Sunday, April 28, 2013

ਅਧਿਆਪਕਾਂ ਦੇ ਸੰਘਰਸ਼ ਨੇ ਭੁਲਾਈ ਪੁਲੀਸ ਦੀ ਭੂਤਨੀ

ਬਠਿੰਡਾ, (ਜਸਵੀਰ ਸਿੰਘ ਔਲਖ):-ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਵੱਲੋਂ ਅੱਜ ਬਠਿੰਡਾ 'ਚ ਦਿੱਤੇ ਜਾਣ ਵਾਲੇ ਸੂਬਾ ਪੱਧਰੀ ਧਰਨੇ ਨੂੰ ਅਸਫਲ ਕਰਨ ਲਈ ਪੁਲੀਸ ਨੇ ਪੂਰੀ ਵਾਹ ਲਾਈ ਪਰ ਯੋਜਨਾਬੱਧ ਤਰੀਕੇ ਨਾਲ ਕੀਤੇ ਸੰਘਰਸ਼ ਕਾਰਨ ਪੁਲੀਸ ਵਾਹਨੀ ਪਈ ਰਹੀ। ਇਥੇ ਹਨੂੰਮਾਨ ਚੌਕ ਵਿੱਚ ਇਕੱਠੇ ਹੋਏ ਵਲੰਟੀਅਰਾਂ ਨੂੰ ਕਾਬੂ ਕਰਨ ਲਈ ਪੁਲੀਸ ਨੂੰ ਦੌੜ ਲਾਉਣੀ ਪਈ। ਜ਼ਿਕਰਯੋਗ ਹੈ ਕਿ ਸਪੈਸ਼ਲ ਟਰੇਨਰ ਅਧਿਆਪਕਾਂ ਦੀ 24 ਅਪਰੈਲ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਮੀਟਿੰਗ ਬੇਨਤੀਜਾ ਰਹੀ ਸੀ ਜਿਸ 'ਤੇ ਜਥੇਬੰਦੀ ਨੇ ਅੱਜ ਦੇ ਧਰਨੇ ਦਾ ਐਲਾਨ ਕੀਤਾ ਸੀ।

ਇਥੇ ਰੋਜ਼ ਗਾਰਡਨ ਵਿੱਚ ਅੱਜ ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਦੇ ਮੈਂਬਰ ਪਰਿਵਾਰਾਂ ਸਮੇਤ ਇਕੱਠੇ ਹੋਏ। ਜਥੇਬੰਦੀ ਕਾਰਕੁਨਾਂ ਨੂੰ ਸ਼ਹਿਰ 'ਚ ਰੋਸ ਮਾਰਚ ਕਰਨ ਤੋਂ ਰੋਕਣ 'ਤੇ ਮਾਹੌਲ ਤਣਾਅਪੂਰਨ ਹੋ ਗਿਆ। ਪੁਲੀਸ ਨੇ ਆਗੂਆਂ ਨੂੰ ਸਮਝਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਜਦ ਅਧਿਕਾਰੀ ਪੈਨਲ ਮੀਟਿੰਗ ਤੈਅ ਕਰਾਉਣ ਵਿੱਚ ਨਾਕਾਮਯਾਬ ਰਹੇ ਤਾਂ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ 'ਤੇ ਐਸ.ਪੀ (ਸਿਟੀ) ਧਰਮਵੀਰ ਸਿੰਘ ਅਤੇ ਐਸ.ਪੀ (ਡੀ) ਅਮਰਜੀਤ ਸਿੰਘ ਨੇ ਰੋਜ਼ ਗਾਰਡਨ ਦੇ ਗੇਟ ਬੰਦ ਕਰਵਾ ਦਿੱਤੇ। ਸਪੈਸ਼ਲ ਟਰੇਨਰ ਅਧਿਆਪਕਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਣ ਦੀ ਆਪਣੀ ਅੜੀ ਨਾ ਛੱਡੀ ਅਤੇ ਰੋਜ਼ ਗਾਰਡਨ ਦੇ ਗੇਟ ਵੱਲ ਨਾਅਰੇਬਾਜ਼ੀ ਕਰਦਿਆਂ ਵਧਣਾ ਸ਼ੁਰੂ ਕੀਤਾ। ਲੇਡੀਜ਼ ਪੁਲੀਸ ਅਤੇ ਔਰਤ ਵਲੰਟੀਅਰਾਂ ਵਿੱਚ ਹੱਥੋਂਪਾਈ ਵੀ ਹੋਈ ਅਤੇ ਲੇਡੀਜ਼ ਪੁਲੀਸ ਨੇ ਕਾਫੀ ਜੱਦੋਜਹਿਦ ਬਾਅਦ ਮਹਿਲਾ ਵਲੰਟੀਅਰਾਂ ਨੂੰ ਗੱਡੀਆਂ ਵਿੱਚ ਸੁੱਟ ਲਿਆ। ਪੁਲੀਸ ਨੇ ਤਿੰਨ ਕੁ ਗੱਡੀਆਂ ਭਰ ਕੇ ਥਾਣਾ ਨਥਾਣਾ, ਕੋਟਫੱਤਾ ਅਤੇ ਸੰਗਤ ਵਿੱਚ ਭੇਜ ਦਿੱਤੀਆਂ। ਇਸ ਤੋਂ ਬਾਅਦ ਵੀ ਰੋਜ਼ ਗਾਰਡਨ ਵਿੱਚ ਵਲੰਟੀਅਰ ਰਹਿੰਦੇ ਸਨ। ਜਦੋਂ ਪੁਲੀਸ ਧਰਨਾਕਾਰੀਆਂ ਨੂੰ ਗੱਡੀ ਵਿੱਚ ਲਿਜਾ ਰਹੀ ਸੀ ਤਾਂ ਹਨੂੰਮਾਨ ਚੌਕ ਵਿੱਚ ਇਕੱਠੇ ਹੋਏ ਜਥੇਬੰਦੀ ਕਾਰਕੁਨਾਂ ਨੇ ਇਹ ਗੱਡੀ ਘੇਰ ਲਈ। ਬੱਸ ਵਿੱਚ ਥੋੜ੍ਹੇ ਪੁਲੀਸ ਮੁਲਾਜ਼ਮ ਸਨ। ਉਨ੍ਹਾਂ ਨੇ ਰੋਜ਼ ਗਾਰਡਨ ਵਿਖੇ ਤਾਇਨਾਤ ਪੁਲੀਸ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਤਾਂ ਪੁਲੀਸ ਮੁਲਾਜ਼ਮਾਂ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਉਨ੍ਹਾਂ ਨੇ ਹਨੂੰਮਾਨ ਚੌਕ ਵੱਲ ਚਾਲੇ ਪਾ ਦਿੱਤੇ। ਇਸ ਦੌਰਾਨ ਐਸ.ਪੀ ਦੀ ਗੱਡੀ ਨੂੰ ਪੁਲੀਸ ਮੁਲਾਜ਼ਮਾਂ ਨੇ ਧੱਕਾ ਲਗਾ ਕੇ ਸਟਾਰਟ ਕੀਤੀ। ਹਨੂੰਮਾਨ ਚੌਕ 'ਚ ਵਲੰਟੀਅਰਾਂ ਵੱਲੋਂ ਕੀਤੇ ਚੱਕਾ ਜਾਮ ਅੱਗੇ ਪੁਲੀਸ ਬੇਵੱਸ ਹੋ ਗਈ। ਪੁਲੀਸ ਨੇ ਜਦੋਂ ਜਥੇਬੰਦੀ ਕਾਰਕੁਨਾਂ ਨੂੰ ਧੱਕੇ ਨਾਲ ਬੱਸ 'ਚ ਚੜ੍ਹਾਉਣਾ ਸ਼ੁਰੂ ਕੀਤਾ ਤਾਂ ਵਲੰਟੀਅਰ ਔਰਤਾਂ ਬੱਸ ਅੱਗੇ ਲੰਮੀਆਂ ਪੈ ਗਈਆਂ। ਕਾਫੀ ਜੱਦੋਜਹਿਦ ਬਾਅਦ ਪੁਲੀਸ ਨੇ ਬੱਸ ਬੈਕ ਕਰਾ ਕੇ ਗਲਤ ਸਾਈਡ ਤੋਂ ਟਰੈਫਿਕ ਨਿਯਮਾਂ ਨੂੰ ਤੋੜਦਿਆਂ ਪੂਰੀ ਸਪੀਡ 'ਤੇ ਭਜਾ ਦਿੱਤੀ, ਇਸ ਕਾਰਨ ਹਾਦਸਾ ਵਾਪਰ ਸਕਦਾ ਸੀ। ਬਾਕੀ ਕਾਰਕੁਨ ਬੱਸ ਮਗਰ ਭੱਜ ਤੁਰੇ ਤਾਂ ਪੁਲੀਸ ਨੇ ਉਨ੍ਹਾਂ ਨੂੰ ਫ਼ੌਜੀ ਚੌਕ ਨੇੜੇ ਭੱਜ ਕੇ ਮਸਾਂ ਘੇਰਿਆ। ਸੜਕ 'ਤੇ ਘੇਰੇ ਇਨ੍ਹਾਂ ਕਾਰਕੁਨਾਂ ਨੂੰ ਲਿਜਾਣ ਲਈ ਇਕ ਪ੍ਰਾਈਵੇਟ ਬੱਸ ਮੰਗਵਾਈ ਗਈ। ਵਲੰਟੀਅਰਾਂ ਨੂੰ ਉਸ ਵਿੱਚ ਡੱਕਿਆ ਗਿਆ ਤਾਂ ਅਚਾਨਕ ਬੱਸ ਚਾਲਕ ਭੱਜ ਗਿਆ। ਤਕਰੀਬਨ ਅੱਧਾ ਘੰਟਾ ਪੁਲੀਸ ਸੜਕ 'ਤੇ ਖੜ੍ਹੇ ਵਲੰਟੀਅਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੀ ਰਹੀ। ਸ਼ਾਮ 4 ਵਜੇ ਦੇ ਕਰੀਬ ਇਕ ਹੋਰ ਬੱਸ ਲਿਆਂਦੀ ਗਈ ਜਿਸ ਵਿੱਚ ਕਾਫੀ ਜੱਦੋਜਹਿਦ ਬਾਅਦ ਜਥੇਬੰਦੀ ਕਾਰਕੁਨਾਂ ਨੂੰ ਚੜ੍ਹਾਇਆ ਗਿਆ। ਡੀ.ਐਸ.ਪੀ. ਸਿਟੀ ਗੁਰਮੀਤ ਸਿੰਘ ਕਿੰਗਰਾ ਨੇ ਕਿਹਾ ਕਿ ਚੱਕਾ ਜਾਮ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ ਜਿਸ ਕਾਰਨ ਯੂਨੀਅਨ ਆਗੂਆਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਿਆ ਗਿਆ ਸੀ ਪਰ ਜਦੋਂ ਉਹ ਨਾ ਮੰਨੇ ਤਾਂ ਹਿਰਾਸਤ ਵਿੱਚ ਲਿਆ ਗਿਆ ਹੈ।

ਪੁਲੀਸ 'ਤੇ ਧੱਕਾ ਮੁੱਕੀ ਕਰਨ ਦੇ ਦੋਸ਼

ਸਪੈਸ਼ਲ ਟਰੇਨਰ ਅਧਿਆਪਕ ਯੂਨੀਅਨ ਦੀ ਆਗੂ ਰਮਨਦੀਪ ਕੌਰ ਨੇ ਦੋਸ਼ ਲਾਇਆ ਕਿ ਪੁਲੀਸ ਨੇ ਯੂਨੀਅਨ ਕਾਰਕੁਨਾਂ ਨਾਲ ਧੱਕਾ ਮੁੱਕੀ ਕੀਤੀ ਹੈ ਜਿਸ ਕਾਰਨ ਜਥੇਬੰਦੀ ਦੇ ਸੂਬਾਈ ਪ੍ਰਧਾਨ ਦਵਿੰਦਰ ਸਿੰਘ ਦੇ ਸੱਟਾਂ ਵੱਜੀਆਂ ਹਨ ਅਤੇ ਦੋ ਵਲੰਟੀਅਰ ਕੁਲਦੀਪ ਸਿੰਘ ਬਰਨਾਲਾ ਤੇ ਜਸਵਿੰਦਰ ਕੌਰ ਬਰਨਾਲਾ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਸੰਗਤ ਥਾਣੇ ਬੰਦ ਕੀਤਾ ਗਿਆ ਹੈ।
News From: http://www.7StarNews.com

No comments:

 
eXTReMe Tracker