Saturday, November 5, 2011

ਭਾਰਤ ਤੇ ਕੈਨੇਡਾ ਦੀ ਜੇਤੂ ਮੁਹਿੰਮ ਜਾਰੀ

ਅਜੀਤਵਾਲ, 4 ਨਵੰਬਰ (ਪਵਨ ਗਰੋਵਰ)

-ਗਦਰੀ ਬਾਬਿਆਂ ਦੀ ਧਰਤੀ ਅਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੀ ਜਨਮ ਭੂਮੀ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਪੂਲ ਏ ਦੇ ਤਿੰਨ ਮੈਚਾਂ ਦੌਰਾਨ ਭਾਰਤ ਨੇ ਨੇਪਾਲ ਨੂੰ 67-21, ਇੰਗਲੈਂਡ ਨੇ ਅਫਗਾਨਿਸਤਾਨ ਨੂੰ 68-13 ਤੇ ਕੈਨੇਡਾ ਨੇ ਆਸਟ੍ਰੇਲੀਆ ਨੂੰ 51-39 ਨਾਲ ਹਰਾਇਆ। ਅੱਜ ਦੇ ਮੈਚਾਂ ਦੀ ਸ਼ੁਰੂਆਤ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਗੁਬਾਰੇ ਛੱਡ ਕੇ ਕੀਤੀ ਅਤੇ ਟੀਮਾਂ ਦੇ ਖਿਡਾਰੀਆਂ ਤੇ ਕੋਚਾਂ ਨਾਲ ਜਾਣ-ਪਛਾਣ ਵੀ ਕੀਤੀ। ਭਾਰਤ ਤੇ ਕੈਨੇਡਾ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ, ਜਦੋਂਕਿ ਆਸਟ੍ਰੇਲੀਆ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤ ਤੇ ਨੇਪਾਲ ਵਿਚਾਲੇ ਮੈਚ ਇਕਪਾਸੜ ਰਿਹਾ। ਭਾਰਤ ਦੇ ਰੇਡਰਾਂ ਨੇ ਲਗਾਤਾਰ ਅੰਕ ਬਟੋਰੇ। ਅੱਧੇ ਸਮੇਂ ਤੱਕ ਭਾਰਤੀ ਟੀਮ 32-10 ਨਾਲ ਅੱਗੇ ਸੀ ਅਤੇ ਸਮਾਪਤੀ \'ਤੇ ਭਾਰਤ ਨੇ 67-21 ਨਾਲ ਮੁਕਾਬਲਾ ਜਿੱਤ ਲਿਆ। ਭਾਰਤ ਵਲੋਂ ਤਿੰਨ ਰੇਡਰਾਂ ਕਪਤਾਨ ਸੁਖਬੀਰ ਸਿੰਘ ਸਰਾਵਾਂ, ਹਰਦਵਿੰਦਰ ਸਿੰਘ ਦੁੱਲਾ ਸੁਰਖਪੁਰੀਆ ਤੇ ਸੰਦੀਪ ਦਿੜ੍ਹਬਾ ਨੇ 9-9 ਅੰਕ ਬਟੋਰੇ। ਭਾਰਤ ਦੀ ਜਾਫੀ ਲਾਈਨ \'ਚੋਂ ਸਿਕੰਦਰ ਕਾਂਝਲੀ ਤੇ ਏਕਮ ਹਠੂਰ ਨੇ 6-6 ਜੱਫੇ ਲਾਏ। ਇੰਗਲੈਂਡ ਨੇ ਅਫਗਾਨਿਸਤਾਨ ਨੂੰ ਇਕਪਾਸੜ ਮੁਕਾਬਲੇ ਵਿਚ ਹਰਾਇਆ। ਇੰਗਲੈਂਡ ਦੀ ਟੀਮ ਪਹਿਲੇ ਅੱਧ ਵਿਚ 34-5 ਨਾਲ ਅੱਗੇ ਸੀ। ਦੂਜੇ ਅੱਧ ਵਿਚ ਇੰਗਲੈਂਡ ਨੇ ਆਪਣੀ ਲੀਡ ਦੁੱਗਣੀ ਕਰਦਿਆਂ ਮੈਚ 68-13 ਨਾਲ ਜਿੱਤਿਆ। ਇੰਗਲੈਂਡ ਵਲੋਂ ਅਮਰਜੀਤ ਚੱਕ ਢੱਡੇ ਤੇ ਜਸਪਾਲ ਸਿੰਘ ਪਾਲੀ ਨੇ 9-9 ਅੰਕ ਬਟੋਰੇ। ਮੰਗਾ ਮਿੱਠਾਪੁਰੀਆ ਨੇ 5 ਅੰਕ ਹਾਸਲ ਕੀਤੇ। ਇੰਗਲੈਂਡ ਦੇ ਜਾਫੀਆਂ \'ਚੋਂ ਲਖਵਿੰਦਰ ਸਿੰਘ ਬਿੱਟੂ ਘਨੌਰ ਨੇ 8 ਜੱਫੇ ਲਾਏ। ਦਿਨ ਦਾ ਆਖਰੀ ਤੇ ਤੀਜਾ ਮੈਚ ਕੈਨੇਡਾ ਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ, ਜੋ ਕਿ ਬਹੁਤ ਫਸਵਾਂ ਰਿਹਾ।

ਆਸਟ੍ਰੇਲੀਆ ਨੇ ਪਹਿਲੇ ਅੱਧ ਵਿਚ ਤਾਂ ਪੂਰਾ ਮੁਕਾਬਲਾ ਕੀਤਾ ਤੇ ਲੀਡ ਜ਼ਿਆਦਾ ਨਾ ਵਧਣ ਦਿੱਤੀ ਪਰ ਦੂਜੇ ਅੱਧ ਵਿਚ ਕੈਨੇਡਾ ਨੇ ਲੀਡ ਵਧਾਉਂਦਿਆਂ ਜਿੱਤ ਪੱਕੀ ਕਰ ਲਈ ਅਤੇ ਕੈਨੇਡਾ ਨੇ ਇਹ ਮੈਚ 51-39 ਨਾਲ ਜਿੱਤ ਲਿਆ। ਅੱਧੇ ਸਮੇਂ ਤੱਕ ਜੇਤੂ ਟੀਮ ਕੈਨੇਡਾ 24-21 ਨਾਲ ਅੱਗੇ ਸੀ। ਆਸਟ੍ਰੇਲੀਆ ਦੀ ਟੀਮ ਦੇ ਰੇਡਰਾਂ ਨੇ ਤਾਂ ਪੂਰਾ ਮੁਕਾਬਲਾ ਕੀਤਾ ਪਰ ਜਾਫੀ ਕੁਝ ਢਿੱਲੇ ਰਹੇ।

ਕੈਨੇਡਾ ਦੇ ਰੇਡਰਾਂ ਕਿੰਦਾ ਬਿਹਾਰੀਪੁਰੀਆ ਤੇ ਸੰਦੀਪ ਲੱਲੀਆਂ ਤੇ ਜਾਫੀ ਸੰਦੀਪ ਗੁਰਦਾਸਪੁਰ ਨੇ ਬਹੁਤ ਵਧੀਆ ਖੇਡ ਦਿਖਾਈ।


News From: http://www.7StarNews.com

No comments:

 
eXTReMe Tracker