੍ਰਾਜੈਕਟ ਤਿਆਰ ਹੋਇਆ ਸੀ ਤੇ ਕੰਮ ਵੀ ਸ਼ੁਰੂ ਹੋ ਗਿਆ ਸੀ। ਕਾਂਗਰਸ ਦੇ ਇਸ ਆਗੂ ਨੇ ਦੱਸਿਆ ਕਿ 28 ਮਈ ਨੂੰ ਉਦਘਾਟਨ ਕਰਨ ਦੀ ਤਿਆਰੀ ਕੀਤੀ ਸੀ ਪਰ ਬੀਬੀ ਸੁਰਿੰਦਰ ਕੌਰ ਬਾਦਲ ਦੀ ਮੌਤ ਹੋ ਜਾਣ ਕਾਰਨ ਉਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅੱਗੇ ਪਾ ਦਿੱਤਾ ਸੀ। ਇਸ ਦੀ ਭਿਣਕ ਭਾਜਪਾ ਨੂੰ ਲੱਗ ਗਈ ਤੇ ਉਨ੍ਹਾਂ ਪੁਲ ਦਾ ਸਿਆਸੀ ਲਾਹਾ ਲੈਣ ਦਾ ਡਰਾਮਾ ਰਚ ਦਿੱਤਾ। ਇਸ ਸਮਾਗਮ ਵਿੱਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਚਰਨ ਸਿੰਘ ਚੰਨੀ ਤੇ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਵੀ ਸ਼ਾਮਲ ਹੋਏ।
News From: http://www.7StarNews.com

No comments:

 
eXTReMe Tracker