Thursday, May 30, 2013

ਗ਼ਰੀਬਾਂ ਦੀ ਮਦਦ ਲਈ ਰੈਡ ਕਰਾਸ ਤਹਿਤ ਵੱਧ ਤੋਂ ਵੱਧ ਫ਼ੰਡ ਜੁਟਾਏ ਜਾਣ: ਅਰੁਣ ਸੇਖੜੀ

ਫ਼ਤਹਿਗੜ੍ਹ ਸਾਹਿਬ, 30 ਮਈ (ਹਰਪ੍ਰੀਤ ਕੌਰ ਟਿਵਾਣਾ)ਡਿਪਟੀ ਕਮਿਸ਼ਨਰ ਸ੍ਰੀ ਅਰੁਣ ਸੇਖੜੀ ਨੇ ਗ਼ਰੀਬਾਂ ਦੀ ਮਦਦ ਲਈ ਰੈਡ ਕਰਾਸ ਦੇ ਸਮੂਹ ਮੈਂਬਰਾਂ ਨੂੰ ਵੱਧ ਤੋਂ ਵੱਧ ਫ਼ੰਡ ਜੁਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗ਼ਰੀਬ ਵਿਅਕਤੀ ਦੀ ਸਹਾਇਤਾ ਕਰਨਾ ਸਾਡਾ ਫ਼ਰਜ਼ ਹੈ ਅਤੇ ਹਰ ਇੱਕ ਸਮਰੱਥ ਵਿਅਕਤੀ ਨੂੰ ਆਪਣਾ ਫ਼ਰਜ਼ ਪਛਾਨਣਾ ਚਾਹੀਦਾ ਹੈ। ਉਨ੍ਹਾਂ ਇਹ ਗੱਲ ਪ੍ਰਬੰਧਕੀ ਕੰਪਲੈਕਸ ਵਿਖੇ ਵਿਸ਼ਵ ਰੈਡ ਕਰਾਸ ਦਿਵਸ ਸਬੰਧੀ ਜ਼ਿਲ੍ਹਾ ਰੈਡ ਕਰਾਸ ਕਾਰਜਕਾਰੀ ਕਮੇਟੀ ਅਤੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਅਤੇ ਕਮੇਟੀ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਰੈਡ ਕਰਾਸ ਅਧੀਨ ਛੇਤੀ ਹੀ ਵਿਸ਼ੇਸ਼ ਸੋਵੀਨਾਰ ਪ੍ਰਕਾਸ਼ਤ ਕੀਤਾ ਜਾਵੇਗਾ ਜਿਸ ਤੋਂ ਪ੍ਰਾਪਤ ਰਾਸ਼ੀ ਗ਼ਰੀਬਾਂ ਅਤੇ ਲੋੜਵੰਦ ਵਿਅਕਤੀਆਂ ਦੀ ਭਲਾਈ ਲਈ ਖ਼ਰਚ ਕੀਤੀ ਜਾਵੇਗੀ। ਰੈਡ ਕਰਾਸ ਲਈ ਸਕੂਲਾਂ ਵਿੱਚ ਦਾਨ ਬਕਸੇ ਲਾਉਣ ਦੇ ਮੈਂਬਰਾਂ ਦੇ ਸੁਝਾਅ ਬਾਰੇ ਉਨ੍ਹਾਂ ਕਿਹਾ ਕਿ ਦਾਨ ਬਕਸਿਆਂ ਵਿੱਚ ਸਵੈ-ਇੱਛਾ ਨਾਲ ਦਾਨ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਕਿਸੇ ਨੂੰ ਦਾਨ ਲਈ ਮਜਬੂਰ ਨਾ ਕੀਤਾ ਜਾਵੇ। ਮੀਟਿੰਗ ਦੌਰਾਨ ਕਮੇਟੀ ਮੈਂਬਰਾਂ ਦੀ ਸਹਿਮਤੀ ਨਾਲ ਸਾਲ 2013-14 ਲਈ ਜ਼ਿਲ੍ਹਾ ਰੈਡ ਕਰਾਸ ਦੇ ਖਾਤੇ ਦੇ ਆਡਿਟ ਵਾਸਤੇ ਲੇਖਾਕਾਰ ਦੀ ਨਿਯੁਕਤੀ ਤੋਂ ਇਲਾਵਾ ਪੰਜਾਬ ਪੱਧਰੀ ਰੈਡ ਕਰਾਸ ਮੈਨੇਜਿੰਗ ਬਾਡੀ ਵਾਸਤੇ ਸ੍ਰੀ ਸਤਿਆ ਪ੍ਰਕਾਸ਼ ਦੀ ਮੈਂਬਰ ਵਜੋਂ ਚੋਣ ਵੀ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ, ਰੈਡ ਕਰਾਸ ਦੇ ਬਾਨੀ ਹੈਨਰੀ ਡਿਊਨਾ ਨੂੰ ਸਮਰਪਤ ਮਈ ਮਹੀਨੇ ਦੇ ਸਨਮੁਖ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਬੱਚਤ ਭਵਨ ਵਿਖੇ ਲਾਏ ਗਏ ਵਿਸ਼ੇਸ਼ ਖ਼ੂਨਦਾਨ ਕੈਂਪ ਦਾ ਉਦਘਾਟਨ ਵੀ ਕੀਤਾ। ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸ੍ਰੀ ਸੇਖੜੀ ਨੇ 'ਮਹਾਂ ਦਾਨ' ਖ਼ੂਨ ਦਾਨ ਨਾਲ ਅਣਮੁੱਲੀਆਂ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ ਅਤੇ ਸਭ ਨੂੰ ਖ਼ੂਨ ਦਾਨ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਤਕਸੀਮ ਕੀਤੇ।

ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ. ਪਰਮਜੀਤ ਸਿੰਘ, ਨਹਿਰੂ ਯੁਵਾ ਕਲੱਬ ਤੇ 'ਜਾਗੋ' ਦੇ ਪ੍ਰਧਾਨ ਸ. ਗੁਰਵਿੰਦਰ ਸਿੰਘ ਸੋਹੀ, ਪਟਵਾਰੀਆਂ ਅਤੇ ਸਿਵਲ ਹਸਪਤਾਲ ਦੇ ਡਾ. ਵਿਨੋਦ ਗੁਪਤਾ ਦੇ ਸਹਿਯੋਗ ਨਾਲ ਲਾਏ ਗਏ ਇਸ ਕੈਂਪ ਦੌਰਾਨ 50 ਵਿਅਕਤੀਆਂ ਨੇ ਸਵੈ-ਇੱਛਾ ਨਾਲ ਖ਼ੂਨ ਦਾਨ ਕੀਤਾ। ਸਮਾਜ ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਜਿਹੀਆਂ ਸੰਸਥਾਵਾਂ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਕਾਬਿਲੇ ਤਾਰਿਫ਼ ਯੋਗਦਾਨ ਹੈ।

ਇਸ ਮੌਕੇ ਸ. ਮਾਲਵਿੰਦਰ ਸਿੰਘ ਜੱਗੀ ਵਧੀਕ ਡਿਪਟੀ ਕਮਿਸ਼ਨਰ, ਮਿਸ ਹਰਜੋਤ ਕੌਰ ਸਹਾਇਕ ਕਮਿਸ਼ਨਰ (ਜਨਰਲ), ਸ੍ਰੀ ਸੰਜੀਵ ਕੁਮਾਰ ਐਸ.ਡੀ.ਐਮ. ਅਮਲੋਹ, ਸ. ਸੁਖਦੇਵ ਸਿੰਘ ਐਸ.ਡੀ.ਐਮ. ਬੱਸੀ ਪਠਾਣਾਂ, ਡਾ. ਕੁਲਵਿੰਦਰ ਸਿੰਘ ਜ਼ਿਲ੍ਹਾ ਸਿਹਤ ਅਫ਼ਸਰ, ਸ੍ਰੀ ਨਵਤੇਜ ਇੰਦਰ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਸ੍ਰੀ ਪ੍ਰਵੀਨ ਕਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਸ੍ਰੀਮਤੀ ਸਵਤੰਤਰ ਅਰੋੜਾ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਸਮਾਜ ਸੇਵੀ ਡਾ. ਜੀ.ਕੇ. ਸ਼ੈਲੀ, ਪ੍ਰਿੰਸੀਪਲ ਰਾਜਵੰਤ ਕੌਰ, ਸ੍ਰੀਮਤੀ ਸੁਰਿੰਦਰ ਰਾਜਮਤ, ਸ੍ਰੀਮਤੀ ਸਵਰਨਜੀਤ ਕੌਰ, ਸ੍ਰੀ ਪ੍ਰਸ਼ੋਤਮ ਸਿੰਗਲਾ, ਸ੍ਰੀ ਸੁਭਾਸ਼ ਸੂਦ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਤੇ ਹਸਪਤਾਲ ਭਲਾਈ ਸ਼ਾਖਾ ਦੇ ਮੈਂਬਰਾਂ ਸਣੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ।
News From: http://www.7StarNews.com

No comments:

 
eXTReMe Tracker