Monday, October 24, 2011

9 ਲੱਖ ਰੁਪਏ ਕਿਰਾਇਆ ਦੇਣਾ ਹੈ ਸਬ-ਤਹਿਸੀਲ ਗੁਰਾਇਆ ਨੇ

ਗੁਰਾਇਆ, 23 ਅਕਤੂਬਰ (ਪ,ਪ)-



ਪਿਛਲੇ ਤਕਰੀਬਨ 10 ਸਾਲ ਤੋਂ ਮਾਰਕੀਟ ਕਮੇਟੀ ਨੂੰ ਬਿਨਾਂ ਕਿਰਾਇਆ ਦਿੱਤੇ ਹੀ ਮਾਰਕੀਟ ਕਮੇਟੀ ਦੀ ਬਿਲਡਿੰਗ ਵਿਚ ਸਬ-ਤਹਿਸੀਲ ਗੁਰਾਇਆ ਚੱਲ ਰਹੀ ਹੈ। ਤਹਿਸੀਲ ਅਧਿਕਾਰੀ ਦੀਆਂ ਮੌਜਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਵਲੋਂ ਆਪਣੀ ਮੌਜ ਲਈ ਦੋ ਕਮਰਿਆਂ ਵਿਚ ਤਿੰਨ ਏ. ਸੀ. ਲਗਾਏ ਗਏ ਹਨ, ਜਿਸਦਾ ਕਿਰਾਇਆ ਵੀ ਮਾਰਕੀਟ ਕਮੇਟੀ ਹੀ ਭਰ ਰਹੀ ਹੈ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਮਾਰਕੀਟ ਕਮੇਟੀ ਦਫਤਰ ਵਿਚ ਨਾ ਤਾਂ ਏ. ਸੀ. ਹੈ ਤੇ ਨਾ ਹੀ ਕੂਲਰ ਲੱਗਾ ਹੈ। ਆਰ. ਟੀ. ਆਈ. ਤਹਿਤ ਮੰਗੀ ਗਈ ਸੂਚਨਾ ਵਿਚ ਖੁਲਾਸਾ ਹੋਇਆ ਹੈ ਸਬ-ਤਹਿਸੀਲ ਗੁਰਾਇਆ ਦੇ ਨਾਲ ਕਾਰਜਕਾਰੀ ਇੰਜੀਨੀਅਰ (ਸਿਵਲ) ਪੰਜਾਬ ਮੰਡੀ ਬੋਰਡ ਨਾਲ 5300 ਰੁਪਏ ਪ੍ਰਤੀ ਮਹੀਨਾ ਅਤੇ ਹਰ ਸਾਲ ਬਾਅਦ 5 ਫੀਸਦੀ ਕਿਰਾਏ ਵਿਚ ਵਾਧਾ ਕਰਨ ਦਾ ਸਮਝੌਤਾ ਕੀਤਾ ਗਿਆ ਸੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਬ-ਤਹਿਸੀਲ ਗੁਰਾਇਆ ਵਲੋਂ ਅੱਜ ਤਕ ਮਾਰਕੀਟ ਕਮੇਟੀ ਨੂੰ ਕੋਈ ਕਿਰਾਇਆ ਨਹੀਂ ਦਿੱਤਾ ਗਿਆ, ਜਿਸ ਦੀ ਕੀਮਤ ਤਕਰੀਬਨ 9 ਲੱਖ ਰੁਪਏ ਦੱਸੀ ਜਾ ਰਹੀ ਹੈ। ਮਾਰਕੀਟ ਕਮੇਟੀ ਵਲੋਂ ਇਸ ਸਬੰਧੀ ਅਜੇ ਤਕ ਕੋਈ ਠੋਸ ਕਦਮ ਨਹੀਂ ਚੁੱਕੇ ਗਏ ਹਨ, ਸਿਰਫ ਖਾਨਾਪੂਰਤੀ ਲਈ ਹੀ ਕਿਰਾਇਆ ਵਸੂਲ ਕਰਨ ਹਿੱਤ ਸੰਬੰਧਤ ਦਫਤਰ ਨਾਲ ਪੱਤਰ ਵਿਹਾਰ ਚੱਲ ਰਿਹਾ ਹੈ। ਛੇ ਮਹੀਨਿਆਂ ਦੀ ਬਿਜਲੀ ਦੇ ਬਿੱਲ ਦੀ ਗੱਲ ਕਰੀਏ ਤਾਂ ਦਸੰਬਰ ਤੋਂ ਲੈ ਕੇ ਜੂਨ ਤਕ 27970 ਰੁਪਏ ਬਿਜਲੀ ਦੇ ਬਿੱਲ ਦੀ ਅਦਾਇਗੀ ਵੀ ਮਾਰਕੀਟ ਕਮੇਟੀ ਵਲੋਂ ਕੀਤੀ ਗਈ ਹੈ। ਬਿੱਲ ਦੀ ਵਸੂਲੀ ਕਰਨ ਲਈ ਉਪ ਮੰਡਲ ਅਫਸਰ (ਬਿਜਲੀ) ਮੰਡੀ ਬੋਰਡ ਜਲੰਧਰ ਨੂੰ ਅਸੈਸਮੈਂਟ ਕਰਨ ਲਈ ਲਿਖਿਆ ਗਿਆ ਹੈ। ਅਸੈਸਮੈਂਟ ਉਪਰੰਤ ਵਸੂਲੀ ਲਈ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਆਪਣੀਆਂ ਮੌਜਾਂ ਲਈ ਸਰਕਾਰੀ ਅਦਾਰਿਆਂ ਵਲੋਂ ਲੋਕਾਂ ਦੇ ਪੈਸਿਆਂ ਦਾ ਕਿਸ ਤਰ੍ਹਾਂ ਦੁਰਪ੍ਰਯੋਗ ਕੀਤਾ ਜਾ ਰਿਹਾ ਹੈ। ਮਾਰਕੀਟ ਕਮੇਟੀ ਵਲੋਂ ਇਹ ਵੀ ਪਤਾ ਲੱਗਾ ਹੈ ਕਿ ਜਿਹੜੇ ਵਸੀਕਾ ਨਵੀਸਾਂ, ਅਸਟਾਮ ਫਰੋਸ਼ਾਂ ਅਤੇ ਟਾਈਪਿਸਟ ਵੀ ਮਾਰਕੀਟ ਕਮੇਟੀ ਦੀ ਥਾਂ \'ਤੇ ਬੈਠੇ ਹਨ ਅਤੇ ਇਨ੍ਹਾਂ ਵਲੋਂ ਮਾਰਕੀਟ ਕਮੇਟੀ ਨੂੰ ਕਿਰਾਇਆ ਦੇਣ ਦੀ ਥਾਂ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾ ਦਿੱਤਾ ਜਾਂਦਾ ਹੈ। ਵਰਨਣਯੋਗ ਹੈ ਕਿ ਗੁਰਾਇਆ ਸਬ-ਤਹਿਸੀਲ ਦੀ ਨਵੀਂ ਬਿਲਡਿੰਗ ਮੇਨ ਹਾਈਵੇ \'ਤੇ ਬਣ ਗਈ ਹੈ, ਜਿਥੇ ਇਹ ਤਹਿਸੀਲ ਅਗਲੇ ਮਹੀਨੇ ਸ਼ਿਫਟ ਹੋਣ ਜਾ ਰਹੀ ਹੈ। ਕੀ ਮਾਰਕੀਟ ਕਮੇਟੀ ਦਾ ਲੱਖਾਂ ਦਾ ਕਿਰਾਇਆ ਇਹ ਸਬ-ਤਹਿਸੀਲ ਜਮ੍ਹਾ ਕਰਵਾਏਗੀ?


News From: http://www.7StarNews.com

No comments:

 
eXTReMe Tracker