Saturday, December 3, 2011

ਨਾਟੋ ਹਮਲਿਆਂ ਦਾ ਪਾਕਿ ਫੌਜ ਦੇਵੇਗੀ ਕਰਾਰਾ ਜਵਾਬ: ਕਿਆਨੀ

ਇਸਲਾਮਾਬਾਦ/ਵਾਸ਼ਿੰਗਟਨ, 2 ਦਸੰਬਰ

ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਅਸ਼ਫਾਕ ਪ੍ਰਵੇਜ਼ ਕਿਆਨੀ ਨੇ ਆਪਣੀ ਫੌਜ ਨੂੰ ਹੁਕਮ ਦਿੱਤੇ ਹਨ ਕਿ ਅਫ਼ਗਾਨਿਸਤਾਨ 'ਚ ਸਰਗਰਮ ਨਾਟੋ ਫੌਜਾਂ ਵੱਲੋਂ ਜੇਕਰ ਦੁਬਾਰਾ ਕੋਈ 'ਹਮਲਾ' ਕੀਤਾ ਜਾਂਦਾ ਹੈ ਤਾਂ ਉਸ ਦਾ 'ਪੂਰੀ ਤਾਕਤ ਨਾਲ ਮੂੰਹ ਤੋੜਵਾਂ' ਜਵਾਬ ਦਿੱਤਾ ਜਾਵੇ। ਇਹ ਦੇ ਨਾਲ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਦੇਸ਼ ਦੀ ਸਰਕਾਰ ਨੂੰ ਨਾ ਨਿਆਂਪਾਲਿਕਾ ਤੋਂ ਤੇ ਨਾ ਫੌਜ ਤੋਂ ਕੋਈ ਖਤਰਾ ਹੈ। ਪਾਕਿਸਤਾਨ ਨੇ ਦੁਹਰਾਇਆ ਹੈ ਕਿ ਬੌਨ ਕਾਨਫਰੰਸ ਦਾ ਇਹਦਾ ਬਾਈਕਾਟ ਜਾਰੀ ਰਹੇਗਾ। ਦੂਜੇ ਪਾਸੇ ਪਾਕਿਸਤਾਨ ਦੀਆਂ ਦੋ ਚੌਕੀਆਂ 'ਤੇ ਨਾਟੋ ਹਮਲੇ 'ਚ 24 ਪਾਕਿ ਸੈਨਿਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਇਕ ਅਹਿਮ ਅਮਰੀਕੀ ਕਾਂਗਰਸ ਮੈਂਬਰ ਨੇ ਰੱਖਿਆ ਮੰਤਰੀ ਲਿਓਨ ਪਨੇਟਾ ਨੂੰ ਕਿਹਾ ਹੈ ਕਿ ਜਦੋਂ ਤਕ ਇਸ ਘਟਨਾ ਬਾਰੇ ਚੱਲ ਰਹੀ ਮਹੱਤਵਪੂਰਨ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤਕ ਮੁਆਫ਼ੀ ਮੰਗ ਕੇ ਇਸਲਾਮਾਬਾਦ ਦੇ ਰੋਹ ਨੂੰ ਸ਼ਾਂਤ ਕਰਨ ਦੇ ਯਤਨ ਕਰਨ ਦੀ ਲੋੜ ਨਹੀਂ ਹੈ। ਪਾਕਿਸਤਾਨ ਦੇ ਫੌਜ ਮੁਖੀ ਨੇ ਅਫਗਾਨਿਸਤਾਨ ਸੀਮਾ ਨਾਲ ਲੱਗਦੇ ਆਪਣੇ ਖੇਤਰਾਂ 'ਚ ਤਾਇਨਾਤ ਫੌਜੀ ਯੂਨਿਟਾਂ ਦੇ ਕਮਾਂਡਰਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਆਪਣੇ ਕੋਲ ਉਪਲਬਧ ਸਾਰੇ ਸਾਧਨ ਵਰਤ ਕੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਦੀ ਪੂਰੀ ਖੁੱਲ੍ਹ ਹੈ। ਸੂਤਰਾਂ ਨੇ ਕਿਆਨੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਾਟੋ ਫੌਜਾਂ ਵੱਲੋਂ ਕੋਈ ਹਮਲਾ ਕੀਤੇ ਜਾਣ 'ਤੇ ਸਬੰਧਤ ਯੂਨਿਟ ਜਾਂ ਫੌਜੀ ਅਧਿਕਾਰੀਆਂ ਨੂੰ ਜੁਆਬੀ ਕਾਰਵਾਈ ਕਰਨ ਦੀ ਖੁੱਲ੍ਹ ਹੋਵੇਗੀ। ਏਹੀ ਨਹੀਂ ਕਿਆਨੀ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਪੱਧਰ 'ਤੇ ਕਿਸੇ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਤੇ ਹਮਲੇ ਲਈ ਜ਼ਮੀਨ 'ਤੇ ਲੋੜੀਂਦੇ ਸਾਧਨ ਫੌਜ ਮੁਹੱਈਆ ਕਰਾਏਗੀ। ਫੌਜ ਮੁਖੀ ਨੇ ਦੱਸਿਆ ਕਿ ਉਨ੍ਹਾਂ ਨੇ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਭਵਿੱਖ 'ਚ ਅਜਿਹੇ ਕਿਸੇ ਵੀ ਹਮਲੇ ਦਾ ਜਵਾਬ ਬਿਨਾਂ ਕੋਈ ਲਾਭ-ਹਾਨੀ ਸੋਚੇ ਪੂਰੀ ਤਾਕਤ ਨਾਲ ਦਿੱਤਾ ਜਾਏਗਾ।

ਨਾਟੋ ਦੇ ਹਵਾਈ ਹਮਲੇ 'ਤੇ ਪਾਕਿ ਫੌਜ ਵੱਲੋਂ ਕੀਤੀ ਗਈ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਆਨੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਹਵਾਈ ਫੌਜ ਵੀ ਸ਼ਾਮਲ ਹੁੰਦੀ ਤਾਂ ਇਹ ਵਧੇਰੇ ਅਸਰਦਾਇਕ ਸਾਬਤ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਫੌਜ ਦੇ ਮਾਣ-ਸਨਮਾਨ ਤੋਂ ਕਿਸੇ ਵੀ ਨੁਕਸਾਨ ਨੂੰ ਵੱਡਾ ਨਹੀਂ ਮੰਨਿਆ ਜਾਵੇਗਾ।

ਪਾਕਿਸਤਾਨ 'ਚ 24 ਸੈਨਿਕਾਂ ਦੀ ਮੌਤ ਦਾ ਕਾਰਨ ਬਣੇ ਨਾਟੋ ਹਮਲੇ ਦੇ ਕਾਰਨਾਂ ਦੀ ਪੂਰੀ ਤੇ ਨਿਰਪੱਖ ਜਾਂਚ ਦੀ ਮੰਗ ਕਰਦਿਆਂ ਅਮਰੀਕਾ ਦੇ ਇਕ ਕਾਂਗਰਸ ਮੈਂਬਰ ਮਾਇਕ ਕੌਫਮੈਨ ਨੇ ਰੱਖਿਆ ਮੰਤਰੀ ਲਿਓਨ ਪਨੇਟਾ ਨੂੰ ਕਿਹਾ ਹੈ ਕਿ ਜਦੋਂ ਤਕ ਇਸ ਬਾਰੇ ਚੱਲ ਰਹੀ ਜਾਂਚ ਪੂਰੀ ਨਹੀਂ ਹੁੰਦੀ ਉਦੋਂ ਤਕ ਇਸਲਾਮਾਬਾਦ ਤੋਂ ਮੁਆਫ਼ੀ ਮੰਗਣ ਦੀ ਲੋੜ ਨਹੀਂ ਹੈ।

ਜਲ ਸੈਨਾ ਦੇ ਸਾਬਕਾ ਅਧਿਕਾਰੀ ਕੌਫਮੈਨ ਨੇ ਪਨੇਟਾ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਸਰਹੱਦ 'ਤੇ ਤਾਇਨਾਤ ਫੌਜਾਂ ਦੀ ਸਥਿਤੀ ਸਮਝੀ ਜਾਵੇ। ਉਹ ਵਾਸ਼ਿੰਗਟਨ ਜਾਂ ਇਸਲਾਮਾਬਾਦ 'ਚ ਜੋੜ-ਤੋੜ ਕਰਕੇ ਆਪਣੇ ਆਪ ਨੂੰ ਬਚਾ ਸਕਣ ਦੀ ਸਥਿਤੀ 'ਚ ਨਹੀਂ ਹਨ। ਉਨ੍ਹਾਂ ਸੈਨਿਕਾ, ਮਲਾਹਾਂ, ਹਵਾਈ ਸੈਨਿਕਾਂ ਤੇ ਜਲ ਸੈਨਿਕਾਂ ਨੂੰ ਤਾਂ ਅਸਲਫਤਾ ਜਾਂ ਫੈਸਲਾ ਨਾ ਲੈ ਸਕਣ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕੀ ਸੈਨਿਕ ਅਫਗਾਨਿਸਤਾਨ ਸੀਮਾ 'ਤੇ ਤਾਇਨਾਤ ਹਨ ਤੇ ਉਨ੍ਹਾਂ 'ਤੇ ਹਮਲਾ ਹੋ ਜਾਂਦਾ ਹੈ, ਤਾਂ ਇਹਦੇ 'ਚ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਉਹ ਫੌਜੀ ਤਾਕਤ ਨਾਲ ਆਪਣੇ ਆਪ ਨੂੰ ਬਚਾਉਣਗੇ। ਕਿਉਂਕਿ ਉਨ੍ਹਾਂ ਦੇ ਕੰਮਕਾਰ ਦੇ ਹਾਕਮ ਉਨ੍ਹਾਂ ਨੂੰ ਇਹ ਗਾਰੰਟੀ ਦਿੰਦੇ ਹਨ।

ਕੌਫਮੈਨ ਨੇ ਹਾਲ ਹੀ 'ਚ ਇਕ ਕਾਨੂੰਨ (ਐਚ.ਆਰ.-3115) ਪੇਸ਼ ਕੀਤਾ ਸੀ, ਜੋ ਪਾਕਿਸਤਾਨ ਨੂੰ ਮਿਲਦੀ ਸਾਰੀ ਆਰਥਿਕ ਮਦਦ ਤੇ ਸਾਰੀ ਫੌਜੀ ਮਦਦ ਬੰਦ ਕਰ ਦੇਵੇਗਾ। ਜੇਕਰ ਓਬਾਮਾ ਪ੍ਰਸ਼ਾਸਨ ਕਾਂਗਰਸ ਕੋਲ ਇਹ ਪੁਸ਼ਟੀ ਕਰ ਦੇਵੇ ਕਿ ਪਾਕਿਸਤਾਨ ਸਰਕਾਰ ਸਾਰੀ ਮਦਦ ਨੂੰ ਅਸਰਦਾਇਕ ਢੰਗ ਨਾਲ ਤਾਲਿਬਾਨ ਤੇ ਅਲਕਾਇਦਾ ਨੈੱਟਵਰਕ ਵਿਰੁੱਧ ਵਰਤ ਰਿਹਾ ਹੈ।

ਇਸੇ ਦੌਰਾਨ 'ਗੁਪਤ ਮੀਮੋ' 'ਤੇ ਛਿੜੇ ਵਿਵਾਦ ਦੇ ਚੱਲਦਿਆਂ, ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਕਿਹਾ ਕਿ ਸਰਕਾਰ ਨੂੰ ਨਿਆਂਪਾਲਿਕਾ ਜਾਂ ਫੌਜੀ ਪਲਟੇ ਦਾ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਦੋਵੇਂ ਅਦਾਰੇ ਦੇਸ਼ ਦੇ ਜਮਹੂਰੀਤੰਤਰ ਨੂੰ ਢਾਹ ਲਾਉਣ ਦੇ ਹੱਕ 'ਚ ਨਹੀਂ ਹਨ। ਗਿਲਾਨੀ ਨੇ ਇਹ ਟਿੱਪਣੀਆਂ ਪਾਕਿਸਤਾਨੀ ਟੀ.ਵੀ. 'ਤੇ ਬੀਤੀ ਰਾਤ 'ਪ੍ਰਾਈਮ ਮਨਿਸਟਰ ਆਨਲਾਈਨ' 'ਚ ਕੀਤੀਆਂ। ਉਨ੍ਹਾਂ ਦੱਸਿਆ ਕਿ ਸਰਕਾਰ ਤੇ ਫੌਜ ਵੱਲੋਂ ਇਸ ਮੀਮੋ ਦੇ ਮੁੱਦੇ 'ਤੇ ਸੁਪਰੀਮ ਕੋਰਟ ਕੋਲ ਸਾਂਝਾ ਜੁਆਬ ਪੇਸ਼ ਕੀਤਾ ਜਾਵੇਗਾ। ਅੱਜ ਪਾਕਿਸਤਾਨ ਨੇ ਬੌਨ ਕਾਨਫਰੰਸ ਦੇ ਬਾਈਕਾਟ ਦਾ ਫੈਸਲਾ ਦੁਹਰਾਇਆ। ਵਿਦੇਸ਼ ਮੰਤਰੀ ਹਿਨਾ ਰੱਬਾਨੀ ਖ਼ਾਰ ਨੇ ਕਿਹਾ ਕਿ ਬਾਈਕਾਟ ਦਾ ਫੈਸਲਾ ਕੈਬਨਿਟ ਨੇ ਲਿਆ ਸੀ ਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇਹ ਤਰਕ ਏਨਾ ਮਜ਼ਬੂਤ ਹੈ ਕਿ ਫੈਸਲੇ 'ਤੇ ਦੁਬਾਰਾ ਵਿਚਾਰ ਕਰਨੀ ਪਵੇ। ਉਨ੍ਹਾਂ ਕਿਹਾ ਕਿ ਜਦੋਂ ਤਕ ਪਾਕਿਸਤਾਨ ਆਪਣੇ ਹਿੱਤਾਂ ਬਾਰੇ ਸੁਚੇਤ ਨਹੀਂ ਰਹਿੰਦਾ, ਉਦੋਂ ਤਕ ਕਿਸੇ ਹੋਰ ਮੁਲਕ ਦੀ ਬਿਹਤਰੀ ਦੇ ਅਮਲ 'ਚ ਸ਼ਾਮਲ ਨਹੀਂ ਹੋ ਸਕਦਾ।


News From: http://www.7StarNews.com

No comments:

 
eXTReMe Tracker