Friday, April 12, 2013

ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਸੁਪਰੀਮ ਕੋਰਟ ਦਾ ਫੈਸਲਾ ਅਫ਼ਸੋਸਨਾਕ- ਜਥੇ.ਅਵਤਾਰ ਸਿੰਘ

ਫਤਿਹਗੜ੍ਹ ਸਾਹਿਬ, 12 ਅਪ੍ਰੈਲ- (ਹਰਪ੍ਰੀਤ ਕੌਰ ਟਿਵਾਣਾ )



ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜਾ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਫੈਸਲੇ ਨੂੰ ਅਫ਼ਸੋਸਨਾਕ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਪਿਛਲੇ ਲੰਮੇ ਅਰਸੇ ਤੋਂ ਜੇਲ ਦੀ ਕਾਲ ਕੋਠੜੀ ਵਿੱਚ ਉਸ ਗੁਨਾਹ ਤਹਿਤ ਬੰਦ ਹੈ ਜੋ ਉਸ ਨੇ ਕੀਤਾ ਹੀ ਨਹੀਂ ਕਿਉਂਕਿ ਪੁਲੀਸ ਨੇ ਜਿੰਨ੍ਹੇ ਵੀ ਗਵਾਹ ਪ੍ਰੋਫੈਸਰ ਭੁੱਲਰ ਦੇ ਖਿਲਾਫ ਅਦਾਲਤ ਵਿੱਚ ਭੁਗਤਾਏ ਸਨ ਉਨ੍ਹਾਂ 'ਚੋਂ ਕਿਸੇ ਵੀ ਗਵਾਹ ਨੇ ਉਸ ਦੀ ਸ਼ਨਾਖਤ ਨਹੀਂ ਕੀਤੀ। ਪ੍ਰੋਫੈਸਰ ਨੂੰ ਭੁੱਲਰ ਨੂੰ ਜਿਹੜੀ ਸਜਾ ਸੁਣਾਈ ਗਈ ਹੈ ਉਹ ਉਸ ਦੇ ਇਕਬਾਲੀਆ ਬਿਆਨਾਂ ਦੇ ਅਧਾਰ ਤੇ ਸੁਣਾਈ ਗਈ ਹੈ ਤੇ ਉਹ ਬਿਆਨ ਪ੍ਰੋਫੈਸਰ ਭੁੱਲਰ ਪੁਲੀਸ ਹਿਰਾਸਤ ਵਿੱਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਭੁੱਲਰ ਲੰਬੇ ਅਰਸੇ ਤੋਂ ਜੇਲ ਦੀ ਕਾਲ ਕੋਠੜੀ ਵਿੱਚ ਬੰਦ ਹੋਣ ਕਰਕੇ ਮਾਨਸਿਕ ਤੌਰ ਤੇ ਬਿਮਾਰ ਹੋ ਚੁੱਕਾ ਹੈ। ਪ੍ਰੋਫੈਸਰ ਭੁੱਲਰ ਸਜਾ ਸੁਨਾਉਣ ਵੇਲੇ ਸੁਪਰੀਮ ਕੋਰਟ ਦਾ ਬੈਂਚ ਵੀ ਇੱਕ ਮੱਤ ਨਹੀਂ ਸੀ। ਇਸ ਲਈ ਆਪਣੇ ਆਪ ਨੂੰ ਸਭ ਤੋਂ ਵੱਡਾ ਲੋਕ ਤੰਤਰੀ ਦੇਸ਼ ਅਖਵਾਉਣ ਵਾਲੇ ਭਾਰਤ ਵਿੱਚ ਅਣ-ਮਨੁੱਖੀ ਸਜਾ ਫਾਂਸੀ ਸਬੰਧੀ ਦੋਹਰੇ ਮਾਪਦੰਡ ਨਹੀਂ ਅਪਣਾਏ ਜਾਣੇ ਚਾਹੀਦੇ। ਇੱਕ ਪਾਸੇ ਪੰਡਿਤ ਕਿਸ਼ੋਰੀ ਲਾਲ ਵਰਗੇ ਖੂੰਖਾਰ ਮੁਜ਼ਰਮ ਦੀਆਂ ਸੱਤ-ਸੱਤ ਫਾਸੀਆਂ ਦੀ ਸਜਾ ਦੇਸ਼ ਦਾ ਕਾਨੂੰਨ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਰਿਹਾ ਹੈ। ਉਥੇ ਦੂਜੇ ਪਾਸੇ 20 ਸਾਲ ਤੋਂ ਵੱਧ ਸਮਾਂ ਜੇਲ ਅੰਦਰ ਬੰਦ ਵਿਅਕਤੀ ਨੂੰ ਫਾਂਸੀ ਸਜਾ ਬਰਕਰਾਰ ਰੱਖਣ ਦਾ ਫੈਸਲਾ ਸੁਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਭੁੱਲਰ ਨੂੰ ਫਾਂਸੀ ਦੇਣੀ ਦੇਸ਼ ਅੰਦਰ ਸਿੱਖ ਭਾਈਚਾਰੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋਵੇਗੀ।

ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਫਾਂਸੀ ਦੀ ਸਜਾ ਸੁਣਾਏ ਜਾਣ ਤੋਂ ਤਕਰੀਬਨ 10 ਸਾਲ ਬਾਅਦ ਵੀ ਉਸ ਦੀ ਫਾਂਸੀ ਬਹਾਲ ਰੱਖਣਾ ਉਚਿਤ ਨਹੀਂ। ਸੁਪਰੀਮ ਕੋਰਟ ਦਾ ਫੈਸਲਾ ਬੇ-ਹੱਦ ਅਫ਼ਸੋਸਨਾਕ ਹੈ ਤੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੈ। ਇਸ ਲਈ ਇਸ ਤੇ ਦੁਬਾਰਾ ਨਜ਼ਰਸ਼ਾਨੀ ਹੋਣੀ ਚਾਹੀਦੀ ਹੈ।
News From: http://www.7StarNews.com

No comments:

 
eXTReMe Tracker