Sunday, January 11, 2009

ਭਾਸ਼ਾ ਦੀਆਂ ਵਿਸ਼ੇਸ਼ਤਾਵਾਂ

ਹਰ ਸ਼ੈ ਦੇ ਕੁਝ ਅਜੇਹੇ ਨਵੇਕਲੇ ਗੁਣ ਜਾਂ ਸਿਫਤਾਂ ਹੁੰਦੀਆਂ ਹਨ ਜਿਹੜੀਆਂ ਉਸ ਨੂੰ ਬਾਕੀ ਸ਼ੈਆਂ ਨਾਲੋਂ ਨਵੇਕਲੀ ਹਸਤੀ ਬਖਸ਼ਦੀਆਂ ਹਨ। ਭਾਸ਼ਾ ਦੀ ਇਕ ਹੋਂਦ ਹੈ ਅਤੇ ਇਸ ਦੀਆਂ ਆਪਣੀਆਂ ਸਿਫਤਾਂ ਅਤੇ ਵਿਸ਼ੇਸ਼ਤਾਵਾਂ ਹਨ।

ਭਾਸ਼ਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਹ ਹਨ:

1• ਭਾਸ਼ਾ ਮੁਢੋਂ ਧੁਨੀਆਤਮਕ ਹੁੰਦੀ ਹੈ।
2• ਭਾਸ਼ਾ ਇਕ ਸਿਸਟਮ ਹੈ।
3• ਭਾਸ਼ਾ ਚਿੰਨ੍ਹ ਰੂਪ ਹੈ।
4• ਭਾਸ਼ਾ ਭਾਵਾਂ ਤੇ ਵਿਚਾਰਾਂ ਦੇ ਪ੍ਰਗਟਾਉ ਲਈ ਹੈ।
5• ਭਾਸ਼ਾ ਦਾ ਸਿੱਧਾ ਸੰਬੰਧ ਮਨੁੱਖ ਨਾਲ ਹੈ।
6• ਭਾਸ਼ਾ ਅਣ–ਸੁਭਾਵਿਕ ਹੁੰਦੀ ਹੈ।

ਆਧੁਨਿਕ ਭਾਸ਼ਾ–ਵਿਗਿਆਨ ਦੇ ਬਾਨੀ ਫ੍ਰਾਂਸ ਨਿਵਾਸੀ ਸਾਸੂਰ ਨੇ ਨਵੇਂ ਦ੍ਰਿਸ਼ਟੀਕੋਣ ਤੋਂ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਉਲੀਕੀਆਂ ਹਨ:

1• ਭਾਸ਼ਾ ਭਾਸ਼ਾਈ ਤਥਾਂ ਦੇ ਵੰਨ–ਸੁਵੰਨੇ ਢੇਰ ਵਿਚ ਇਕ ਸੁ–ਨਿਰੂਪਿਤ ਵਸਤੂ ਹੈ।
2• ਭਾਸ਼ਣੀ ਕਲਾ ਤੋਂ ਉਲਟ, ਭਾਸ਼ਾ ਉਹ ਤੱਤ ਹੈ ਜਿਸ ਦਾ ਵੱਖਰੇ ਤੌਰ ਤੇ ਅਧਿਐਨ ਹੋ ਸਕਦਾ ਹੈ।
3• ਭਾਸ਼ਣ ਉਲਟ–ਧਰਮੀ ਹੈ ਪਰ ਭਾਸ਼ਾ ਸਮਧਰਮੀ ਹੈ। ਭਾਸ਼ਾ ਚਿੰਨ੍ਹਾਂ ਦਾ ਇਕ ਸਿਸਟਮ ਹੈ ਜਿਸ ਵਿਚ ਸਭ ਤੋਂ ਜ਼ਰੂਰੀ ਗੱਲ ਅਰਥ ਅਤੇ ਧੁਨੀ–ਚਿੰਨ੍ਹਾਂ ਦਾ ਮੇਲ ਹੈ ਅਤੇ ਚਿੰਨ੍ਹਾਂ ਦੇ ਦੋਵੇਂ ਸਿਰੇ ਮਨੋਵਿਗਿਆਨਿਕ ਹੁੰਦੇ ਹਨ।
4• ਭਾਸ਼ਾ ਸਥੂਲ ਹੈ ਜਿਵੇਂ ਕਿ ਭਾਸ਼ਣ। ਅਤੇ ਏਹੋ ਗੁਣ ਭਾਸ਼ਾ ਦੇ ਅਧਿਐਨ ਵਿਚ ਸਾਡਾ ਸਹਾਈ ਹੁੰਦਾ ਹੈ।

ਅਮਰੀਕਾ ਦੇ ਆਧੁਨਿਕ ਭਾਸ਼ਾ ਵਿਗਿਆਨੀ ਹਾਕੇਟ ਨੇ ਪ੍ਰਾਣੀ ਵਿਗਿਆਨਿਕ ਦ੍ਰਿਸ਼ਟੀ ਤੋਂ ਮਨੁੱਖ ਦੀ ਉੱਚਤਾ ਨੂੰ ਵਿਚਾਰਿਆ ਹੈ ਅਤੇ ਆਦਿਮ ਮਨੁੱਖ ਤੋਂ ਲੈਕੇ ਹੁਣ ਤਕ ਮਨੁੱਖੀ ਭਾਸ਼ਾ ਦੀ ਸਰਵੋਤਮ ਵਡਿਆਈ ਦਾ ਜਿਕਰ ਕੀਤਾ ਹੈ। ਉਸਦਾ ਕਹਿਣਾ ਹੈ ਕਿ ਇਸ ਗੱਲ ਉਤੇ ਜ਼ੋਰ ਦੇਣ ਦਾ ਕੋਈ ਫਾਇਦਾ ਨਹੀਂ ਕਿ ਮਨੁੱਖੀ ਭਾਸ਼ਾ ਅਤੇ ਹੋਰ ਅਣ–ਮਨੁੱਖੀ ਸੰਚਾਰ–ਪ੍ਰਣਾਲੀਆਂ ਦੇ ਵਿਚਕਾਰ ਬੜਾ ਫਰਕ ਹੈ। ਸਾਨੂੰ ਵੇਖਣਾ ਚਾਹੀਦਾ ਹੈ ਕਿ ਇਹ ਫਰਕ ਕਿਸ ਅੰਗ ਤੇ ਕਿਸ ਪੱਖ ਵਿਚ ਹੈ। ਇਸ ਨਾਲ ਅਸੀਂ ਭਾਸ਼ਾ ਦੀ ਮਹੱਤਤਾ ਅਤੇ ਵਿਸ਼ੇਸ਼ਤਾ ਵੇਖ ਸਕਦੇ ਹਾਂ।

ਇੰਜ ਭਾਸ਼ਾ ਦੇ ਸੱਤ ਮੂਲ–ਤੱਤ ਗਿਣੇ ਜਾਂਦੇ ਹਨ ਜਿਹੜੇ ਇਸਦੀਆਂ ਵਿਸ਼ੇਸ਼ਤਾਵਾਂ ਹਨ। ਉਹ ਇਹ ਹਨ:

1• ਦੁਪੱਖਤਾ
2• ਘੜਨ–ਯੋਗਤਾ
3• ਆਪ–ਮੁਹਾਰਾਪਣ
4• ਅੰਤਰ–ਵਟਾਂਦਰਾ
6• ਵਿਸ਼ੇਸ਼ੀਕਰਣ
7• ਵਿਸਥਾਪਨ (ਨਿਥਾਂਵਾਂਪਣ)

ਦੁਪੱਖਤਾ:

ਮਨੁੱਖ ਜੋ ਕੁਝ ਬੋਲਦਾ ਹੈ ਉਸਦੇ ਅਰਥਾਤ ਭਾਸ਼ਾ ਦੇ ਦੋ ਪੱਖ ਹੁੰਦੇ ਹਨ, ਉਸਦੀਆਂ ਧੁਨੀਆਂ ਜਾਂ ਧੁਨੀ–ਤੱਤ ਅਤੇ ਵਿਅਕਰਣਿਕ ਰੂਪ ਅਰਥਾਤ ਰੂਪ–ਤੱਤ, ਰੂਪ–ਤੱਤ ਦਾ ਪ੍ਰਬੰਧ ਧੁਨੀ–ਤੱਤ ਉਤੇ ਨਿਰਭਰ ਹੁੰਦਾ ਹੈ। ਇਸ ਲਈ ਇਨ੍ਹਾਂ ਦੋਨਾਂ ਪੱਖਾਂ ਤੋਂ ਬਿਨ੍ਹਾਂ ਭਾਸ਼ਾ ਨਹੀਂ ਚੱਲ ਸਕਦੀ। ਮਨੁੱਖੀ ਭਾਸ਼ਾ ਨੂੰ ਛੱਡ ਕੇ ਹੋਰ ਕਿਸੇ ਵੀ ਪ੍ਰਣਾਲੀ ਵਿਚ ਇਹ ਦੋ ਪੱਖ ਨਹੀਂ ਹਨ।

ਘੜਨ–ਯੋਗਤਾ:

ਕਿਸੇ ਭਾਸ਼ਾ ਨੂੰ ਬੋਲਣ ਵਾਲਾ ਕਦੇ ਕਦੇ ਅਜੇਹੇ ਲਫ਼ਜ਼ ਬੋਲੇਗਾ ਜਿਹੜੇ ਨ ਉਸਨੇ ਕਦੇ ਕਹੇ ਹੋਏ ਹੁੰਦੇ ਹਨ ਅਤੇ ਨ ਹੀ ਸੁਣੇ ਹੋਏ ਹੁੰਦੇ ਹਨ ਪਰ ਉਨ੍ਹਾਂ ਨੂੰ ਸ੍ਰੋਤੇ ਸਮਝ ਵੀ ਜਾਂਦੇ ਹਨ। ਆਮ ਤੌਰ ਤੇ ਅਜੇਹੇ ਲਫ਼ਜ਼ ਜਾਂ ਮੁਹਾਵਰੇ ਕਿਸੇ ਸਦ੍ਰਿਸ਼ਤਾ ਦੇ ਕਾਰਣ ਉਤਪੰਨ ਹੁੰਦੇ ਹਨ। ''ਉਹ ਝੂਠ ਮਾਰਦਾ ਹੈ\'\' ਇਹ ਠੀਕ ਹੈ ਪਰ ਇਸ ਦੀ ਸਦ੍ਰਿਸ਼ਤਾ ਦੇ ਕਾਰਣ ''ਉਹ ਸੱਚ ਮਾਰਦਾ ਹੈ\'\' ਇਹ ਮੁਹਾਵਰਾ ਪ੍ਰਵਾਨ ਨਹੀਂ, ਪਰ ਬੱਚੇ ਬੋਲ ਦਿੰਦੇ ਹਨ। ਕਈ ਵਾਰ ਅਜੇਹੇ ਲਫ਼ਜ਼ ਚਲ ਪੈਂਦੇ ਹਨ। ਇਹ ਭਾਸ਼ਾ ਦੀ ਉਤਪਾਦਕਤਾ ਹੈ।

ਆਪ–ਮੁਹਾਰਾਪਣ:

ਅਮੂਮਨ ਲਫ਼ਜ਼ਾਂ ਅਤੇ ਉਨ੍ਹਾਂ ਦੇ ਅਰਥਾਂ ਦੇ ਦਰਮਿਆਨ ਐਸੀ ਕੋਈ ਸਾਂਝ ਨਹੀਂ ਹੁੰਦੀ ਜਿਹੜੀ ਵਸਤੂ ਦੀ ਸ਼ਕਲ–ਸੂਰਤ ਨੂੰ ਹੂਬਹੂ ਪ੍ਰਗਟਾ ਸਕੇ। 'ਮੇਜ਼\' ਇਕ ਸ਼ਬਦ ਹੈ ਪਰ ਇਕ ਵਸਤੂ ਹੈ। ਮੇਜ਼ ਲਫ਼ਜ਼ ਦਾ ਆਕਾਰ ਮੇਜ਼ ਵਰਗਾ ਨਹੀਂ। ਇਹ ਤਾਂ ਇਕ ਚਿੰਨ੍ਹ ਰੂਪ ਹੈ ਜਿਹੜਾ ਮਨਮਰਜ਼ੀ ਨਾਲ ਘੜਿਆ ਗਿਆ ਹੈ। ਭਾਸ਼ਾ ਵਿਚ ਮਨਮਰਜ਼ੀ ਨਾਲ ਸ਼ਬਦਾਂ ਦੀ ਘਾੜਤ ਕਰਨਾ ਹੀ ਭਾਸ਼ਾ ਦੀ ਆਪ ਮੁਹਾਰਾਪਣ ਹੈ।

ਅੰਤਰ–ਵਟਾਂਦਰਾ:

ਭਾਸ਼ਾ ਦੀ ਪ੍ਰਣਾਲੀ ਵਿਚ ਬੋਲਣ ਵਾਲਾ ਸੁਣਨ ਦੀ ਯੋਗਤਾ ਵੀ ਰੱਖਦਾ ਹੈ। ਜਿਹੜਾ ਵਕਤਾ ਹੈ ਉਹ ਸ੍ਰੋਤਾ ਵੀ ਹੈ ਅਤੇ ਇਸ ਦੇ ਉਲਟ ਵੀ। ਇਹ ਯੋਗਤਾ ਭਾਸ਼ਾ ਤੋਂ ਛੁਟ ਹੋਰ ਕਿਸੇ ਪ੍ਰਣਾਲੀ ਵਿਚ ਨਹੀਂ।

ਵਿਸ਼ੇਸ਼ੀਕਰਣ:

ਮਨੁੱਖੀ ਭਾਸ਼ਾ ਨੂੰ ਛੱਡ ਕੇ ਹੋਰ ਕਿਸੇ ਭਾਸ਼ਾ – ਪਸ਼ੂ–ਭਾਸ਼ਾ, ਸੰਕੇਤ-ਭਾਸ਼ਾ – ਵਿਚ ਵਿਸ਼ੇਸ਼ੀਕਰਣ ਨਹੀਂ ਹੈ। ਮਨੁੱਖੀ ਵਾਕ–ਯੰਤਰ ਦੀ ਹਰ ਚੇਸ਼ਟਾ ਦੂਜੇ ਪਾਸੇ ਕੋਈ ਨ ਕੋਈ ਕ੍ਰਿਆ ਪੈਦਾ ਕਰਦੀ ਹੈ, ਉਸ ਕ੍ਰਿਆ ਦਾ ਕੋਈ ਅਰਥ ਹੁੰਦਾ ਹੈ। ਇਹ ਗੱਲ ਪਸ਼ੂ–ਭਾਸ਼ਾ ਵਿਚ ਵੀ ਉਪਲਬਧ ਹੈ। ਉਥੇ ਅੰਗਾਂ ਦੀ ਹਰਕਤ ਦੇ ਅਰਥ ਨਿਸ਼ਚਿਤ ਹੁੰਦੇ ਹਨ ਪਰੰਤੂ ਮਨੁੱਖੀ ਭਾਸ਼ਾ ਵਿਚ ਕਿਸੇ ਵਾਕ–ਯੰਤਰ ਦੀ ਹਰਕਤ ਨਵੇਂ ਨਵੇਂ ਸੰਕੇਤ ਦੇਣ ਦੇ ਸਮਰਥ ਹੈ। ਇਹ ਪਸ਼ੂ-ਭਾਸ਼ਾ ਵਿਚ ਸੰਭਵ ਨਹੀਂ। ਭਾਸ਼ਾ ਦਾ ਇਹੋ ਵਿਸ਼ੇਸ਼ੀਕਰਣ ਹੈ।

ਵਿਸਥਾਪਨ (ਨਿਥਾਂਵਾਂਪਣ)

ਕਿਸੇ ਭਾਸ਼ਾ ਦੇ ਸੰਚਾਰ ਵੇਲੇ (ਟੈਲੀਫੋਨ ਰਾਹੀਂ ਸੁਨੇਹੇ ਭੇਜਣ ਵੇਲੇ) ਉਸ ਭਾਸ਼ਾ ਦੇ ਮੂਲ ਗੁਣ ਸੁਰੱਖਿਅਤ ਰਹਿੰਦੇ ਹਨ ਭਾਵੇਂ ਉਹ ਭਾਸ਼ਾ ਸਮੇਂ ਤੇ ਸਥਾਨ ਤੋਂ ਦੂਰ ਹੋ ਜਾਂਦੀ ਹੈ।

ਸਾਂਸਕ੍ਰਿਤਿਕ ਪ੍ਰਸਾਰ:

ਭਾਸ਼ਾ ਦੀ ਸਿਖਲਾਈ ਨਕਲ ਨਾਲ ਹੁੰਦੀ ਹੈ। ਆਪਣੇ ਆਲੇ–ਦੁਆਲੇ ਦੇ ਵਰਤਾਰੇ ਨਾਲ, ਅਤੇ ਕੁਝ ਵੱਡੇ ਵਡੇਰਿਆਂ ਤੋਂ ਸਿਖਾਉਣ ਨਾਲ ਭਾਸ਼ਾ ਸਿੱਖੀ ਜਾਂਦੀ ਹੈ ਜਾਂ ਗ੍ਰਹਿਣ ਕੀਤੀ ਜਾਂਦੀ ਹੈ। ਇਹ ਆਲੇ ਦੁਆਲੇ ਦਾ ਸਿੱਖਿਆ–ਪ੍ਰਭਾਵ ਹੀ ਭਾਸ਼ਾ ਦੀ ਪ੍ਰਸਾਰੀ ਸਿਫਤ ਹੈ ਜਿਹੜੀ ਪੁਸ਼ਤ–ਦਰ–ਪੁਸ਼ਤ ਪ੍ਰਚਲਿਤ ਰਹਿੰਦੀ ਹੈ। ਇਉਂ ਭਾਸ਼ਾ ਦੀ ਸਿਖਲਾਈ ਜਨਮ ਦੀ ਰੀਤ ਨਾਲ ਨਹੀਂ ਸਗੋਂ ਆਪਣੀ ਸੰਸਕ੍ਰਿਤੀ ਦੀ ਰੀਤ ਨਾਲ ਹੁੰਦੀ ਹੈ।

ਉਪਰੋਕਤ ਵਿਸ਼ਲੇਸ਼ਣ ਨੂੰ ਮੁੱਖ ਰੱਖਕੇ ਭਾਸ਼ਾ ਦੀਆਂ ਜਰੂਰੀ ਵਿਸ਼ੇਸ਼ਤਾਵਾਂ ਸੰਖੇਪ ਤੌਰ ਤੇ ਇਉਂ ਉਲੀਕੀਆਂ ਜਾ ਸਕਦੀਆਂ ਹਨ:

ਭਾਸ਼ਾ ਹਰ ਪਾਸਿਉਂ ਸਮਾਜਿਕ ਵਸਤੂ ਹੈ:

ਭਾਸ਼ਾ ਆਪਣੇ ਹਮਵਕਤਿਆਂ, ਵੱਡੇ ਵਡੇਰਿਆਂ ਅਤੇ ਸਮਾਜ ਤੋਂ ਗ੍ਰਹਿਣ ਕੀਤੀ ਜਾਂਦੀ ਹੈ। ਭਾਸ਼ਾ ਦਾ ਸਮਾਜ ਨਾਲ ਸੰਪਰਕ ਤੇ ਵਰਤੋਂ ਹੋਣ ਕਰਕੇ ਇਹ ਸਮਾਜਿਕ ਵਸਤੂ ਹੈ।

ਭਾਸ਼ਾ ਵਿਰਾਸਤ ਨਹੀਂ ਅਰਜਿਤ ਹੈ:

ਭਾਸ਼ਾ ਵਿਰਸੇ ਵਿਚ ਸਾਡੇ ਪਿਤਰੀ ਧਨ ਵਾਂਗੂੰ ਪ੍ਰਾਪਤ ਨਹੀਂ ਹੁੰਦੀ। ਭਾਸ਼ਾ ਨੂੰ ਮਿਹਨਤ ਨਾਲ ਜਾਣੇ–ਅਣਜਾਣੇ ਰੂਪ ਵਿਚ ਕਮਾਉਣਾ ਪੈਂਦਾ ਹੈ। ਇਹ ਪੁਸ਼ਤੀ ਜਾਇਦਾਦ ਨਹੀਂ।

ਭਾਸ਼ਾ ਸਹਿਜ ਤੇ ਕੁਦਰਤੀ ਹੈ:

ਭਾਸ਼ਾ ਸੁਭਾਵਿਕ ਤੌਰ ਤੇ ਸਿੱਖੀ ਜਾਂਦੀ ਹੈ, ਇਸ ਨੂੰ ਉਤਪੰਨ ਨਹੀਂ ਕੀਤਾ ਜਾ ਸਕਦਾ। ਇਸ ਲਈ ਭਾਸ਼ਾ ਸਹਿਜ ਰੂਪ ਵਿਚ ਗ੍ਰਹਿਣ–ਯੋਗ ਹੈ। ਕੋਈ ਵਿਅਕਤੀ ਨਵੇਂ ਸਿਰਿਉਂ ਬੋਲੀ ਸਿਰਜ ਨਹੀਂ ਸਕਦਾ ਭਾਵੇਂ ਥੋੜ੍ਹੀ ਬਹੁਤ ਤਬਦੀਲੀ ਅਵਸ਼ ਲਿਆ ਸਕਦਾ ਹੈ।

ਭਾਸ਼ਾ ਇਕ ਅਰੋਕ ਵਹਿਣ ਹੈ:

ਆਦਿਮ ਮਨੁੱਖ ਦੇ ਨਾਲ ਹੀ ਭਾਸ਼ਾ ਦੀ ਉਤਪਤੀ ਹੈ ਅਤੇ ਮਨੁੱਖ ਦੇ ਨਾਲ ਹੀ ਇਹ ਲਗਾਤਾਰ ਚੱਲਦੀ ਜਾ ਰਹੀ ਹੈ। ਭਾਸ਼ਾ ਦਾ ਵਹਿਣ ਅਰੋਕ ਹੈ। ਕੋਈ ਵਿਅਕਤੀ ਇਸਦੇ ਵਹਿਣ ਨੂੰ ਨਾ ਤਾਂ ਰੋਕ ਸਕਦਾ ਹੈ, ਨ ਖਤਮ ਕਰ ਸਕਦਾ ਹੈ, ਥੋੜ੍ਹੀ ਬਹੁਤ ਤਬਦੀਲੀ ਅਵਸ਼ ਕਰ ਸਕਦਾ ਹੈ। ਇਸ ਲਈ ਭਾਸ਼ਾ ਦਾ ਪ੍ਰਵਾਹ ਚਿਰੰਜੀਵ ਹੈ।

ਭਾਸ਼ਾ ਸਰਬ ਵਿਆਪਕ ਹੈ:

ਮਨੁੱਖ ਦੇ ਹਰ ਕੰਮ–ਕਾਜ ਵਿਚ ਭਾਸ਼ਾ ਮੌਜੂਦ ਰਹਿੰਦੀ ਹੈ। ਭਾਸ਼ਾ ਨੂੰ ਛੱਡਕੇ ਮਨੁੱਖ ਦਾ ਕੋਈ ਵੀ ਕੰਮ ਪੂਰਾ ਨਹੀਂ ਹੋ ਸਕਦਾ। ਇਨਸਾਨ ਦਾ ਦੂਜੇ ਇਨਸਾਨ ਨਾਲ ਸੰਬੰਧ, ਵਿਅਕਤੀ ਦਾ ਸਮਾਜ ਨਾਲ ਸੰਬੰਧ ਭਾਸ਼ਾ ਤੋਂ ਬਗੈਰ ਸੋਚਿਆ ਵੀ ਨਹੀਂ ਜਾ ਸਕਦਾ। ਇਸ ਲਈ ਮਨੁੱਖ ਦਾ ਅੰਦਰਲਾ ਤੇ ਬਾਹਰਲਾ, ਵਿਅਕਤੀਗਤ ਤੇ ਸਮਾਜਿਕ, ਸੋਚਧਾਰਾ ਤੇ ਪ੍ਰਗਟਾਉ ਸਾਰੇ ਦਾ ਸਾਰਾ ਭਾਸ਼ਾ ਦਾ ਹੀ ਨਤੀਜਾ ਹੈ।

ਭਾਸ਼ਾ ਮੁਢੋਂ ਪ੍ਰਸਾਰ ਦਾ ਜ਼ਬਾਨੀ ਵਸੀਲਾ ਹੈ:

ਭਾਸ਼ਾ ਦਾ ਮੁਢਲਾ ਗੁਣ ਬੋਲਿਆ ਜਾਣਾ ਹੈ। ਵਕਤਾ ਜਦ ਕੋਈ ਸ਼ਬਦ ਬੋਲਦਾ ਹੈ ਤਾਂ ਬੋਲਣ ਦੇ ਲਹਿਜੇ, ਉਤਾਰ–ਚੜ੍ਹਾਉ ਅਤੇ ਸੁਰ–ਦਬਾਉ ਆਦਿ ਨਾਲ ਆਪਣੇ ਮਨ ਦੀ ਪੂਰੀ ਗੱਲ ਕਰ ਸਕਦਾ ਹੈ ਪਰ ਉਹੋ ਗੱਲ ਲਿਖਕੇ ਨਹੀਂ ਕੀਤੀ ਜਾ ਸਕਦੀ। ਪਾਠਕ ਨੂੰ ਬਹੁਤ ਕੁਝ ਆਪਣੇ ਵਲੋਂ ਨਾਲ ਜੋੜਨਾ ਪੈਂਦਾ ਹੈ। ਇਸ ਲਈ ਭਾਸ਼ਾ ਦਾ ਅਸਲੀ ਸਰੂਪ ਉਸਦੇ ਜ਼ਬਾਨੀ ਬੋਲਣ ਵਿਚ ਹੀ ਮਿਲਦਾ ਹੈ।

ਭਾਸ਼ਾ ਪਰਿਵਰਤਨਸ਼ੀਲ ਹੈ:

ਭਾਸ਼ਾ ਹਰ ਸਮੇਂ ਹਰ ਵਿਅਕਤੀ ਨਾਲ ਬਦਲਦੀ ਰਹਿੰਦੀ ਹੈ ਕਿਉਂਕਿ ਭਾਸ਼ਾ ਵਿਚ ਮੁਢ ਤੋਂ ਹੀ ਨਕਲ ਦੀ ਪ੍ਰਕ੍ਰਿਆ ਜਾਰੀ ਰਹਿੰਦੀ ਹੈ। ਨਕਲ ਵਿਚ ਅਛੋਪਲੋ ਹੀ ਕੁਝ ਤਿਆਗਿਆ ਜਾਂਦਾ ਹੈ, ਕੁਝ ਨਵਾਂ ਰਲਾਇਆ ਜਾਂਦਾ ਹੈ। ਇਹੋ ਪਰਿਵਰਤਨ ਦੀ ਜੜ੍ਹ ਹੈ। ਇਹ ਪਰਿਵਰਤਨ ਭਾਸ਼ਾ ਦੇ ਹਰ ਅੰਗ ਧੁਨੀ, ਸ਼ਬਦ, ਵਿਆਕਰਣ, ਅਰਥ ਆਦਿ ਵਿਚ ਨਿੰਮ੍ਹਾ ਨਿੰਮ੍ਹਾ ਚਲਦਾ ਰਹਿੰਦਾ ਹੈ। ਹਰ ਵਿਅਕਤੀ ਦਾ ਉੱਚਾਰਣ ਵੱਖਰਾ ਹੁੰਦਾ ਹੈ, ਉਸਦੇ ਭਾਸ਼ਣ–ਵਰਤਾਰਾ ਵੱਖਰੇ ਹੁੰਦੇ ਹਨ, ਉਸਦਾ ਲਹਿਜਾ ਨਵੇਕਲਾ ਹੁੰਦਾ ਹੈ। ਇਸ ਲਈ ਪਰਿਵਰਤਨ ਹੋਣਾ ਲਾਜ਼ਮੀ ਹੈ। ਅਸੈਂਟ ਵਿਚ ਫਰਕ ਹੋਣ ਕਰਕੇ ਸ਼ਬਦ ਹੌਲੀ ਹੌਲੀ ਘਸਦੇ ਰਹਿੰਦੇ ਹਨ। ਮਲਵਈ ਪੰਜਾਬੀ ਵਿਚ 'ਖਲੋਜਾ\' ਦਾ 'ਖੋਜਾ\' ਇਸੇ ਘਾਸੇ ਦਾ ਸਿੱਟਾ ਹੈ।

ਭਾਸ਼ਾ ਦਾ ਕੋਈ ਸਥਿਰ ਜਾਂ ਅੰਤਿਮ ਰੂਪ ਨਹੀਂ:

ਹਰ ਭਾਸ਼ਾ ਦਾ ਇਤਿਹਾਸ ਗਵਾਹ ਹੈ ਕਿ ਉਸਦਾ ਕੋਈ ਖੜਾ–ਖੜੋਤਾ ਸਥਿਰ ਰੂਪ ਨਹੀਂ। ਹੌਲੀ ਹੌਲੀ ਬਦਲਣਾ ਹੀ ਭਾਸ਼ਾ ਦੀ ਜ਼ਿੰਦਗੀ ਹੈ। ਜੇਕਰ ਭਲਾ, ਭਾਸ਼ਾ ਦੇ ਰੂਪ ਨੂੰ ਬੰਨ੍ਹਿਆ ਜਾਵੇ ਜਾਂ ਕੋਈ ਅਟਕਾ ਪਾਉਣ ਦਾ ਹੰਭਲਾ ਮਾਰਿਆ ਜਾਵੇ ਤਾਂ ਬੋਲੀ ਮਰ ਸਕਦੀ ਹੈ। ਦੁਨੀਆਂ ਦੀਆਂ ਨੇਮ ਬੱਧ–ਕਲਾਸੀਕਲ ਬੋਲੀਆਂ ਇਸ ਤੱਥ ਦੀਆਂ ਜਿਉਂਦੀਆਂ–ਜਾਗਦੀਆਂ ਮਿਸਾਲਾਂ ਹਨ। ਇਸ ਲਈ ਭਾਸ਼ਾ ਦਾ ਕੋਈ ਟਿਕਵਾਂ, ਬੰਨ੍ਹਵਾਂ, ਸਥਿਰ, ਅਖੀਰਲਾ, ਅੰਤਿਮ ਰੂਪ ਨਹੀਂ ਹੈ। ਹਰ ਪੜਾ ਦਾ ਰੂਪ ਤਬਦੀਲੀ ਦੀ ਪ੍ਰਕ੍ਰਿਆ ਵਿਚੋਂ ਲੰਘ ਰਿਹਾ ਹੁੰਦਾ ਹੈ।

ਭਾਸ਼ਾ ਦਾ ਪ੍ਰਵਾਹ ਔਖ ਤੋਂ ਸੌਖ ਵੱਲ ਚੱਲਦਾ ਹੈ:

ਭਾਸ਼ਾ ਦੀ ਔਖ ਤੋਂ ਭਾਵ ਉਸਦੇ ਉਹ ਗੁੰਝਲਦਾਰ ਤੇ ਜਟਿਲ ਨਿਯਮ ਹੁੰਦੇ ਹਨ ਜਿਨ੍ਹਾਂ ਨੂੰ ਸਮਝਣਾ ਤੇ ਵਰਤਣਾ ਆਮ ਆਦਮੀ ਲਈ ਔਖਾ ਹੁੰਦਾ ਹੈ। ਇਸ ਜਟਿਲਤਾ ਨੂੰ ਦੂਰ ਕਰਕੇ ਸਰਲਤਾ ਵੱਲ ਰੁਚੀ ਰੱਖਣਾ ਪ੍ਰਚਲਿਤ ਬੋਲੀ ਦੀ ਨਿਸ਼ਾਨੀ ਹੈ। ਸੰਸਕ੍ਰਿਤ ਦੀਆਂ ਧੁਨੀਆਂ, ਵਿਆਕਰਣਿਕ ਰੂਪ ਆਦਿ ਗੁੰਝਲਦਾਰ ਮੰਨੇ ਜਾਂਦੇ ਸਨ ਜਿਸਨੂੰ ਮਗਰਲੇ ਜ਼ਮਾਨੇ ਨੇ ਔਖਾ ਮੰਨਿਆ ਸੀ। ਇਸ ਲਈ ਪੰਜਾਬੀ ਦੇ ਪੜਾ ਤੇ ਆਕੇ (ਭਾਵੇਂ ਇਸ ਤੋਂ ਪਹਿਲਾਂ ਪਾਲੀ–ਪ੍ਰਾਕ੍ਰਿਤਾਂ ਵੇਲੇ) ਸੌਖ ਹੁੰਦੀ ਗਈ। ਸੌਖ ਦਾ ਇਹ ਸਿਧਾਂਤ ਲਾਅ ਆਫ ਸਿੰਪਲੀਫਿਕੇਸ਼ਨ ਅਖਵਾਉਂਦਾ ਹੈ। ਦੁੱਤ ਧੁਨੀਆਂ ਇਕਹਿਰੀਆਂ ਹੋ ਗਈਆਂ। ਵਿਆਕਰਣ ਦੇ ਤਿੰਨ ਵਚਨ, ਤਿੰਨ ਲਿੰਗ, ਅੱਠ ਕਾਰਕ ਪੰਜਾਬੀ ਵਿਚ ਆਕੇ ਹੋਰ ਘੱਟ ਗਏ।

ਭਾਸ਼ਾ ਦੀ ਚਾਲ ਸ਼ਲੇਸ਼ ਤੋਂ ਵਿਸ਼ਲੇਸ਼ ਵੱਲ ਚੱਲਦੀ ਹੈ:

ਗੁਟਵੇਂ ਜਾਂ ਸ਼ਲੇਸ਼ ਰੂਪ ਵਾਲੀਆਂ ਭਾਸ਼ਾਵਾਂ ਹੌਲੀ ਹੌਲੀ ਨਿਖੇੜੂ (ਵਿਸ਼ਲੇਸ਼) ਰੁਚੀ ਵੱਲ ਵਿਕਾਸ ਕਰਦੀਆਂ ਹਨ। ਇਸਦਾ ਸਬੂਤ ਸਾਡੀਆਂ ਬੋਲੀਆਂ ਦੀ ਤਵਾਰੀਖ ਤੋਂ ਮਿਲਦਾ ਹੈ। ਗ੍ਰੀਕ, ਲੇਟਨ, ਸੰਸਕ੍ਰਿਤ ਸਾਰੀਆਂ ਸਿੰਥੈਟਿਕ ਬੋਲੀਆਂ ਹਨ। ਪਰੰਤੂ ਉਹਨਾਂ ਵਿਚੋਂ ਵਿਕਸਿਤ ਹੋਈਆਂ ਅੱਜ ਦੀਆਂ ਸਾਰੀਆਂ ਬੋਲੀਆਂ ਐਨਾਲਾਇਟਕ ਹਨ। ਸਭ ਤੋਂ ਵੱਧ ਐਨਾਲਾਇਟਕ ਭਾਸ਼ਾ ਅੰਗਰੇਜ਼ੀ ਹੈ।

ਭਾਸ਼ਾ ਦਾ ਅਰਥ ਗਤੀ ਸਥੂਲਤਾ ਤੋਂ ਸੂਖਮਤਾ ਵੱਲ ਚੱਲਦੀ ਹੈ। ਭਾਸ਼ਾ ਦੀ ਸਥੂਲਤਾ ਤੋਂ ਭਾਵ ਅਜੇਹੇ ਅਰਥ–ਖੰਡਾਂ ਵਿਅਕਤ ਕਰਨਾ ਹੈ, ਜਿਨ੍ਹਾਂ ਦੇ ਅਰਥ ਸਥੂਲ ਹੋਣ, ਜਿਨ੍ਹਾਂ ਦਾ ਸਰੂਪ ਅਤੀ ਸੂਖਮ ਨ ਹੋਵੇ: ਆਦਿਮ ਮਨੁੱਖ ਸੂਖਮ ਰੁਚੀਆਂ ਵਾਲਾ ਨਹੀਂ ਹੁੰਦਾ ਸੀ। ਉਸਦਾ ਗਿਆਨ ਵੀ ਸਥੂਲ ਸੀ, ਇਸ ਲਈ ਉਸਦਾ ਗਿਆਨ ਓਪਰਾ ਓਪਰਾ ਰਹਿੰਦਾ ਸੀ। ਉਦੋਂ ਭਾਸ਼ਾ ਵੀ ਸਥੂਲ ਅਰਥ–ਖੰਡਾਂ ਦੀ ਪ੍ਰਤੀਕ ਸੀ। ਪਰ ਜਿਵੇਂ ਜਿਵੇਂ ਮਨੁੱਖ ਦੀ ਬੌਧਿਕ ਸ਼ਕਤੀ ਵਧ ਰਹੀ ਹੈ, ਤਿਵੇਂ ਤਿਵੇਂ ਵਧ ਤੋਂ ਵਧ ਸੂਖਮ ਗਿਆਨ ਵਧਦਾ ਜਾ ਰਿਹਾ ਹੈ। ਇਸਦੀ ਸਮਕਾਲੀ ਭਾਸ਼ਾ ਵੀ ਆਪਣੀ ਪ੍ਰਗਟਾਉ–ਸ਼ਕਤੀ ਨੂੰ ਵਧ ਤੋਂ ਵਧ ਸੂਖਮ ਬਣਾ ਰਹੀ ਹੈ। ਇਸ ਲਈ ਭਾਸ਼ਾ ਦਾ ਕਰਮ ਵੀ ਸੂਖਮ ਹੁੰਦਾ ਜਾ ਰਿਹਾ ਹੈ।

ਹਰੇਕ ਭਾਸ਼ਾ ਦਾ ਢਾਂਚਾ ਸੁਤੰਤਰ ਹੁੰਦਾ ਹੈ:

ਹਰ ਭਾਸ਼ਾ ਜਿਹੜੀ ਭਾਸ਼ਾ ਦੀ ਪਦਵੀ ਰੱਖਦੀ ਹੈ ਉਸਦਾ ਸਟਰਕਚਰ ਯਾਨੀ ਗਠਨ ਜਾਂ ਢਾਂਚਾ ਆਪਣਾ ਹੀ ਹੁੰਦਾ ਹੈ। ਢਾਂਚੇ ਵਿਚ ਧੁਨੀਆਂ, ਰੂਪ, ਵਾਕ–ਬਣਤਰ ਆਦਿ ਸਾਰੇ ਅੰਗ ਹੁੰਦੇ ਹਨ। ਪੰਜਾਬੀ ਬਾਕੀ ਭਾਸ਼ਾਵਾਂ ਨਾਲੋਂ ਇਕਦਮ ਨਵੇਕਲੀ ਹੈ। ਇਸਦੀਆਂ ਧੁਨੀਆਂ ਨਿਰਾਲੀਆਂ ਹਨ। ਉਚਾਰਣ ਤੇ ਸੰਧੀਆਂ ਵਿਚ ਨਿਜੀ ਰੀਤ ਹੈ ਅਤੇ ਇਸਦਾ ਵਿਆਕਰਣ ਵੀ ਆਪਣਾ ਹੈ। ਇਸ ਤਰ੍ਹਾਂ ਅੰਗਰੇਜ਼ੀ, ਰੂਸੀ, ਹਿੰਦੀ ਆਦਿ ਦਾ ਢਾਂਚਾ ਸੁਤੰਤਰ ਹੈ।

.................(ਚਲਦਾ)

http://www.sikhpress.com

No comments:

 
eXTReMe Tracker