Saturday, December 3, 2011

ਐਫਡੀਆਈ ਬਾਰੇ ਮਮਤਾ ਨੂੰ ਕਾਇਲ ਕਰਨ ‘ਚ ਨਾਕਾਮ ਰਹੇ ਮਨਮੋਹਨ

ਦਾਂਕੁਨੀ (ਪੱਛਮੀ ਬੰਗਾਲ)/ਨਵੀਂ ਦਿੱਲੀ, 2 ਦਸੰਬਰ

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਤ੍ਰਿਣਮੂਲ ਕਾਂਗਰਸ ਦੀ ਆਗੂ ਮਮਤਾ ਬੈਨਰਜੀ ਦੇ ਸਖਤ ਰੌਂਅ ਨੂੰ ਨਰਮ ਕਰਨ ਦੇ ਯਤਨਾਂ ਨੂੰ ਬਹੁਤਾ ਬੁਰ ਨਹੀਂ ਪਿਆ ਕਿਉਂਕਿ ਬੰਗਾਲ ਦੀ ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਹਿ ਦਿੱਤਾ ਹੈ ਕਿ ਉਨ੍ਹਾਂ ਦੀ ਪਾਰਟੀ ਪ੍ਰਚੂਨ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਤਰਫਦਾਰੀ ਨਹੀਂ ਕਰ ਸਕਦੀ, ਪਰ ਨਾਲ ਹੀ ਸਪੱਸ਼ਟ ਕੀਤਾ ਹੈ ਕਿ ਉਹ ਯੂ.ਪੀ.ਏ. ਸਰਕਾਰ ਡੇਗਣ ਦੇ ਹੱਕ ਵਿਚ ਵੀ ਨਹੀਂ ਹਨ। ਇਸੇ ਦੌਰਾਨ ਸੰਸਦ ਵਿਚ ਰੌਲਾ-ਰੱਪਾ ਜਾਰੀ ਰਿਹਾ ਤੇ ਇਹਦਾ ਅੱਧਾ ਵਕਤ ਲਗਪਗ ਜ਼ਾਇਆ ਹੀ ਹੋ ਗਿਆ ਕਿਉਂਕਿ ਹੁਣ ਸਦਨ ਦੀ ਕਾਰਵਾਈ 7 ਦਸੰਬਰ ਤੱਕ ਉਠਾ ਦਿੱਤੀ ਗਈ ਹੈ। ਵਿੱਤ ਮੰਤਰੀ ਪ੍ਰਨਬ ਮੁਖਰਜੀ ਦਾ ਕਹਿਣਾ ਹੈ ਕਿ ਸੰਸਦੀ ਖੜੋਤ ਤੋੜਨ ਲਈ ਸਭ ਨੂੰ ਠੀਕ ਲੱਗਣ ਵਾਲਾ ਹੱਲ ਲੱਭਣ ਦੇ ਯਤਨ ਜਾਰੀ ਹਨ। ਵਿੱਤ ਮੰਤਰੀ ਨੇ ਸਾਰੀਆਂ ਭਾਈਵਾਲ ਤੇ ਵਿਰੋਧੀ ਪਾਰਟੀਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਉਨ੍ਹਾਂ ਰਾਜਾਂ ਦੇ ਰਾਹ ਦਾ ਅੜਿੱਕਾ ਨਾ ਬਣਨ ਜੋ ਪ੍ਰਚੂਨ ਵਿਚ ਸਿੱਧਾ ਵਿਦੇਸ਼ੀ ਨਿਵੇਸ਼ ਚਾਹੁੰਦੇ ਹਨ।

ਸਿੱਧੇ ਵਿਦੇਸ਼ੀ ਨਿਵੇਸ਼ 'ਤੇ ਪਏ ਰੌਲੇ- ਰੱਪੇ ਕਾਰਨ ਸੰਸਦ ਦਾ ਕੰਮਕਾਰ ਅੱਜ ਵੀ ਠੱਪ ਰਿਹਾ ਤੇ ਹੁਣ ਨੌਵੇਂ ਦਿਨ ਦੋਵੇਂ ਸਦਨ ਹਫਤੇ ਲਈ ਉਠਾ ਦਿੱਤੇ ਗਏ। ਹੁਣ ਸੰਸਦ ਅਗਲੇ ਬੁੱਧਵਾਰ ਨੂੰ ਜੁੜੇਗੀ।

ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਟੈਲੀਫੋਨ 'ਤੇ ਮਮਤਾ ਬੈਨਰਜੀ ਨਾਲ ਰਾਬਤਾ ਬਣਾ ਕੇ ਸਰਕਾਰ ਦੇ ਫੈਸਲੇ ਦੇ ਹੱਕ ਵਿਚ ਤ੍ਰਿਣਮੂਲ ਕਾਂਗਰਸ ਦੀ ਹਮਾਇਤ ਮੰਗੀ। ਹੁਗਲੀ ਜ਼ਿਲ੍ਹੇ ਦੇ ਦਾਂਕੁਨੀ ਖੇਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਦੱਸਿਆ ਕਿ ਉਸ ਨੇ ਬੜੇ ਸਤਿਕਾਰ ਨਾਲ ਪ੍ਰਧਾਨ ਮੰਤਰੀ ਨੂੰ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦੀ ਪਾਰਟੀ ਇਸ ਮੁੱਦੇ 'ਤੇ ਸਰਕਾਰ ਨਹੀਂ ਡੇਗਣਾ ਚਾਹੁੰਦੀ, ਪਰ ਇਸ ਸੰਵੇਦਨਸ਼ੀਲ ਮਾਮਲੇ 'ਤੇ ਇਸ ਸਿੱਧੇ ਵਿਦੇਸ਼ੀ ਨਿਵੇਸ਼ ਦੀ ਤਰਫਦਾਰੀ ਵੀ ਨਹੀਂ ਕਰ ਸਕਦੀ ਕਿਉਂਕਿ ਉਨ੍ਹਾਂ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਵੀ ਇਹਦਾ ਵਿਰੋਧ ਕੀਤਾ ਸੀ ਤੇ ਉਨ੍ਹਾਂ ਦੀ ਪਾਰਟੀ ਦਾ ਸਟੈਂਡ ਬੜਾ ਸਪੱਸ਼ਟ ਹੈ।

ਅੱਜ ਨੌਵੇਂ ਦਿਨ ਵੀ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਕੋਈ ਕੰਮ ਨਹੀਂ ਹੋ ਸਕਿਆ ਤੇ ਵਿਰੋਧੀ ਧਿਰ ਤੇ ਯੂ.ਪੀ.ਏ. ਦੇ ਦੋ ਭਾਈਵਾਲ ਪ੍ਰਚੂਨ ਸੈਕਟਰ ਵਿਚੋਂ ਸਿੱਧੇ ਵਿਦੇਸ਼ੀ ਨਿਵੇਸ਼ ਦਾ ਫੈਸਲਾ ਵਾਪਸ ਲਏ ਜਾਣ ਦੀ ਮੰਗ ਕਰਦਿਆਂ ਰੌਲਾ ਪਾਉਂਦੇ ਰਹੇ।

ਡੀ.ਐਮ.ਕੇ. ਤੇ ਤ੍ਰਿਣਮੂਲ ਕਾਂਗਰਸ ਨੂੰ ਸਰਕਾਰ ਵੱਲੋਂ ਪਲੋਸਣ ਦੀ ਸਾਰੀ ਵਾਹ ਲਾਉਣ ਦੇ ਬਾਵਜੂਦ ਇਨ੍ਹਾਂ ਦੋਵਾਂ ਪਾਰਟੀਆਂ ਦੇ ਮੈਂਬਰ ਵਿਰੋਧੀ ਧਿਰ ਭਾਜਪਾ, ਖੱਬਾ ਫਰੰਟ, ਜਨਤਾ ਦਲ ਯੂ ਤੇ ਸਮਾਜਵਾਦੀ ਪਾਰਟੀ ਨਾਲ ਰਲ ਕੇ ਇਸ ਵਿਰੁੱਧ ਰੋਸ ਪ੍ਰਗਟਾਉਂਦੇ ਰਹੇ।

ਲੋਕ ਸਭਾ ਤੇ ਰਾਜ ਸਭਾ ਵਿਚ ਐਫ.ਡੀ.ਆਈ. ਮੁਰਦਾਬਾਦ ਤੇ ਐਫ.ਡੀ.ਪੀ. ਵਾਪਸ ਲਓ ਦੇ ਨਾਅਰੇ ਗੂੰਜਦੇ ਰਹੇ।

ਹੁਣ ਸੰਸਦ ਵਿਚ ਚਾਰ ਦਿਨਾਂ ਦੀਆਂ ਛੁੱਟੀਆਂ ਹੋ ਗਈਆਂ ਹਨ। ਦੋਵੇਂ ਸਦਨ ਹੁਣ 7 ਦਸੰਬਰ ਨੂੰ ਜੁੜਨਗੇ। ਵਰਤਮਾਨ ਸੈਸ਼ਨ 22 ਦਸੰਬਰ ਨੂੰ ਸਮਾਪਤ ਹੋਏਗਾ।

ਲੋਕ ਸਭਾ ਵਿਚ ਜਿਉਂ ਹੀ ਸਪੀਕਰ ਮੀਰਾ ਕੁਮਾਰ ਨੇ ਪ੍ਰਸ਼ਨਕਾਲ ਦਾ ਆਗਾਜ਼ ਕੀਤਾ ਤਾਂ ਸੀ.ਪੀ.ਐਮ. ਦੇ ਬਾਸੂਦੇਵ ਅਚਾਰੀਆ ਤੇ ਭਾਜਪਾ ਦੇ ਮੁਰਲੀ ਮਨੋਹਰ ਜੋਸ਼ੀ ਖੜ੍ਹੇ ਹੋ ਗਏ ਤੇ ਸਿੱਧੇ ਵਿਦੇਸ਼ੀ ਨਿਵੇਸ਼ ਦੇ ਮਾਮਲੇ 'ਤੇ ਧਿਆਨ ਦਿਵਾਉਣ ਲੱਗੇ। ਮਗਰੋਂ ਦੋਵੇਂ ਧਿਰਾਂ ਦੇ ਹੋਰ ਮੈਂਬਰ ਵੀ ਉੱਠ ਖਲੋਤੇ।

ਰਾਜ ਸਭਾ ਵਿਚ ਵੀ ਉਪਰੋਕਤ ਪਾਰਟੀਆਂ ਤੇ ਡੀ.ਐਮ.ਕੇ. ਰੌਲਾ ਪਾਉਂਦੀਆਂ ਰਹੀਆਂ।

ਇਸੇ ਦੌਰਾਨ ਦੋਵੇਂ ਸਦਨ ਉਠਾ ਦਿੱਤੇ ਗਏ। ਭਾਜਪਾ ਨੇ ਅੱਜ ਦੋਸ਼ ਲਾਏ ਹਨ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਹਿਮ ਮੁੱਦਿਆਂ ਦਾ ਸਾਹਮਣਾ ਕਰਨੋ ਟਲਦੀ ਸੰਸਦ ਤੋਂ ਭੱਜ ਰਹੀ ਹੈ।

ਭਾਈਵਾਲਾਂ ਤੇ ਵਿਰੋਧੀਆਂ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਵਿੱਤ ਮੰਤਰੀ ਪ੍ਰਨਬ ਮੁਖਰਜੀ ਨੇ ਅੱਜ ਕਿਹਾ ਹੈ ਕਿ ਉਹ ਉਨ੍ਹਾਂ ਰਾਜਾਂ ਦੇ ਰਾਹ ਵਿਚ ਨਾ ਆਉਣ ਜੋ ਪ੍ਰਚੂਨ ਵਿਚ ਸਿੱਧਾ ਵਿਦੇਸ਼ੀ ਨਿਵੇਸ਼ ਚਾਹੁੰਦੇ ਹਨ।

ਹਿੰਦੁਸਤਾਨ ਟਾਈਮਜ਼ ਦੇ ਲੀਡਰਸ਼ਿਪ ਸਿਖਰ ਸੰਮੇਲਨ ਵਿਚ ਉਨ੍ਹਾਂ ਕਿਹਾ ਕਿ ਇਹ ਰਾਜਾਂ ਦੀ ਮਰਜ਼ੀ ਹੈ ਕਿ ਉਹ ਇਹ ਨੀਤੀ ਲਾਗੂ ਕਰਨੀ ਚਾਹੁੰਦੇ ਹਨ ਜਾਂ ਨਹੀਂ। ਸੋ ਇਹਦਾ ਵਿਰੋਧ ਕਰਨਾ ਮੁਨਾਸਿਬ ਨਹੀਂ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਸੰਸਦ ਦਾ ਕੰਮ ਚਲਾਉਣ ਦੀ ਵੀ ਬੇਨਤੀ ਕੀਤੀ।


News From: http://www.7StarNews.com

No comments:

 
eXTReMe Tracker