Thursday, December 1, 2011

ਨਵੀਆਂ ਪੀੜ੍ਹੀਆਂ ਲਈ ਰੂਹਾਨੀ ਖ਼ੁਰਾਕ ਸਾਬਤ ਹੋਣਗੀਆਂ ਚਾਰੋਂ ਯਾਦਗਾਰਾਂ: ਬਾਦਲ

ਮੁਹਾਲੀ, 30 ਨਵੰਬਰ-(ਪ,ਪ)

ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਸਦੀਵੀ ਰੱਖਣ ਲਈ ਪੰਜਾਬ ਸਰਕਾਰ ਅਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਦਮ ਸਦਕਾ ਇਥੋਂ ਨੇੜਲੇ ਪਿੰਡ ਚੱਪੜਚਿੜੀ (ਸੈਕਟਰ-91) ਵਿਖੇ ਉਸਾਰੀ ਗਈ ਜੰਗੀ ਯਾਦਗਾਰ 'ਫ਼ਤਹਿ ਬੁਰਜ' ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਹੋਰਨਾਂ ਸਿੰਘ ਸਾਹਿਬਾਨ ਵੱਲੋਂ ਸੰਗਤਾਂ ਦੇ ਜੈਕਾਰਿਆਂ ਦੀ ਗੂੰਜ ਵਿਚ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਜੇ.ਜੇ. ਸਿੰਘ (ਜਨਰਲ ਸੇਵਾਮੁਕਤ), ਉਤਰਾਖੰਡ ਪ੍ਰਦੇਸ਼ ਦੇ ਮੁੱਖ ਮੰਤਰੀ ਬੀ.ਸੀ. ਖੰਡੂਰੀ, ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ, ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਮੇਤ ਹੋਰਨਾਂ ਪੰਥਕ ਸ਼ਖਸੀਅਤਾਂ ਨੇ ਸਿੱਖ ਜਰਨੈਲਾਂ ਦੇ ਬੁੱਤਾਂ ਤੋਂ ਪਰਦਾ ਚੁੱਕਿਆ। ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਨੇ ਅਰਦਾਸ ਕੀਤੀ।

ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ 'ਚ ਸਿੱਖ ਕੌਮ ਨਾਲ ਸਬੰਧਤ ਇਤਿਹਾਸਕ ਯਾਦਗਾਰਾਂ ਬਣਾਉਣ ਨਾਲ ਇਕ ਤਰ੍ਹਾਂ ਨਾਲ ਉਨ੍ਹਾਂ ਦੇ ਜੀਵਨ ਦਾ ਮਕਸਦ ਪੂਰਾ ਹੋ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿਨ੍ਹਾਂ ਅਸਥਾਨਾਂ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਜਾਂ ਜਿਥੇ ਕਿਤੇ ਵੀ ਸ਼ਹੀਦਾਂ ਦਾ ਖੂਨ ਡੁੱਲਿ੍ਹਆ ਹੈ, ਉਥੇ ਖਾਲਸਾ ਪੰਥ ਦੀ ਅਮੀਰ ਵਿਰਾਸਤ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਣ ਲਈ ਇਨ੍ਹਾਂ ਸਾਰੀਆਂ ਥਾਵਾਂ 'ਤੇ ਇਤਿਹਾਸਕ ਯਾਦਗਾਰਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਚੱਪੜਚਿੜੀ ਜੰਗੀ ਯਾਦਗਾਰ ਦੁਨੀਆਂ ਭਰ ਵਿੱਚ ਇੱਕ ਵਿਲੱਖਣ ਅਜੂਬਾ ਹੋਵੇਗੀ ਜਿਸ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਸਹੀ ਸੇਧ ਮਿਲੇਗੀ। ਉਨ੍ਹਾਂ ਕਾਂਗਰਸ ਵੱਲੋਂ ਅਕਾਲੀ-ਭਾਜਪਾ ਸਰਕਾਰ 'ਤੇ ਸਿੱਖ ਯਾਦਗਾਰਾਂ ਦੀ ਸਥਾਪਨਾ ਨਾਲ ਸਿਆਸੀ ਲਾਹਾ ਲੈਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਅਸੀਂ ਤਾਂ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਹੱਥੋਂ ਉਦਘਾਟਨ ਦੀ ਇਹ ਰਸਮੀ ਪੂਰੀ ਕਰਵਾਉਣਾ ਚਾਹੁੰਦੇ ਸਨ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਬੇਨਤੀ ਨੂੰ ਪ੍ਰਵਾਨ ਵੀ ਕਰ ਲਿਆ ਸੀ ਪਰ ਪੰਜਾਬ ਦੇ ਕੁਝ ਕਾਂਗਰਸੀਆਂ ਨੇ ਪ੍ਰਧਾਨ ਮੰਤਰੀ ਨੂੰ ਖਾਲਸਾ ਵਿਰਾਸਤ ਦਾ ਉਦਘਾਟਨ ਕਰਨ ਲਈ ਆਉਣ ਤੋਂ ਰੋਕ ਲਿਆ।

ਚੱਪੜਚਿੜੀ ਵਿੱਖੇ ਬੁੱਧਵਾਰ ਨੂੰ ਹੋਏ ਸਮਾਗਮ ਵਿੱਚ ਭਾਗ ਲੈਂਦੇ ਹੋਏ ਰਾਜਨਾਥ ਸਿੰਘ, ਜਨਰਲ ਜੇ. ਜੇ. ਸਿੰਘ, ਉਤਰਾਖੰਡ ਦੇ ਮੁੱਖ ਮੰਤਰੀ ਬੀ. ਸੀ. ਖੰਡੂਰੀ, ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂ (ਫੋਟੋ: ਵਿੱਕੀ ਘਾਰੂ)

ਇਸ ਮੌਕੇ ਭਾਜਪਾ ਦੇ ਸਾਬਕਾ ਕੌਮੀ ਪ੍ਰਧਾਨ ਰਾਜਨਾਥ ਸਿੰਘ ਨੇ ਇਤਿਹਾਸਕ ਯਾਦਗਾਰਾਂ ਬਣਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਖਾਲਸਾ ਪੰਥ ਨੇ ਹਮੇਸ਼ਾ ਹੀ ਦੇਸ਼ ਅਤੇ ਕੌਮ ਦੇ ਵਡੇਰੇ ਹਿੱਤਾਂ ਲਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ 'ਚ ਉਸਾਰੀਆਂ ਗਈਆਂ ਯਾਦਗਾਰਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣਨਗੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਪਣੇ ਸੰਬੋਧਨ ਵਿਚ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਇਸ ਦਿਸ਼ਾ 'ਚ ਠੋਸ ਕਦਮ ਚੁੱਕੇ ਜਾਣ। ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਸਪਸ਼ਟ ਕੀਤਾ ਕਿ ਸਮੁੱਚਾ ਸੰਤ ਸਮਾਜ ਸ਼ੋ੍ਰਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਖੜ੍ਹਾ ਹੈ। ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਸ਼ੋ੍ਰਮਣੀ ਕਮੇਟੀ ਇਤਿਹਾਸਕ ਯਾਦਗਾਰਾਂ ਦੀ ਸਾਂਭ-ਸੰਭਾਲ ਤੋਂ ਪਿੱਛੇ ਨਹੀਂ ਇਸ ਅਸਥਾਨ 'ਤੇ ਕਰੀਬ 20 ਏਕੜ ਜ਼ਮੀਨ ਵਿਚ ਸਾਢੇ 36 ਕਰੋੜ ਰੁਪਏ ਦੀ ਲਾਗਤ ਨਾਲ 328 ਫੁੱਟ ਉੱਚੇ ਫ਼ਤਹਿ ਬੁਰਜ ਦੇ ਨਾਲ ਇਕ ਉੱਚੇ ਟਿੱਬੇ ਉਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਆਲੀਸ਼ਾਨ ਬੁੱਤ ਬਣਾਇਆ ਗਿਆ। ਇਸ ਤੋਂ ਇਲਾਵਾ ਛੋਟੇ ਟਿੱਬਿਆਂ 'ਤੇ ਉਨ੍ਹਾਂ ਦੇ ਪੰਜ ਹੋਰਨਾਂ ਮਹਾਨ ਜਰਨੈਲਾਂ ਭਾਈ ਬਾਜ ਸਿੰਘ, ਭਾਈ ਫਤਹਿ ਸਿੰਘ, ਭਾਈ ਮਾਲੀ ਸਿੰਘ, ਭਾਈ ਆਲੀ ਸਿੰਘ, ਭਾਈ ਰਾਮ ਸਿੰਘ ਦੇ ਬੁੱਤ ਵੀ ਸਥਾਪਿਤ ਕੀਤੇ ਗਏ। ਜਾਣਕਾਰੀ ਅਨੁਸਾਰ ਭਾਈ ਫਤਹਿ ਸਿੰਘ ਜ਼ਿਲ੍ਹਾ ਬਠਿੰਡਾ ਦੇ ਚੱਕ ਫਤਹਿ ਸਿੰਘ ਵਾਲਾ ਦੇ ਵਸਨੀਕ ਸਨ ਜੋ ਕਿ ਮੁੱਖ ਮੰਤਰੀ ਦੀ ਪਤਨੀ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਦੇ ਸੱਤਵੀਂ ਪੀੜ੍ਹੀ 'ਚੋਂ ਪੜਦਾਦਾ ਸਨ। ਇਸ ਤੋਂ ਇਲਾਵਾ ਇਕ ਹਜ਼ਾਰ ਵਿਅਕਤੀਆਂ ਦੀ ਸਮਰੱਥਾ ਵਾਲਾ ਓਪਨ ਏਅਰ ਥੀਏਟਰ ਅਤੇ ਇਕ ਅਤਿ-ਆਧੁਨਿਕ ਸੂਚਨਾ ਕੇਂਦਰ ਵੀ ਬਣਾਇਆ ਗਿਆ ਹੈ ਜਦਕਿ ਪੁਰਾਤਨ ਦਿੱਖ ਲਈ ਝਿੜੀ ਬਣਾਈ ਗਈ ਹੈ। ਸਮਾਗਮ ਦੌਰਾਨ ਮੰਚ ਸੰਚਾਲਕ ਮੁੱਖ ਮੰਤਰੀ ਦੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ। ਇਸ ਮੌਕੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਤੀਕਸ਼ਣ ਸੂਦ, ਸੈਰ ਸਪਾਟਾ ਮੰਤਰੀ ਹੀਰਾ ਸਿੰਘ ਗਾਬੜੀਆਂ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ, ਪੇਡਾ ਦੇ ਚੇਅਰਮੈਨ ਭਾਈ ਮਨਜੀਤ ਸਿੰਘ, ਰਾਜ ਸਭਾ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ, ਸੁਖਦੇਵ ਸਿੰਘ ਢੀਂਡਸਾ, ਕੈਨੇਡਾ ਦੇ ਸੰਸਦ ਮੈਂਬਰ ਪਰਮ ਗਿੱਲ, ਸਾਬਕਾ ਸੰਸਦ ਮੈਂਬਰ ਰੂਬੀ ਢੱਲਾ, ਕੈਨੇਡਾ ਦੇ ਪਹਿਲੇ ਅੰਮ੍ਰਿਤਧਾਰੀ ਪੁਲੀਸ ਅਧਿਕਾਰੀ ਬਲਜੀਤ ਸਿੰਘ ਢਿੱਲੋਂ, ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ, ਸੀਨੀਅਰ ਮੀਤ ਪ੍ਰਧਾਨ ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਐਨ.ਕੇ. ਸ਼ਰਮਾ, ਜਥੇਦਾਰ ਅਮਰੀਕ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ, ਸ਼ੋ੍ਰਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਗਿੱਲ, ਸੁਰਜੀਤ ਸਿੰਘ ਗੜ੍ਹੀ, ਜਸਵੰਤ ਸਿੰਘ ਭੁੱਲਰ, ਕੁਲਦੀਪ ਕੌਰ ਕੰਗ, ਮਨਜੀਤ ਸਿੰਘ ਮੁੰਧੋਸੰਗਤੀਆਂ, ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਜਸਬੀਰ ਸਿੰਘ ਜੱਸਾ, ਟਕਸਾਲੀ ਆਗੂ ਜਥੇਦਾਰ ਅਜਰਨ ਸਿੰਘ ਸ਼ੇਰਗਿੱਲ, ਨਰਿੰਦਰ ਸਿੰਘ ਲਾਂਬਾ, ਗੁਰਚਰਨ ਸਿੰਘ ਨੰਨੜਾ, ਮਨਜੀਤ ਸਿੰਘ, ਬਲਜੀਤ ਕੌਰ ਖਾਲਸਾ, ਪਰਮਜੀਤ ਸਿੰਘ ਕਾਹਲੋਂ, ਰਾਜਾ ਕੰਵਰਜੋਤ ਸਿੰਘ, ਹਰਮਨਪ੍ਰੀਤ ਸਿੰਘ ਪ੍ਰਿੰਸ਼, ਪਰਮਿੰਦਰ ਸਿੰਘ ਸੋਹਾਣਾ, ਬਲਵਿੰਦਰ ਸਿੰਘ ਟੌਹੜਾ, ਡਿਪਟੀ ਕਮਿਸ਼ਨਰ ਵਰੁਣ ਰੂਜ਼ਮ, ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ ਸਮੇਤ ਹੋਰਨਾਂ ਵਿਭਾਗਾਂ ਦੇ ਆਲ੍ਹਾ ਅਧਿਕਾਰੀ ਮੌਜੂਦ ਸਨ।


News From: http://www.7StarNews.com

No comments:

 
eXTReMe Tracker