Saturday, December 3, 2011

ਦੂਜੇ ਇਕ ਰੋਜ਼ਾ ਮੈਚ ’ਚ ਭਾਰਤ 5 ਵਿਕਟਾਂ ਨਾਲ ਜੇਤੂ

ਵਿਸ਼ਾਖਾਪਟਨਮ, 2 ਦਸੰਬਰ-(ਪ,ਪ)

ਵੈਸਟ ਇੰਡੀਜ਼ ਦੇ ਬੱਲੇਬਾਜ਼ ਕੇਮਰ ਰੋਚ (ਖੱਬੇ) ਅਤੇ ਰਵੀ ਰਾਮਪਾਲ (ਵਿਚਕਾਰ) ਆਪਣੀ ਪਾਰੀ ਦੀ ਸਮਾਪਤੀ ਉੱਤੇ ਪੈਵਿਲੀਅਨ ਪਰਤਦੇ ਹੋਏ। ਨਾਲ ਭਾਰਤੀ ਕਪਤਾਨ ਵਰਿੰਦਰ ਸਹਿਵਾਗ ਵੀ ਦਿਖਾਈ ਦੇ ਰਿਹਾ ਹੈ (ਫੋਟੋ: ਏ.ਐਫ.ਪੀ.)

ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਸ਼ਾਨਦਾਰ ਬੱਲੇਬਾਜੀ ਸਦਕਾ ਭਾਰਤ ਨੇ ਅੱਜ ਇਥੇ ਵੈਸਟ ਇੰਡੀਜ਼ ਨੂੰ ਦੂਜੇ ਇਕ-ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਮਹਿਮਾਨ ਟੀਮ ਵੱਲੋਂ ਨਿਰਧਾਰਤ 50 ਓਵਰਾਂ ਵਿਚ 9 ਵਿਕਟਾਂ ਦੇ ਨੁਕਸਾਨ ਬਦਲੇ ਬਣਾਏ 269 ਦੌੜਾਂ ਦੇ ਸਕੋਰ ਦੇ ਜਵਾਬ ਵਿਚ ਭਾਰਤ ਨੇ ਮੀਂਹ ਕਾਰਨ ਪਏ ਵਿਘਨਾਂ ਦੇ ਬਾਵਜੂਦ 48.1 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ਬਦਲੇ 270 ਦੌੜਾਂ ਬਣਾਈਆਂ ਅਤੇ ਮੈਚ ਫਤਹਿ ਕਰ ਲਿਆ। ਸਲਾਮੀ ਬੱਲੇਬਾਜ਼ਾਂ ਵੀਰੇਂਦਰ ਸਹਿਵਾਗ ਤੇ ਪਾਰਥਿਵ ਪਟੇਲ ਅਤੇ ਗੌਤਮ ਗੰਭੀਰ ਦੀਆਂ ਵਿਕਟਾਂ ਜਲਦੀ ਡਿੱਗਣ ਦੇ ਬਾਵਜੂਦ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨੇ ਵੈਸਟ ਇੰਡੀਅਨ ਗੇਂਦਬਾਜ਼ਾਂ ਨੂੰ ਹਾਵੀ ਨਾ ਹੋਣ ਦਿੱਤਾ। ਕੋਹਲੀ ਨੇ 117 ਦੌੜਾਂ ਬਣਾਈਆਂ ਜਦੋਂ ਕਿ ਸ਼ਰਮਾ 90 ਦੌੜਾਂ ਦੇ ਸਕੋਰ ਨਾਲ ਨਾਬਾਦ ਰਿਹਾ। ਕਪਤਾਨ ਸਹਿਵਾਗ ਦਾ ਯੋਗਦਾਨ ਮਹਿਜ਼ 26 ਦੌੜਾਂ ਦਾ ਰਿਹਾ ਜਦੋਂ ਕਿ ਗੰਭੀਰ ਨੇ ਸਿਰਫ 12 ਦੌੜਾਂ ਬਣਾਈਆਂ। ਅੱਜ ਦੀ ਜਿੱਤ ਸਦਕਾ ਭਾਰਤ ਪੰਜ ਮੈਚਾਂ ਦੀ ਲੜੀ ਵਿਚ 2-0 ਨਾਲ ਅੱਗੇ ਹੋ ਗਿਆ ਹੈ।

ਪਹਿਲਾਂ ਵੈਸਟ ਇੰਡੀਜ਼ ਦੇ ਰਵੀ ਰਾਮਪਾਲ ਨੇ ਮੈਚ ਦੌਰਾਨ 10ਵੇਂ ਨੰਬਰ ਦੇ ਬੱਲੇਬਾਜ਼ ਵੱਲੋਂ ਸਭ ਤੋਂ ਵੱਧ ਦੌੜਾਂ ਦੀ ਪਾਰੀ ਦਾ ਨਵਾਂ ਵਿਸ਼ਵ ਰਿਕਾਰਡ ਬਣਾ ਕੇ ਆਪਣੀ ਟੀਮ ਦਾ ਸਕੋਰ 9 ਵਿਕਟਾਂ ਉਤੇ 269 ਦੌੜਾਂ 'ਤੇ ਸਨਮਾਨਜਨਕ ਤੇ ਚੁਣੌਤੀਪੂਰਨ ਹੱਦ ਤਕ ਪਹੁੰਚਾਇਆ। ਰਾਮਪਾਲ ਨੇ 66 ਗੇਂਦਾਂ ਉਤੇ ਨਾਬਾਦ 86 ਦੌੜਾਂ ਬਣਾਈਆਂ ਅਤੇ ਇਨ੍ਹਾਂ ਵਿਚ ਛੇ ਛੱਕੇ ਤੇ ਛੇ ਚੌਕੇ ਸ਼ਾਮਲ ਹਨ।

ਮੈਚ ਦੀ ਆਖਰੀ ਗੇਂਦ ਉਤੇ ਛੱਕਾ ਜੜਨ ਵਾਲੇ ਰਾਮਪਾਲ ਨੇ ਪਾਕਿਸਤਾਨ ਦੇ ਮੁਹੰਮਦ ਆਮਿਰ ਵੱਲੋਂ ਨਿਊਜ਼ੀਲੈਂਡ ਖਿਲਾਫ 2009 ਵਿਚ ਆਬੂਧਾਬੀ ਵਿਚ ਬਣਾਏ ਨਾਬਾਦ 73 ਦੌੜਾਂ ਦੇ ਸਕੋਰ ਨੂੰ ਨਾਬਾਦ ਰਹਿ ਕੇ ਤੋੜਿਆ। ਇਸ ਦੇ ਨਾਲ ਹੀ ਉਸ ਨੇ ਕੇਮਾਰ ਰੋਚ (ਨਾਬਾਦ 24) ਨਾਲ 99 ਦੌੜਾਂ ਦੀ ਅਟੁੱਟ ਪਾਰੀ ਵੀ ਖੇਡੀ, ਜੋ ਇਨ੍ਹਾਂ ਦੋਵਾਂ ਮੁਲਕਾਂ ਦਰਮਿਆਨ 10ਵੀਂ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਹੈ। ਵੈਸਟ ਇੰਡੀਜ਼ ਦੀ 9ਵੀਂ ਵਿਕਟ 36ਵੇਂ ਓਵਰ ਵਿਚ ਡਿੱਗੀ ਜਦੋਂ ਟੀਮ ਦਾ ਸਕੋਰ 170 ਦੌੜਾਂ ਸੀ ਅਤੇ ਉਸ ਪਿੱਛੋਂ ਇਹ ਜੋੜੀ 14 ਓਵਰ ਆਸਾਨੀ ਨਾਲ ਖੇਡ ਗਈ।

ਮਹਿਮਾਨ ਟੀਮ ਦੇ ਚੋਟੀ ਦੇ ਪੰਜ ਬੱਲੇਬਾਜ਼ 63 ਦੌੜਾਂ ਉਤੇ ਹੀ ਪੈਵਿਲੀਅਨ ਪਰਤ ਗਏ। ਉਦੋਂ ਲੱਗ ਰਿਹਾ ਸੀ ਕਿ ਵੈਸਟ ਇੰਡੀਜ਼ ਦੀ ਪਾਰੀ ਛੇਤੀ ਹੀ ਮੁੱਕ ਜਾਵੇਗੀ ਪਰ ਪਹਿਲਾਂ ਸਲਾਮੀ ਬੱਲੇਬਾਜ਼ ਲੇਂਡਲ ਸਾਈਮਨਜ਼ ਨੇ 78 ਦਾ ਸਕੋਰ ਬਣਾ ਕੇ ਉਮੀਦ ਜਗਾਈ ਅਤੇ ਫੇਰ ਰਾਮਪਾਲ ਅਤੇ ਰੋਚ ਨੇ ਮੈਚ ਦਾ ਨਕਸ਼ਾ ਹੀ ਬਦਲ ਦਿੱਤਾ। ਇਨ੍ਹਾਂ ਤੋਂ ਇਲਾਵਾ ਕੀਰੇਨ ਪੋਲਾਰਡ ਨੇ 35 ਦੌੜਾਂ ਬਣਾਈਆਂ।

ਭਾਰਤ ਲਈ ਉਮੇਸ਼ ਯਾਦਵ ਨੇ 38 ਦੌੜਾਂ ਦੇ ਕੇ 3 ਅਤੇ ਆਰ. ਵਿਨੇ ਕੁਮਾਰ ਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ। ਆਫ ਸਪਿੰਨਰ ਅਸ਼ਵਿਨ ਮਹਿੰਗਾ ਸਾਬਤ ਹੋਇਆ। ਉਸ ਨੇ 74 ਦੌੜਾਂ ਦੇ ਕੇ ਇਕ ਵਿਕਟ ਲਈ। ਇਸ ਤੋਂ ਪਹਿਲਾਂ ਭਾਰਤੀ ਆਰਜ਼ੀ ਕਪਤਾਨ ਵਰਿੰਦਰ ਸਹਿਵਾਗ ਨੇ ਟਾਸ ਜਿੱਤ ਕੇ ਵੈਸਟ ਇੰਡੀਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਅਤੇ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਇਕ ਰੋਜ਼ਾ ਮੈਚ ਵਾਂਗ ਇਸ ਵਾਰ ਵੀ ਇਸ ਫੈਸਲੇ ਨੂੰ ਸਹੀ ਸਾਬਤ ਕਰਨ ਵਿਚ ਦੇਰ ਨਾ ਲਾਈ।

ਯਾਦਵ ਨੇ ਆਪਣੇ ਪਹਿਲੇ ਹੀ ਓਵਰ ਦੀ ਆਖਰੀ ਗੇਂਦ ਉਤੇ ਐਡ੍ਰੀਅਨ ਬਾਰਤ ਨੂੰ ਬਾਹਰ ਵੱਲ ਸਵਿੰਗ ਲੈਂਦੀ ਗੇਂਦ ਉਤੇ ਵਿਕਟਕੀਪਰ ਪਾਰਥਿਵ ਪਟੇਲ ਨੂੰ ਕੈਚ ਦੇਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਥੋੜ੍ਹੇ-ਥੋੜ੍ਹੇ ਵਕਫੇ 'ਤੇ ਉਨ੍ਹਾਂ ਦੀਆਂ ਵਿਕਟਾਂ ਡਿੱਗਦੀਆਂ ਰਹੀਆਂ।


News From: http://www.7StarNews.com

No comments:

 
eXTReMe Tracker