Wednesday, May 25, 2011

ਪ੍ਰਾਈਵੇਟ ਸਕੂਲ ਪ੍ਰਬੰਧਕ ਪਤੀ ਪਤਨੀ ’ਤੇ ਹਮਲਾ

ਬਰਨਾਲਾ, 26 : ਮਈ ਇੱਥੇ ਖੁੱਡੀ ਰੋਡ ਉਪਰ ਸਥਿਤ ਇਕ ਪ੍ਰਾਈਵੇਟ ਸਕੂਲ ਦੇ ਮਾਲਕ ਪਤੀ-ਪਤਨੀ ਅੱਜ ਸਕਾਰਪੀਓ ਸਵਾਰ ਨਕਾਬਪੋਸ਼ਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪਤੀ-ਪਤਨੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ।

ਜ਼ਖਮੀ ਸਕੂਲ ਮਾਲਕ ਰਜਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਗਲੀ ਨੰਬਰ 6, ਕੱਚਾ ਕਾਲਜ ਰੋਡ ਬਰਨਾਲਾ ਨੇ ਦੱਸਿਆ ਕਿ ਪਿੰਡ ਖੁੱਡੀ ਨੇੜਲੇ ਸਕੂਲ 'ਚ ਬਾਅਦ ਦੁਪਹਿਰ 2.40 ਵਜੇ ਛੁੱਟੀ ਹੋਣ ਉਪਰੰਤ ਉਹ ਤੇ ਉਸ ਦੀ ਪਤਨੀ ਪਰਮਜੀਤ ਕੌਰ ਮੋਟਰਸਾਈਕਲ 'ਤੇ ਆਪਣੀ ਰਿਹਾਇਸ਼ ਬਰਨਾਲਾ ਵੱਲ ਜਾ ਰਹੇ ਸਨ। ਇਸ ਦੌਰਾਨ ਪਿੰਡ ਖੁੱਡੀ ਵਾਲੇ ਪਾਸੇ ਤੋਂ ਇਕ ਕਾਲੇ ਰੰਗ ਦੀ ਸਕਾਰਪੀਓ (ਡੀ.ਐਲ.-3-ਏ.ਏ.ਸੀ.-3771) ਗੱਡੀ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਪਿੱਛਾ ਕੀਤੇ ਜਾਣ ਦਾ ਸ਼ੱਕ ਪੈਣ 'ਤੇ ਉਨ੍ਹਾਂ ਮੋਟਰਸਾਈਕਲ ਤੇਜ਼ ਕਰ ਲਿਆ ਪਰ ਰਸਤੇ ਵਿਚ ਪੈਂਦੇ ਇਕ ਮੰਦਰ ਨੇੜੇ ਪਹੁੰਚਦਿਆਂ ਹੀ ਸਕਾਰਪੀਓ ਸਵਾਰਾਂ ਨੇ ਗੱਡੀ ਤੇਜ਼ੀ ਨਾਲ ਲਿਆ ਕੇ ਉਨ੍ਹਾਂ ਅੱਗੇ ਰੋਕ ਲਈ। ਗੱਡੀ ਵਿਚੋਂ 4-5 ਵਿਅਕਤੀ ਉਤਰੇ ਜਿਨ੍ਹਾਂ ਪਰਨਿਆਂ ਨਾਲ ਮੂੰਹ ਬੰਨ੍ਹੇ ਹੋਏ ਸਨ। ਉਨ੍ਹਾਂ ਮੋਟਰਸਾਈਕਲ ਸਵਾਰ ਪਤੀ-ਪਤਨੀ 'ਤੇ ਹਮਲਾ ਬੋਲ ਦਿੱਤਾ। ਪਤਨੀ ਨੂੰ ਫੜ ਕੇ ਸੜਕ 'ਤੇ ਪਟਕਾ ਦਿੱਤਾ ਅਤੇ ਉਸ ਦੇ ਗਲ ਵਿਚ ਪਰਨਾ ਪਾ ਕੇ ਖਿੱਚਦੇ ਹੋਏ ਗੱਡੀ ਵੱਲ ਲਿਜਾਣ ਲੱਗੇ। ਇਸ ਦੌਰਾਨ ਸੜਕ ਤੋਂ ਜਾਂਦੇ ਕੁਝ ਰਾਹਗੀਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਘਬਰਾ ਕੇ ਹਮਲਾਵਰ ਦੋਵਾਂ ਨੂੰ ਉੱਥੇ ਛੱਡ ਕੇ ਗੱਡੀ ਸਮੇਤ ਬਰਨਾਲਾ ਸ਼ਹਿਰ ਵੱਲ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੀੜਤਾਂ ਦੇ ਸਕੂਲ ਸਾਥੀ ਘਟਨਾ ਸਥਾਨ 'ਤੇ ਪਹੁੰਚ ਗਏ। ਉਨ੍ਹਾਂ ਤੁਰੰਤ ਦੋਵਾਂ ਨੂੰ ਲਿਜਾ ਕੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ।


News From: http://www.7StarNews.com

No comments:

 
eXTReMe Tracker