Thursday, December 1, 2011

ਕਲੀਆਂ ਦਾ ਬਾਦਸ਼ਾਹ’ ਕੁਲਦੀਪ ਮਾਣਕ ਨਹੀਂ ਰਿਹਾ

ਲੁਧਿਆਣਾ, 30 ਨਵੰਬਰ-(ਪ,ਪ)

ਕਲੀਆਂ ਦੇ ਬਾਦਸ਼ਾਹ ਪੰਜਾਬੀ ਗਾਇਕ ਕੁਲਦੀਪ ਮਾਣਕ ਨਹੀਂ ਰਹੇ। ਉਨ੍ਹਾਂ ਦੀ ਉਮਰ 62 ਸਾਲ ਸੀ। ਉਨ੍ਹਾਂ ਨੇ ਅੱਜ ਦੁਪਹਿਰ 1.30 ਵਜੇ ਇੱਥੇ ਡੀ. ਐਮ. ਸੀ. ਹਸਪਤਾਲ ਵਿਚ ਆਖਰੀ ਸਾਹ ਲਿਆ।

ਜਿਉਂ ਹੀ ਮਾਣਕ ਦੀ ਮੌਤ ਦੀ ਖਬਰ ਆਈ ਤਾਂ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਅਤੇ ਮਾਣਕ ਦੇ ਪ੍ਰਸੰਸਕਾਂ ਵਿਚ ਸੋਗ ਦੀ ਲਹਿਰ ਦੌੜ ਗਈ।

'ਅੱਗ ਲਾ ਕੇ ਫੂਕ ਦਊਂ ਲੰਡਨ ਸ਼ਹਿਰ ਨੂੰ', 'ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ', 'ਹੋਇਆ ਕੀ ਜੇ ਧੀ ਜੰਮ ਪਈ, ਪਰ ਕੁੱਖ ਤਾਂ ਸੁਲੱਖਣੀ ਹੋਈ', 'ਤੇਰੇ ਟਿੱਲੇ ਤੋਂ ਉਹ ਸੂਰਤ ਦੀਂਹਦੀ ਆ ਹੀਰ ਦੀ' ਆਦਿ ਗੀਤਾਂ ਰਾਹੀਂ ਇਤਿਹਾਸ ਸਿਰਜਣ ਵਾਲੇ ਪੰਜਾਬੀ ਗਾਇਕ ਸ੍ਰੀ ਕੁਲਦੀਪ ਮਾਣਕ ਦੀ ਮੌਤ ਦੀ ਖਬਰ 'ਤੇ ਯਕੀਨ ਨਾ ਕਰਦਿਆਂ ਉਨ੍ਹਾਂ ਦੇ ਪ੍ਰਸੰਸਕ ਸਾਰਾ ਦਿਨ ਕਨਸੋਆਂ ਲੈਂਦੇ ਰਹੇ। ਕੁਲਦੀਪ ਮਾਣਕ ਪਿਛਲੇ ਲੰਬੇ ਸਮੇਂ ਤੋਂ ਕਿਸੇ ਬਿਮਾਰੀ ਨਾਲ ਪੀੜ੍ਹਤ ਸਨ ਅਤੇ ਉਨ੍ਹਾਂ ਦਾ ਲੁਧਿਆਣਾ ਦੇ ਡੀ.ਐਮ.ਸੀ. ਵਿਖੇ ਇਲਾਜ ਚੱਲ ਰਿਹਾ ਸੀ।

ਮਾਣਕ ਨੇ ਪੰਜਾਬੀ ਗਾਇਕੀ ਨੂੰ ਵਿਲੱਖਣ ਬੁਲੰਦੀਆਂ ਦਿੱਤੀਆਂ। ਮਾਲਵੇ ਦੇ ਇਕ ਪਿੰਡ 'ਚੋਂ ਉੱਠ ਕੇ ਪੰਜਾਬੀ ਗਾਇਕੀ ਰਾਹੀਂ ਉਸ ਨੇ ਦੁਨੀਆਂ ਭਰ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਦਾ ਜੰਮਪਲ ਮਾਣਕ ਲੰਬਾ ਸਮਾਂ ਪੰਜਾਬੀ ਗੀਤਕਾਰੀ ਦੇ ਬਾਦਸ਼ਾਹ ਦੇਵ ਥਰੀਕਿਆਂ ਵਾਲੇ ਦੇ ਪਿੰਡ ਥਰੀਕੇ ਵਿਚ ਰਹਿੰਦਾ ਰਿਹਾ। ਮਾਣਕ ਅਜਿਹਾ ਗਾਇਕ ਸੀ ਜਿਸ ਨੇ ਪੰਜਾਬੀ ਗਾਇਕੀ ਵਿੱਚ ਦੋ-ਗਾਣੇ ਦੇ ਰੂਪ ਵਿਚ ਪ੍ਰਚਲਿਤ ਹੋ ਰਹੀ ਲੱਚਰ ਗਾਇਕੀ ਨੂੰ ਠੱਲ੍ਹ ਪਾਉਣ ਲਈ ਕਲੀਆਂ ਦਾ ਨਵਾਂ ਮੋੜ ਦਿੱਤਾ। ਮਾਣਕ ਦਾ ਜਨਮ 15 ਨਵੰਬਰ 1951 ਨੂੰ ਸ੍ਰੀ ਨਿੱਕਾ ਸਿੰਘ ਦੇ ਘਰ ਪਿੰਡ ਜਲਾਲ ਵਿਖੇ ਹੋਇਆ। ਘਰ ਦੀ ਆਰਥਿਕ ਤੰਗੀ ਕਾਰਨ ਭਾਵੇਂ ਉਹਨੇ ਚੰਗੀ ਵਿਦਿਆ ਤਾਂ ਨਹੀਂ ਲਈੇ ਪਰ ਪੰਜਾਬੀ ਗਾਇਕੀ ਨੂੰ ਜਿਹੜੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ ਉਸ ਦੇ ਵਿਚ ਕਿਤਾਬੀ ਵਿਦਿਆ ਕੋਈ ਮਾਇਨੇ ਨਹੀਂ ਰੱਖਦੀ। ਉਸ ਦਾ ਨਾਂ ਪਹਿਲਾਂ ਮੁਹੰਮਦ ਲਤੀਫ ਸੀ ਤੇ ਘਰ ਵਾਲੇ ਉਸ ਨੂੰ ਛੋਟਾ ਲੱਧਾ ਕਹਿ ਕੇ ਬੁਲਾਉਂਦੇ ਸਨ। ਫਰੀਦਕੋਟ ਦੇ ਇੱਕ ਖੇਡ ਮੁਕਾਬਲੇ ਦੌਰਾਨ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿਚ ਜਦੋਂ ਮਾਣਕ ਨੇ ਤਿੱਖੀ ਅਤੇ ਟੁਣਕਵੀਂ ਅਵਾਜ਼ ਵਿਚ 'ਜੱਟਾ ਗੱਲ ਸੁਣ ਓ ਭੋਲਿਆ ਜੱਟਾ, ਤੇਰੇ ਸਿਰ ਵਿਚ ਪੈਂਦਾ ਘੱਟਾ, ਵਿਹਲੜ ਬੰਦੇ ਮੌਜਾਂ ਮਾਣਦੇ' ਗੀਤ ਗਾਇਆ ਤਾਂ ਸ੍ਰੀ ਕੈਰੋਂ ਨੇ ਉਸ ਨੂੰ ਇਨਾਮ ਦਿੰਦਿਆਂ ਕਿਹਾ ਕਿ ਇਹ ਤਾਂ ਸਾਡੀ ਗਾਇਕੀ ਦਾ 'ਮਾਣਕ' ਹੈ। ਮਾਣਕ ਨੇ ਪਹਿਲਾਂ–ਪਹਿਲਾਂ ਗੁਰਦੁਆਰਿਆਂ, ਵਿਆਹਾਂ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ ਵਿਚ ਗਾਉਣਾ ਸ਼ੁਰੂ ਕੀਤਾ।

ਮਾਣਕ ਦੀ ਪੰਜਾਬੀਆਂ ਵਿੱਚ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੌਮੀ ਸਾਹਿਤ ਤੇ ਕਲਾ ਪ੍ਰੀਸ਼ਦ ਵੱਲੋਂ 1992 ਵਿੱਚ ਪਿੰਡ ਜਲਾਲ ਵਿਖੇ ਕਰਵਾਏ ਗਏ ਸਨਮਾਨ ਸਮਾਗਮ ਵਿੱਚ 5 ਲੱਖ ਤੋਂ ਵੀ ਵੱਧ ਸਰੋਤਿਆਂ ਨੇ ਸ਼ਿਰਕਤ ਕੀਤੀ ਸੀ। ਇਹ ਸਮਾਗਮ ਪ੍ਰੀਸ਼ਦ ਵੱਲੋਂ ਮਾਣਕ ਦੇ ਗਾਇਕੀ ਵਿੱਚ ਪਾਏ ਯੋਗਦਾਨ ਲਈ ਸਨਮਾਨ ਕੀਤਾ ਗਿਆ ਸੀ। ਸ੍ਰੀ ਮਾਣਕ ਦਾ ਉਸਤਾਦ ਮਸ਼ਹੂਰ ਕਵਾਲ ਖੁਸ਼ੀ ਮੁਹੰਮਦ ਸੀ ਜਿਸ ਨੇ ਮਾਣਕ ਨੂੰ ਗਾਇਕੀ ਦੀਆਂ ਬਾਰੀਕੀਆਂ ਬਾਰੇ ਦੱਸਿਆ। ਮਾਣਕ ਵੱਲੋਂ ਆਪਣਾ ਮਿਊਜ਼ਿਕ ਗਰੁੱਪ ਬਣਾਉਣ ਤੋਂ ਪਹਿਲਾਂ ਵੱਖ ਵੱਖ ਗਾਇਕਾਂ ਦੇ ਗਰੁੱਪ ਸਥਾਪਤ ਸਨ। ਮਾਣਕ ਨੇ ਕਦੇ ਵੀ ਮੂੰਹ ਮੰਗ ਕੇ ਆਪਣੇ ਗਾਉਣ ਦੀ ਫੀਸ ਨਹੀਂ ਸੀ ਵਸੂਲੀ। ਹੈੱਡ ਮਾਸਟਰ ਕਸ਼ਮੀਰਾ ਸਿੰਘ ਵਲਟੋਹਾ ਤੇ ਲਾਲ ਸਿੰਘ ਬਰਾੜ ਦੀ ਸਹਾਇਤਾ ਨਾਲ ਕੁਲਦੀਪ ਮਾਣਕ ਰੇਡੀਓ 'ਤੇ ਗਾਇਕ ਬਣਿਆ। ਮਾਣਕ ਨੇ ਲੋਕ ਸਾਜ਼ਾਂ– ਤੂੰਬੀ, ਢੋਲਕੀ, ਅਲਗੋਜ਼ੇ, ਘੜੇ, ਹਰਮੋਨੀਅਮ ਰਾਹੀਂ ਪੰਜਾਬੀ ਗਾਇਕੀ ਦਾ ਮਾਣ ਵਧਾਇਆ। ਉਸ ਨੇ 1977–78 ਵਿਚ ਲੁਧਿਆਣਾ ਵਿਚ ਆਪਣਾ ਦਫਤਰ ਖੋਲਿ੍ਹਆ। ਮਾਣਕ ਨੇ ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਲੋਕ ਗਾਥਾਵਾਂ ਆਪਣੀ ਆਵਾਜ਼ ਰਾਹੀਂ ਰਿਕਾਰਡ ਕੀਤੀਆਂ ਉੱਥੇ ਉਸ ਨੇ ਦੇਵ ਥਰੀਕਿਆਂ ਵਾਲੇ ਨਾਲ ਆਪਣੀ ਮੁਹੱਬਤ ਨੂੰ ਗਾਇਕੀ ਰਾਹੀਂ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ। ਮਾਣਕ ਦੇ ਸ਼ਗਿਰਦਾਂ ਦੀ ਸੂਚੀ ਵੀ ਬਹੁਤ ਲੰਬੀ ਹੈ। ਉਸ ਨੇ ਕਈ ਫਿਲਮਾਂ ਵਿਚ ਅਦਾਕਾਰੀ ਕੀਤੀ ਅਤੇ ਪਿੱਠਵਰਤੀ ਗਾਇਕ ਵਜੋਂ ਆਵਾਜ਼ ਦਿੱਤੀ, ਜਿਨ੍ਹਾਂ ਵਿੱਚ ਸੱਸੀ ਪੁੰਨੂ, ਸੋਹਣੀ ਮਹੀਵਾਲ, ਜੱਗਾ ਡਾਕੂ, ਬਲਬੀਰੋ ਭਾਬੀ ਆਦਿ ਸ਼ਾਮਲ ਹਨ। ਕਾਂਗਰਸ ਦੇ ਪ੍ਰਮੁੱਖ ਆਗੂ ਜਗਮੀਤ ਬਰਾੜ ਦੀ ਪ੍ਰੇਰਨਾ ਸਦਕਾ ਉਸ ਨੇ ਬਠਿੰਡੇ ਤੋਂ ਅਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜੀ ਪਰ ਸਫਲ ਨਹੀਂ ਹੋਇਆ। ਦੇਵ ਥਰੀਕੇਵਾਲੇ ਨੇ ਦੱਸਿਆ ਕਿ ਜਦੋਂ ਐਚ.ਐਮ.ਵੀ. ਨੇ ਮਾਣਕ ਦੇ ਕਲੀਆਂ ਦੇ ਪਹਿਲੇ ਰਿਕਾਰਡ ਦੀ ਰਿਕਾਰਡਿੰਗ ਕੀਤੀ ਸੀ ਤਾਂ ਉਹ ਲੰਬਾ ਸਮਾਂ ਇਸ ਦੁਚਿੱਤੀ ਵਿਚ ਰਹੇ ਸਨ ਕਿ ਦੋ-ਗਾਣਾ ਗਾਇਕੀ ਵਿਚ ਕਲੀਆਂ ਦਾ ਇਹ ਰਿਕਾਰਡ ਮਾਰਕੀਟ ਵਿਚ ਭੇਜਣਾ ਉਨ੍ਹਾਂ ਲਈ ਕਿੰਨਾਂ ਕੁ ਲਾਹੇਵੰਦ ਹੋ ਸਕਦਾ ਹੈ। ਪਰ ਜਿਉਂ ਹੀ 'ਤੇਰੇ ਟਿੱਲੇ ਤੋਂ ਉਹ ਸੂਰਤ ਦੀਂਹਦੀ ਆ ਹੀਰ ਦੀ' ਮਾਰਕੀਟ ਵਿਚ ਆਇਆ ਤਾਂ ਪੰਜਾਬ ਵਿਚ ਮਾਣਕ 'ਮਾਣਕ' ਹੀ ਹੋ ਗਿਆ। ਉਨ੍ਹਾਂ ਕਿਹਾ ਕਿ ਮਾਣਕ ਨੇ ਪੰਜਾਬੀ ਲੋਕ ਵਿਰਸੇ, ਕਲੀਆਂ, ਲੋਕ ਗਾਥਾਵਾਂ ਅਤੇ ਧਾਰਮਿਕ ਗੀਤਾਂ ਨੂੰ ਆਪਣੀ ਅਵਾਜ਼ ਰਾਹੀਂ ਲੋਕਾਂ ਤੱਕ ਪੁੱਜਦਾ ਕੀਤਾ। ਹੀਰਾ ਸਿੰੰਘ ਗਾਬੜੀਆ ਨੇ ਕਿਹਾ ਕਿ ਪੰਜਾਬੀ ਗਾਇਕੀ ਨੂੰ ਮਾਣਕ ਦੇ ਬੇਵਕਤ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕੁਲਦੀਪ ਮਾਣਕ ਦੇ ਅਚਾਨਕ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਪੰਜਾਬੀ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਦੇ ਬਾਨੀ ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਅੱਜ ਪੰਜਾਬੀ ਗਾਇਕੀ ਅਫਸੋਸ ਦੀ ਘੜੀ 'ਚ ਹੈ। ਅੱਜ ਅਸੀਂ ਪੰਜਾਬੀ ਗਾਇਕੀ ਦਾ ਉਹ ਹੀਰਾ ਗੁਆ ਲਿਆ ਹੈ ਜਿਸ ਨੇ ਪੰਜਾਬੀ ਗਾਇਕੀ ਨੂੰ ਬੁਲੰਦੀਆਂ 'ਤੇ ਪਹੁੰਚਾਉਣ ਲਈ ਲੰਬਾ ਸਮਾਂ ਸੰਘਰਸ਼ ਕੀਤਾ। ਮੁਹੰਮਦ ਸਦੀਕ ਨੇ ਕਿਹਾ ਕਿ ਸ੍ਰੀ ਮਾਣਕ ਜਿੱਥੇ ਪੰਜਾਬੀ ਦਾ ਨਾਮਵਰ ਗਾਇਕ ਸੀ ਉੱਥੇ ਉਹ ਯਾਰਾਂ ਦਾ ਯਾਰ ਵੀ ਸੀ। ਉਸ ਨੇ ਕੋਈ ਵੀ ਅਜਿਹਾ ਗੀਤ ਨਹੀਂ ਗਾਇਆ ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਨਾ ਸੁਣਿਆ ਜਾ ਸਕੇ। ਮਿਲੀ ਜਾਣਕਾਰੀ ਅਨੁਸਾਰ ਮਾਣਕ ਦਾ ਅੰਤਿਮ ਸਸਕਾਰ 2 ਦਸੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਜਲਾਲ ਜ਼ਿਲ੍ਹਾ ਬਠਿੰਡਾ ਵਿਖੇ ਕੀਤਾ ਜਾਵੇਗਾ। ਸ੍ਰੀ ਮਾਣਕ ਦੀ ਮੌਤ ਦੀ ਖਬਰ ਤੋਂ ਬਾਅਦ ਉਨ੍ਹਾਂ ਦੇ ਘਰ ਵਿਚ ਪੰਜਾਬੀ ਗਾਇਕੀ ਨਾਲ ਪਿਆਰ ਕਰਨ ਵਾਲਿਆਂ ਦਾ ਤਾਂਤਾ ਲੱਗ ਗਿਆ। ਸ੍ਰੀ ਮਾਣਕ ਆਪਣੇ ਪਿੱਛੇ ਪਤਨੀ ਸਰਬਜੀਤ ਅਤੇ ਬੇਟਾ ਯੁੱਧਵੀਰ ਮਾਣਕ ਛੱਡ ਗਏ ਹਨ। ਮਾਣਕ ਦੀ ਮੌਤ 'ਤੇ ਪੰਜਾਬੀ ਗਾਇਕਾਂ ਸੁਰਿੰਦਰ ਛਿੰਦਾ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਸੁਖਵਿੰਦਰ ਸੁੱਖੀ, ਰਵਿੰਦਰ ਗਰੇਵਾਲ, ਮਨਜੀਤ ਰੂਪੋਵਾਲੀਆ ਦੁਰਗਾ ਰੰਗੀਲਾ, ਸੁਚੇਤ ਬਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਮਾਣਕ ਅਜਿਹਾ ਗਾਇਕ ਸੀ ਜਿਸ ਦੇ ਜਿਊਂਦੇ ਜੀਅ ਹੋਰ ਗਾਇਕਾਂ ਨੇ ਗਾਇਕੀ 'ਚ ਉਹਦਾ ਜ਼ਿਕਰ ਕੀਤਾ ਹੈ। ਗੁਰਦਾਸ ਮਾਨ ਤੇ ਜੈਜ਼ੀ ਬੀ. ਨੇ ਆਪਣੀ ਗਾਇਕੀ 'ਚ ਮਾਣਕ ਦਾ ਨਾਂ ਸਤਿਕਾਰ ਨਾਲ ਲਿਆ ਹੈ।


News From: http://www.7StarNews.com

No comments:

 
eXTReMe Tracker