Tuesday, March 19, 2013

ਵਿਆਪਕ ਖੇਡ ਨੀਤੀ ਲਾਗੂ ਕਰਨ ਵਾਲਾ ਪੰਜਾਬ ਦੇਸ਼ ਭਰ ਵਿੱਚੋਂ ਪਹਿਲਾ ਸੂਬਾ ਬਣਿਆ-ਠੰਡਲ

ਫਤਹਿਗੜ੍ਹ ਸਾਹਿਬ, 19 ਮਾਰਚ (ਹਰਪ੍ਰੀਤ ਕੌਰ ਟਿਵਾਣਾ)



ਪੰਜਾਬ ਸਰਕਾਰ ਰਾਜ ਅੰਦਰ ਵਿਸ਼ਵ ਪੱਧਰੀ ਖੇਡਾਂ ਦਾ ਬੁਨਿਆਦੀ ਢਾਂਚਾ ਕਾਇਮ ਕਰ ਰਹੀ ਹੈ ਤਾਂ ਜੋ ਉੱਭਰ ਰਹੀਆਂ ਖੇਡ ਪ੍ਰਤਿਭਾਵਾਂ ਨੂੰ ਨਿਖਾਰ ਕੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ। ਭਾਰਤ ਭਰ ਵਿੱਚੋਂ ਪੰਜਾਬ ਇੱਕੋ ਇੱਕ ਅਜਿਹਾ ਸੂਬਾ ਹੈ ਜਿੱਥੇ ਕਿ ਵਿਆਪਕ ਖੇਡ ਨੀਤੀ ਲਾਗੂ ਕਰਕੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਉਪਲਬਧ ਕਰਵਾ ਕੇ ਖੇਡਾਂ ਨੂੰ ਇੱਕ ਮਿਸ਼ਨ ਵਜੋਂ ਪ੍ਰੋਸਾਹਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੰਚਾਈ ਵਿਭਾਗ ਸ: ਸੋਹਣ ਸਿੰਘ ਠੰਢਲ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੀ ਸਰਪ੍ਰਸਤੀ ਅਤੇ ਫਤਹਿਗੜ੍ਹ ਸਾਹਿਬ ਸਮਾਜ ਭਲਾਈ ਵਿਕਾਸ ਸੋਸਾਇਟੀ ਅਤੇ ਦਸ਼ਮੇਸ਼ ਸਪੋਰਟਸ ਕਲੱਬ ਸਲੇਮਪੁਰ ਦੇ ਪ੍ਰਧਾਨ ਸ: ਬਲਜੀਤ ਸਿੰਘ ਭੁੱਟਾ ਦੀ ਅਗਵਾਈ ਹੇਠ ਸਲੇਮਪੁਰ ਵਿਖੇ ਕਰਵਾਏ ਪਹਿਲੇ ਦੋ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਸਮੇਂ ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਦੇ ਬੇਮਿਸਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਆਧੁਨਿਕ ਸਹੂਲਤਾਂ ਵਾਲੇ ਖੇਡ ਸਟੇਡੀਅਮ ਉਸਾਰਨ ਲਈ 200 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਖੇਡ ਸਭਿਆਚਾਰ ਪੈਦਾ ਕਰਨ ਲਈ ਵਿਆਪਕ ਪੱਧਰ 'ਤੇ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਅਤੇ ਪਿੰਡਾਂ ਦੇ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਅਤੇ ਜਿੰਮਨੇਜੀਅਮ ਦਾ ਸਮਾਨ ਵੰਡਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਉੱਪ ਮੁੱਖ ਮੰਤਰੀ ਪੰਜਾਬ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਅੰਤਰ ਰਾਸ਼ਟਰੀ ਪੱਧਰ 'ਤੇ ਵਿਆਪਕ ਪ੍ਰਸਿੱਧੀ ਦਿਵਾਉਣ ਲਈ ਜੋ ਸੁਹਿਰਦ ਯਤਨ ਕੀਤੇ ਹਨ ਉਸੇ ਦਾ ਨਤੀਜਾ ਹੈ ਕਿ ਅੱਜ ਵਿਸ਼ਵ ਦੇ ਬਹੁਤ ਸਾਰੇ ਅਗਾਂਹਵਧੂ ਮੁਲਕਾਂ ਵਿੱਚ ਵੀ ਕਬੱਡੀ ਨੂੰ ਮਕਬੂਲੀਅਤ ਹਾਸਲ ਹੋਈ ਹੈ। ਉਨ੍ਹਾਂ ਇਸ ਮੌਕੇ ਦਸ਼ਮੇਸ਼ ਸਪੋਰਟਸ ਕਲੱਬ ਨੂੰ ਪਿੰਡ ਵਿੱਚ ਸਟੇਡੀਅਮ ਦੀ ਉਸਾਰੀ ਲਈ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਇਸ ਮੌਕੇ ਓਪਨ ਕਬੱਡੀ ਦੀ ਪਿੰਡ ਘਲੋਟੀ ਦੀ ਜੇਤੂ ਟੀਮ ਨੂੰ ਕਲੱਬ ਵੱਲੋਂ 51 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਟਰਾਫੀ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਲਸਾੜਾ ਗਿੱਲ ਦੀ ਕਬੱਡੀ ਟੀਮ ਨੂੰ 31 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪਿੰਡਾਂ ਵਿੱਚ ਵਿਆਪਕ ਪੱਧਰ ਤੇ ਨੌਜਵਾਨਾਂ ਦੀ ਰੁਚੀ ਖੇਡਾਂ ਵੱਲ ਵਧੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਨ੍ਹਾਂ ਵਿੱਚ ਉਸਾਰੂ ਸੋਚ ਪੈਦਾ ਕਰਦੀਆਂ ਹਨ, ਉੱਥੇ ਖੇਡਾਂ ਪਿੰਡਾਂ ਦੇ ਲੋਕਾਂ ਵਿੱਚ ਆਪਸੀ ਸਦਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਆਖਿਆ ਕਿ ਖੇਡਾਂ ਪਿੰਡਾਂ ਦੇ ਵਿਕਾਸ ਦਾ ਵੀ ਆਧਾਰ ਬਣਦੀਆਂ ਹਨ ਕਿਉਂਕਿ ਖੇਡ ਭਾਵਨਾ ਨਾਲ ਆਪਸੀ ਗੁੱਟਬਾਜੀ ਤੋਂ ਉੱਪਰ ਉੱਠ ਕੇ ਆਯੋਜਿਤ ਕੀਤੇ ਜਾਣ ਵਾਲੇ ਅਜਿਹੇ ਖੇਡ ਟੂਰਨਾਮੈਂਟ ਹੋਰ ਪਿੰਡਾਂ ਦੇ ਲੋਕਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣਦੇ ਹਨ। ਕਲੱਬ ਦੇ ਪ੍ਰਧਾਨ ਸ: ਬਲਜੀਤ ਸਿੰਘ ਭੁੱਟਾ ਨੇ ਇਸ ਪਲੇਠੇ ਕਬੱਡੀ ਟੂਰਨਾਮੈਂਟ ਲਈ ਵੱਡੀ ਪੱਧਰ ਤੇ ਪਿੰਡਾਂ ਦੇ ਲੋਕਾਂ ਵੱਲੋਂ ਮਿਲੇ ਭਰਵੇਂ ਸਹਿਯੋਗ ਲਈ ਉਨ੍ਹਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਉਨ੍ਹਾਂ ਯਕੀਨ ਦਿਵਾਇਆ ਕਿ ਆਉਂਦੇ ਸਾਲ ਇਸ ਤੋਂ ਵੀ ਹੋਰ ਵਧੇਰੇ ਵਿਆਪਕ ਪੱਧਰ ਤੇ ਖੇਡ ਟੂਰਨਾਮੈਂਟ ਆਯੋਜਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 25 ਸਿਰਕੱਢ ਕਬੱਡੀ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ ਜਿਹਨਾਂ ਵਿੱਚ ਵੱਡੀ ਗਿਣਤੀ ਵਿੱਚ ਅੰਤਰ ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਵੀ ਸ਼ਾਮਲ ਸਨ। ਇਸ ਟੂਰਨਾਮੈਂਟ ਦਾ ਉਦਘਾਟਨ ਐਸ.ਜੀ.ਪੀ. ਸੀ ਦੇ ਮੈਂਬਰ ਸ: ਕਰਨੈਲ ਸਿੰਘ ਪੰਜੋਲੀ ਨੇ ਕੀਤਾ। ਇਸ ਇਨਾਮ ਵੰਡ ਸਮਾਗਮ ਵਿੱਚ ਸਾਬਕਾ ਮੰਤਰੀ ਡਾ: ਹਰਬੰਸ ਲਾਲ, ਐਮ.ਡੀ. ਕੇਂਦਰੀ ਸਹਿਕਾਰੀ ਬੈਂਕ ਪਟਿਆਲਾ ਸ: ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ: ਹਰਵਿੰਦਰ ਸਿੰਘ ਹਰਪਾਲਪੁਰ, ਜ਼ਿਲ੍ਹਾ ਟਰਾਂਸਪੋਰਟ ਅਫਸਰ ਸ੍ਰੀ ਮਹੇਸ਼ ਗਰਗ, ਡੀ.ਐਸ.ਪੀ. ਸ: ਹਰਦਵਿੰਦਰ ਸਿੰਘ ਸੰਧੂ, ਓ.ਐਸ.ਡੀ. ਹਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।
News From: http://www.7StarNews.com

No comments:

 
eXTReMe Tracker