Friday, August 30, 2013

ਜ਼ਿਲ੍ਹੇ ਦੇ ਸਕੂਲੀ ਪਖ਼ਾਨਿਆਂ ਦੀ ਮੁਰੰਮਤ ਲਈ 1 ਕਰੋੜ 17 ਲੱਖ ਰੁਪਏ ਖ਼ਰਚ ਕੀਤੇ ਗਏ: ਸੇਖੜੀ

ਫ਼ਤਹਿਗੜ੍ਹ ਸਾਹਿਬ, 30 ਅਗਸਤ: (ਹਰਪ੍ਰੀਤ ਕੋਰ ਟਿਵਾਣਾ)



ਜ਼ਿਲ੍ਹਾ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਸਕੂਲਾਂ ਦੇ ਕਾਰਜਾਂ ਲਈ ਆਈਆਂ ਗ੍ਰਾਂਟਾਂ ਦੀ ਸੁਚੱਜੀ ਵਰਤੋਂ ਯਕੀਨੀ ਬਣਾਉਣ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਰੁਣ ਸੇਖੜੀ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥਣਾਂ ਦੇ ਪਖ਼ਾਨਿਆਂ ਨੂੰ ਨਵਿਆਉਣ ਅਤੇ ਇਨ੍ਹਾਂ ਦੀ ਮੁਰੰਮਤ ਲਈ ਚਲ ਰਹੇ ਕੰਮਾਂ 'ਤੇ ਹੁਣ ਤੱਕ 1 ਕਰੋੜ 17 ਲੱਖ 6 ਹਜ਼ਾਰ 36 ਰੁਪਏ ਖ਼ਰਚੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ 81 ਸਕੂਲਾਂ 'ਚ ਪਖ਼ਾਨਿਆਂ ਦੀ ਮੁਰੰਮਤ ਅਤੇ ਇਨ੍ਹਾਂ ਦੇ ਨਵਿਆਉਣ ਦੇ ਕੰਮ ਚਲ ਰਹੇ ਹਨ।



ਸ੍ਰੀ ਸੇਖੜੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਕੂਲਾਂ ਦੀਆਂ 3223 ਮੀਟਰ ਚਾਰਦੀਵਾਰੀਆਂ ਬਣਾਉਣ 'ਤੇ 1 ਕਰੋੜ 11 ਲੱਖ 21 ਹਜ਼ਾਰ 150 ਰੁਪਏ ਖ਼ਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 2 ਸਕੂਲਾਂ 'ਚ ਵਾਧੂ ਕਲਾਸ ਰੂਮ ਬਣਾਉਣ ਲਈ 8 ਲੱਖ 49 ਹਜ਼ਾਰ 621 ਰੁਪਏ ਖ਼ਰਚੇ ਗਏ ਹਨ। ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼. ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਮਿਡ ਡੇ ਮੀਲ ਦੀ ਨਿਰੰਤਰ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਸਕੂਲਾਂ ਦੇ ਨਿਰੰਤਰ ਦੌਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਹ ਬੱਚਿਆਂ ਦੀ ਸਿਹਤ ਨਾਲ ਜੁੜਿਆ ਮਸਲਾ ਹੈ ਅਤੇ ਇਸ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨਾਲ ਹੀ ਦੱਸਿਆ ਕਿ ਜ਼ਿਲ੍ਹੇ ਦੇ 683 ਸਕੂਲਾਂ 'ਚ ਮਿਡ ਡੇ ਮੀਲ ਬਣਾਉਣ ਵਾਲੇ 1163 ਕੁੱਕਾਂ ਨੂੰ ਅਪ੍ਰੈਲ ਤੋਂ ਜੂਨ ਮਹੀਨੇ ਤੱਕ ਦੇ 27 ਲੱਖ 91 ਹਜ਼ਾਰ 200 ਰੁਪਏ ਮਿਹਨਤਾਨੇ ਦੀ ਅਦਾਇਗੀ ਕਰ ਦਿੱਤੀ ਗਈ ਹੈ। ਸਕੂਲਾਂ 'ਚ ਮਿਡ ਡੇ ਮੀਲ ਦੇ ਸਿ¦ਡਰਾਂ ਦੀ ਚੋਰੀ ਦਾ ਨੋਟਿਸ ਲੈਂਦਿਆਂ ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਅਜਿਹੇ ਸਕੂਲਾਂ 'ਚ ਖਾਣਾ ਬਣਾਉਣ ਵਿੱਚ ਰੁਕਾਵਟ ਨਹੀਂ ਆਉਣੀ ਚਾਹੀਦੀ। ਉਨ੍ਹਾਂ ਹਾਊਸ ਦੇ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਸ਼ਾਸਨਕ ਅਧਿਕਾਰੀਆਂ ਤੋਂ ਇਲਾਵਾ ਖ਼ੁਦ ਵੀ ਸਕੂਲਾਂ 'ਚ ਜਾ ਕੇ ਮਿਡ ਡੇ ਮੀਲ ਚੈਕ ਕਰਨ ਅਤੇ ਉਥੇ ਲੱਗੀ ਵਿਜ਼ੀਟਰ ਬੁਕ ਵਿੱਚ ਆਪਣੇ ਵਿਚਾਰ ਦਰਜ ਕਰਾਉਣ। ਉਨ੍ਹਾਂ ਦੱਸਿਆ ਕਿ ਮਿਡ ਡੇ ਮੀਲ ਸਕੀਮ ਤਹਿਤ ਜੁਲਾਈ ਮਹੀਨੇ ਤੱਕ ਜ਼ਿਲ੍ਹੇ ਦੇ 40 ਫ਼ੀਸਦੀ ਵਿਦਿਆਰਥੀਆਂ ਦਾ ਮੈਡੀਕਲ ਨਿਰੀਖਣ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਮੈਡੀਕਲ ਅਫ਼ਸਰਾਂ/ਡਾਕਟਰਾਂ ਵੱਲੋਂ ਸਾਲ ਵਿੱਚ ਦੋ ਵਾਰ ਮੈਡੀਕਲ ਨਿਰੀਖਣ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਕੋਈ ਕੁਤਾਹੀ ਨਾ ਵਰਤੀ ਜਾਵੇ।



ਸ੍ਰੀ ਸੇਖੜੀ ਨੇ ਉਚੇਚੇ ਤੌਰ 'ਤੇ ਕਿਹਾ ਕਿ ਸਕੂਲਾਂ 'ਚ ਪਾਣੀ ਦੇ ਨਮੂਨੇ ਚੈਕ ਕਰਵਾਏ ਜਾਣ ਅਤੇ ਆਲੇ-ਦੁਆਲੇ ਖੜੇ ਗੰਦੇ ਪਾਣੀ 'ਤੇ ਡੀ.ਡੀ.ਟੀ. ਦੀ ਸਪਰੇਅ ਕੀਤੀ ਜਾਵੇ ਤਾਂ ਜੋ ਮੱਛਰ-ਮੱਖੀ ਨਾ ਫੈਲ ਸਕੇ। ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਟੈਂਕੀਆਂ ਸਾਫ਼ ਕਰਵਾਈਆਂ ਜਾਣ ਅਤੇ ਟੈਂਕੀਆਂ ਦਾ ਢੱਕੀਆਂ ਹੋਣਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਸਿੱਖਿਆ ਅਧਿਕਾਰੀਆਂ ਤੋਂ ਅਗਲੀ ਮੀਟਿੰਗ ਦੌਰਾਨ ਸਕੂਲਾਂ ਨੂੰ ਮਿਲੇ ਕੰਪਿਊਟਰਾਂ ਦੀ ਗਿਣਤੀ, ਚਾਲੂ ਹਾਲਤ ਅਤੇ ਨਕਾਰਾ ਕੰਪਿਊਟਰਾਂ ਦੀ ਵਿਸਥਾਰਤ ਰਿਪੋਰਟ ਮੰਗੀ।



ਉਨ੍ਹਾਂ ਹਦਾਇਤ ਕੀਤੀ ਕਿ ਸਰਕਾਰ ਵੱਲੋਂ ਸਕੂਲਾਂ 'ਚ ਪਾਰਦਰਸ਼ਤਾ ਲਿਆਉਣ ਲਈ ਸ਼ੁਰੂ ਕੀਤੇ ਵੈਬ ਪੋਰਟਲ ਾ.ੲਪੁਨਜੳਬਸਚਹੋਲਸ.ਗੋਵ.ਨਿ 'ਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਜਾਣਕਾਰੀ 31 ਅਕਤੂਬਰ ਤੱਕ ਹਰ ਹੀਲੇ ਅਪਲੋਡ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 464 ਪ੍ਰਾਇਮਰੀ ਸਕੂਲਾਂ 'ਚੋਂ 442 ਸਕੂਲਾਂ ਦਾ ਡਾਟਾ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਬਾਕੀ ਰਹਿੰਦੇ 22 ਸਕੂਲਾਂ ਦਾ ਡਾਟਾ ਅਕਤੂਬਰ ਤੋਂ ਪਹਿਲਾਂ-ਪਹਿਲਾਂ ਦਰਜ ਕਰ ਦਿੱਤਾ ਜਾਵੇਗਾ।



ਸ੍ਰੀ ਸੇਖੜੀ ਨੇ ਜ਼ਿਲ੍ਹੇ 'ਚ ਇੱਕ ਹੋਰ ਵਿਸ਼ੇਸ਼ ਸਿਖਲਾਈ ਕੇਂਦਰ (ਐਸ.ਟੀ.ਆਰ.) ਖੋਲ੍ਹਣ ਲਈ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਐਸ.ਡੀ.ਐਮ. ਨਾਲ ਖ਼ੁਦ ਜਾ ਕੇ ਥਾਂ ਦੀ ਨਿਸ਼ਾਨਦੇਹੀ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹੇ ਦੇ ਮਾਨਤਾ ਨਾ ਲੈਣ ਕਾਰਨ ਬੰਦ ਹੋ ਚੁੱਕੇ ਸਕੂਲਾਂ ਦੇ ਵਿਦਿਆਰਥੀਆਂ ਦੇ ਹੋਰਨਾਂ ਸਕੂਲਾਂ 'ਚ ਦਾਖ਼ਲੇ ਯਕੀਨੀ ਬਣਾਏ ਜਾਣ ਅਤੇ ਇਸ ਦੀ ਰਿਪੋਰਟ ਉਨ੍ਹਾਂ ਦੇ ਦਫ਼ਤਰ ਨੂੰ ਭੇਜੀ ਜਾਵੇ। ਉਨ੍ਹਾਂ ਕੁਆਲਿਟੀ ਐਜੂਕੇਸ਼ਨ ਪ੍ਰੋਗਰਾਮ ਤਹਿਤ ਜਿਥੇ ਮੈਥ, ਇੰਗਲਿਸ਼ ਅਤੇ ਸਮਾਜਕ ਸਿੱਖਿਆ ਦਾ ਕੰਮ ਹੋਰ ਤੇਜ਼ ਕਰਨ ਲਈ ਕਿਹਾ, ਉਥੇ ਸਾਇੰਸ ਵਿਸ਼ੇ ਨਾਲ ਸਬੰਧਤ ਪ੍ਰੋਗਰਾਮ ਉਲੀਕਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਸਕੂਲਾਂ 'ਚ ਹਰੇਕ ਵਿਦਿਆਰਥੀ ਤੋਂ ਇੱਕ ਰੁੱਖ ਲੁਆਉਣ ਦੀ ਮੁਹਿੰਮ ਤਹਿਤ ਹੁਣ ਤੱਕ 8,000 ਰੁੱਖ ਲਾਏ ਜਾ ਚੁੱਕੇ ਹਨ।



ਇਸ ਮੌਕੇ ਐਸ.ਡੀ.ਐਮ. ਅਮਲੋਹ ਮਿਸ ਰਾਜਦੀਪ ਕੌਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਹਰਜੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ. ਹਰਵੇਲ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ੍ਰੀ ਨਵਤੇਜ ਇੰਦਰ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਜ਼ਿਲ੍ਹਾ ਪ੍ਰੀਸ਼ਦ) ਸ੍ਰੀ ਸੁਭਾਸ਼ ਮਹਾਜਨ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀ ਪ੍ਰਵੀਨ ਕੁਮਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ. ਰਵਿੰਦਰ ਸਿੰਘ, ਫ਼ਾਦਰ ਜਸਟਿਨ, ਸਮਾਜ ਸੇਵੀ ਸ. ਕਰਮਜੀਤ ਸਿੰਘ, ਸ੍ਰੀ ਗੁਲਸ਼ਨ ਰਾਏ ਬੌਬੀ ਸਣੇ ਗ਼ੈਰ ਸਰਕਾਰੀ ਮੈਂਬਰ ਅਤੇ ਅਧਿਕਾਰੀ ਵੀ ਸ਼ਾਮਲ ਹੋਏ।
News From: http://www.7StarNews.com

No comments:

 
eXTReMe Tracker