Sunday, January 11, 2009

ਭਾਸ਼ਾ ਅਤੇ ਭਾਸ਼ਾਈ ਸਿਧਾਂਤਾਂ ਦਾ ਵਿਕਾਸ

ਭਾਰਤ ਦੇ ਇਤਿਹਾਸ ਦੇ ਆਰੰਭਕ ਪੜਾਵਾਂ ਸਮੇਂ ਭਾਸ਼ਾ ਪਹੁੰਚ ਅਧਿਆਤਮਕ ਰਹੀ ਹੈ ਕਿਉਂਕਿ ਸਾਰੇ ਸੰਸਾਰ ਵਿਚ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਬਾਰੇ 'ਦੈਵੀ ਸਿਧਾਂਤ' ਹੀ ਪਰਚਲਿਤ ਸਨ। ਇਨ੍ਹਾਂ ਸਿਧਾਂਤਾਂ ਅਨੁਸਾਰ ਭਾਸ਼ਾ ਨੂੰ ਦੈਵੀ-ਦਾਤ ਮੰਨਿਆਂ ਜਾਂਦਾ ਸੀ। ਪਰੰਤੂ ਮਨੁੱਖੀ ਸੋਚ ਦੀ ਤਰੱਕੀ ਨਾਲ ਇਹ ਸਿਧਾਂਤ ਬਹੁਤਾ ਸਮਾਂ ਕਾਇਮ ਨਾ ਰਹਿ ਸਕੇ। ਸਗੋਂ ਸਮਾ ਪਾ ਕੇ ਇਹ ਧਾਰਨਾ ਜ਼ੋਰ ਫੜਦੀ ਗਈ ਕਿ ਭਾਸ਼ਾ ਇੱਕ ਸਮਾਜਕ ਵਸਤੂ ਹੈ ਜੋ ਸੱਭਿਅਤਾ ਦੇ ਵਿਕਾਸ ਨਾਲ ਪ੍ਰਫੁੱਲਤ ਹੁੰਦੀ ਰਹਿੰਦੀ ਹੈ।

ਦੁਨੀਆਂ ਦੀਆਂ ਜ਼ਿਆਦਾਤਰ ਭਾਸ਼ਾਵਾਂ ਦੇ ਵਿਕਾਸ, ਪਰਚਾਰ ਅਤੇ ਪਸਾਰ ਵਿੱਚ ਧਾਰਮਿਕ ਮੁਖੀਆਂ ਅਤੇ ਸੰਸਥਾਵਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ। ਆਰੀਆਂ ਲੋਕਾਂ ਵਿਚ ਸੰਸਾਰ ਦੇ ਮਾਧਿਅਮ ਵਜੋਂ ਵਰਤੀ ਜਾਂਦੀ ਭਾਸ਼ਾ 'ਸੰਸਕ੍ਰਿਤ' ਸੀ। ਵਕਤ ਗੁਜ਼ਰਨ ਨਾਲ ਅਤੇ ਭੂਗੋਲਿਕ ਵਖਰੇਵਿਆਂ ਕਾਰਨ ਸੰਸਕ੍ਰਿਤ ਭਾਸ਼ਾ ਵਿੱਚ ਸੁਭਾਵਿਕ ਹੀ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਜੋ ਕਿ ਸੰਸਕ੍ਰਿਤ ਦੇ ਵਿਦਵਾਨਾਂ ਨੂੰ ਮਨਜ਼ੂਰ ਨਹੀਂ ਸਨ। ਇਸ ਦਾ ਪ੍ਰਮੱਖ ਕਾਰਨ ਇਹ ਸੀ ਕਿ ਰਿਗਵੇਦ ਦੇ ਮੰਤਰਾਂ ਵਿਚ ਵੀ ਤਬਦੀਲੀ ਹੋਣ ਦਾ ਡਰ ਸੀ। ਰਿਗਵੇਦ ਦੇ ਮੰਤਰਾਂ ਦਾ ਮੁੱਢਲਾ ਰੂਪ ਮੌਖਿਕ ਸੀ। ਇਨ੍ਹਾਂ ਦਾ ਲਿਖਤੀ ਰੂਪ ਤੀਜੀ ਪੀੜ੍ਹੀ ਵਿਚ ਜਾ ਕੇ ਹੋਂਦ ਵਿਚ ਆਇਆ। ਵੈਦਿਕ ਸੰਸਕ੍ਰਿਤ ਦੇ ਵਿਦਵਾਨਾਂ ਨੇ ਭਾਸ਼ਾ ਦੀ ਪ੍ਰਕਿਰਤੀ ਨੂੰ ਸਮਝਦਿਆਂ ਹੋਇਆਂ ਅਤੇ ਭਾਸ਼ਾਈ ਸ਼ੁੱਧਤਾ ਨੂੰ ਕਾਇਮ ਰੱਖਣ ਖਾਤਰ ਇਹ ਪਰਚਾਰ ਕੀਤਾ ਕਿ ਸਮਾਜਕ ਅਤੇ ਧਾਰਮਿਕ ਰਸਮਾਂ ਸਮੇਂ ਜੇ ਵੈਦਿਕ ਮੰਤਰਾਂ ਦਾ ਮੌਲਿਕ ਅਤੇ ਸਹੀ ਉਚਾਰਣ ਨਾ ਕੀਤਾ ਜਾਵੇ ਤਾਂ ਕਾਰਜ ਸਿੱਧੀ ਅਤੇ ਸੇਵਾ ਫਲ ਪ੍ਰਾਪਤ ਨਹੀਂ ਹੋ ਸਕੇਗਾ। ਉਨ੍ਹਾਂ ਦੇ ਇਸ ਮਤ ਦੇ ਪਰਚਾਰ ਦੇ ਨਾਲ-ਨਾਲ ਮੰਤਰਾਂ ਦੀ ਭਾਸ਼ਾ ਦਾ ਵਿਸ਼ਲੇਸ਼ਣ ਕਰ ਕੇ ਉਨ੍ਹਾਂ ਉਚਾਰਣ ਨਾਲ ਸੰਬੰਧਤ ਨਿਯਮ ਬਣਾਏ। ਇਹ ਨਿਯਮ ਪ੍ਰਸਿੱਧ ਰਿਸ਼ੀ 'ਪਾਣਿਨੀ' ਦੇ ਵਿਆਕਰਣ 'ਅਸ਼ਟ-ਅਧਿਆਇ' ਦੇ ਰੂਪ ਵਿਚ ਸਾਹਮਣੇ ਆਏ। ਇਹ ਸਮਾਂ 400 ਈ ਪੂ ਦੇ ਲਗਭਗ ਸੀ। ਇਹ ਸੰਸਕ੍ਰਿਤ ਭਾਸ਼ਾ ਦਾ ਪਹਿਲਾ ਵਿਆਕਰਣ ਹੈ। ਇਸ ਵਿਚ 4000 ਸੂਤਰ ਹਨ। ਇਹ ਆਪਣੇ ਆਪ ਵਿਚ ਉਚਕੋਟੀ ਦੇ ਭਾਸ਼ਾਈ ਸਿਧਾਂਤ ਹਨ।

ਇਸੇ ਯੁੱਗ ਵਿਚ ਲੀਤੀਨੀ ਅਤੇ ਯੂਨਾਨੀ ਵਾਸਤੇ ਨਿਯਮਾਵਲੀ ਨਿਰਧਾਰਤ ਕਰ ਕੇ ਵਿਆਕਰਣ ਲਿਖੇ ਗਏ। ਵਿਦਵਾਨ ਲੋਕ ਵਿਆਕਰਣ ਨੂੰ ਬੋਲਣ ਅਤੇ ਲਿਖਣ ਦੀ ਕਲਾ ਵਿਚ ਮੁਹਾਰਤ ਪ੍ਰਾਪਤ ਕਰਨ ਦੀ ਵਿਧੀ ਸਮਝਦੇ ਹਨ। ਇਨ੍ਹਾਂ ਵਿਦਵਾਨਾਂ ਅਤੇ ਚਿੰਤਕਾਂ ਦੀ ਇਹ ਧਾਰਨਾ ਸੀ ਕਿ ਜਨ-ਸਧਾਰਨ ਭਾਸ਼ਾ ਉਨ੍ਹਾਂ ਦੇ ਮੁਕਾਬਲੇ ਪੱਛੜੀ ਹੋਈ ਹੈ ਅਤੇ ਭ੍ਰਸ਼ਟੀ ਹੋਈ ਭਾਸ਼ਾ ਹੈ। ਵਿਦਵਾਨਾਂ ਤੇ ਚਿੰਤਕਾਂ ਦਾ ਕੰਮ ਭਾਸ਼ਾਈ ਸ਼ੁੱਧਤਾਂ ਨੂੰ ਕਾਇਮ ਰੱਖਣਾ ਹੈ। ਇਸ ਤਰ੍ਹਾਂ ਪਾਣਿਨੀ ਦੇ ਵਿਆਕਰਣ ਨਿਯਮਾਂ ਵਿੱਚ ਬੱਝੀ ਹੋਈ ਭਾਸ਼ਾ, ਕਲਾਸੀਕਲ ਸੰਸਕ੍ਰਿਤ ਸੀ ਜੋ ਪੰਡਤਾਂ ਅਤੇ ਵਿਦਵਾਨਾਂ ਦੇ ਦਾਇਰ ਵਿਚ ਰਹਿ ਗਈ ਅਤੇ ਆਮ ਬੋਲ-ਚਾਲ ਦੀ ਭਾਸ਼ਾ ਤੋਂ ਦੂਰ ਹੁੰਦੀ ਗਈ।

'ਪਾਲੀ' ਵੈਦਿਕ ਸੰਸਕ੍ਰਿਤ ਦਾ ਦੂਸਰਾ ਵਿਕਸਿਤ ਲੌਕਿਕ ਰੂਪ ਸੀ। ਇਸਦੇ ਪਰਚਾਰ ਅਤੇ ਪ੍ਰਸਾਰ ਵਿਚ ਮਹਾਤਮਾ ਬੁੱਧ ਦਾ ਬਹੁਤ ਵੱਡਾ ਯੋਗਦਾਨ ਸੀ। ਜਦੋਂ ਪਾਲੀ ਭਾਸ਼ਾ ਦੀ ਸੰਸਕ੍ਰਿਤ ਵਾਂਗ ਵਿਆਕਰਣ ਨਿਯਮਾਂ ਵਿਚ ਬੱਝ ਗਈ ਤਾਂ ਭਾਸ਼ਾਈ ਵਖਰੇਵੇਂ ਪ੍ਰਾਕ੍ਰਿਤਕਾਂ ਦੇ ਰੂਪ ਵਿਚ ਨਿਖਰ ਉਠੇ। ਇਨ੍ਹਾਂ ਪ੍ਰਾਕ੍ਰਿਤਕਾਂ ਵਿਚ ਮਹਾਂ ਰਾਸ਼ਟਰੀ, ਮਾਗਧੀ, ਅਰਧ ਮਾਗਧੀ, ਸ਼ੋਰ ਸੈਨੀ ਅਤੇ ਪੈਸ਼ਾਚੀ ਪ੍ਰਮੁੱਖ ਸਨ। ਸਮਾਂ ਪਾ ਕੇ ਇਹ ਪ੍ਰਾਕ੍ਰਿਤਕਾਂ ਦੀ ਵਿਆਕਰਣ ਬੱਧ ਹੋ ਕੇ ਸਹਿਤ ਰਚਨਾ ਅਤੇ ਆਮ ਬੋਲ ਚਾਲ ਦਾ ਮਾਧਿਅਮ ਬਣੀਆ।

ਸਦੀਆਂ ਤੋਂ ਹੀ ਭਾਸ਼ਾ ਦੀ ਪ੍ਰਕਿਰਤੀ ਵਿਚ ਨਿਰੰਤਰ ਤਬਦੀਲੀ ਸੁਭਾਵਿਕ ਰੂਪ ਵਿੰਚ ਹੁੰਦੀ ਰਹੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿਚ ਵਖਰੇਵੇਂ ਬਦਲ ਫੁੱਲਦੇ ਰਹਿੰਦੇ ਹਨ। ਇਸਦਾ ਮੁੱਖ ਕਾਰਨ ਸੱਭਿਅਤਾ ਦਾ ਵਿਕਾਸ ਭੁਗੋਲਿਕ ਵੱਖਰਤਾ ਅਤੇ ਵਿਦੇਸ਼ੀ ਪ੍ਰਭਾਵ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਉਕਤ ਵਰਣਤ ਮੁੱਖ ਪ੍ਰਾਕ੍ਰਿਤਾਂ 'ਅਪਭ੍ਰੰਸ਼ਾਂ' ਦਾ ਰੂਪ ਧਾਰ ਗਈਆਂ। ਭਾਸ਼ਾ ਦੇ ਵਿਦਵਾਨਾਂ ਅਨੁਸਾਰ ਬਿਗੜੀ ਹੋਈ ਅਪਭ੍ਰੰਸ਼ ਹੈ। ਇਨ੍ਹਾਂ ਅਪਭ੍ਰੰਸ਼ਾਂ ਦਾ ਸਮਾਂ 600 ਈ ਤੋਂ 1000 ਈ ਦੇ ਲਗਭਗ ਮੰਨਿਆ ਗਿਆ ਹੈ। ਇਨ੍ਹਾਂ ਅਪਭ੍ਰੰਸ਼ਾਂ ਦੇ ਅੰਤਰਗਤ ਪ੍ਰਚਲਿਤ ਭਾਸ਼ਾਵਾਂ ਵਿਚੋਂ ਹੀ ਆਧੁਨਿਕ ਭਾਸ਼ਾਵਾਂ ਦਾ ਵਿਕਾਸ ਹੋਇਆ।

ਭਾਸ਼ਾਈ ਅਧਿਐਨ ਦੇ ਵਿਕਾਸ ਦਾ ਅਗਲਾ ਪੜਾਅ ਉਸ ਵਕਤ ਸ਼ੁਰੂ ਹੋਇਆ ਜਦੋਂ ਫਰਾਂਸੀਸੀ ਅਤੇ ਬਰਤਾਨਵੀ ਹੁਕਮਰਾਨਾਂ ਦੀ ਸਮੁੱਚੀ ਦੁਨੀਆਂ 'ਤੇ ਰਾਜ ਕਰਨ ਦੀ ਲਾਲਸਾ ਜਾਗੀ। ਇਸ ਕਾਰਨ ਉਨ੍ਹਾਂ ਨੂੰ ਵੱਖਰੇ-ਵੱਖਰੇ ਦੇਸ਼ਾਂ ਵਿਚ ਉਤਰਨਾ ਪਿਆ। ਉਹ ਲੋਕ ਵੱਖਰੇ-ਵੱਖਰੇ ਦੇਸ਼ਾਂ ਵਿਚ ਵਪਾਰ ਕਰਨ ਦੇ ਬਹਾਨੇ ਗਏ, ਫਿਰ ਆਪਣੀਆਂ ਕੂਟਨੀਤੀਆਂ ਸਦਕਾ ਸਥਾਨਕ ਲੋਕਾਂ 'ਤੇ ਰਾਜ ਕਰਨ ਲੱਗੇ। ਲੋਕਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਅਤੇ ਰਾਜ-ਪ੍ਰਬੰਧ ਚਲਾਉਣ ਲਈ ਉਨ੍ਹਾਂ ਵਾਸਤੇ ਸਥਾਨਕ ਸੱਭਿਆਚਾਰ ਅਤੇ ਭਾਸ਼ਾ ਨੂੰ ਸਮਝਣਾ ਜ਼ਰੂਰੀ ਸੀ। ਇਸ ਮਕਸਦ ਦੇ ਹੱਲ ਲਈ ਸਥਾਨਕ ਭਾਸ਼ਾਵਾਂ ਦੀ ਨਿਯਮਾਵਲੀ ਤਿਆਰ ਕੀਤੀ ਗਈ। ਕਈ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਪਹਿਲੇ ਵਿਆਕਰਣ ਇਸਾਈ ਪਾਦਰੀਆਂ ਦੁਆਰਾ ਲਿਖੇ ਗਏ। ਇਸ ਨਾਲ ਸਥਾਨਕ ਵਿਦਵਾਨਾਂ ਵੱਲੋਂ ਭਾਸ਼ਾਈ ਸਿਧਾਂਤਾਂ ਦੇ ਸੰਦਰਭ ਵਿਚ ਨਵੇਂ-ਨਵੇਂ ਤਜ਼ਰਬੇ ਕੀਤੇ ਜਾਣ ਲੱਗੇ, ਜੋ ਅੱਜ ਤੱਕ ਜਾਰੀ ਹਨ।

ਭਾਸ਼ਾ ਇੱਕ ਸੰਚਾਰ ਪ੍ਰਣਾਲੀ ਹੈ, ਜੋ ਮਨੁੱਖ ਸੱਭਿਅਤਾ ਦੇ ਵਿਕਾਸ ਲਈ ਨਿਰੰਤਰ ਵਿਕਾਸ ਕਰ ਰਹੀ ਹੈ। ਅਜੋਕੇ ਸਮੇਂ ਵਿਚ ਭਾਸ਼ਾ ਦੇ ਅਧਿਐਨ ਦੇ ਸਿਧਾਂਤਾਂ ਪਿੱਛੇ ਇਹ ਸੋਚ ਕਾਰਜਸ਼ੀਲ ਹੈ ਕਿ ਸੰਸਾਰ ਦੇ ਵੱਖ-ਵੱਖ ਖੇਤਰਾਂ ਵਿੱਚ ਅਨੇਕਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਇਨ੍ਹਾਂ ਦਾ ਇੱਕ ਸੰਚਾਰ ਪ੍ਰਣਾਲੀ ਵਜੋਂ ਅਧਿਐਨ ਕੀਤਾ ਜਾਵੇ।

http://www.sikhpress.com

No comments:

 
eXTReMe Tracker