Tuesday, September 27, 2011

ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ \'ਚ ਡੇਂਗੂ ਤੋਂ ਪ੍ਰਭਾਵਿਤ ਦਾਖਲ ਮਰੀਜ਼।

ਸ੍ਰੀ ਮੁਕਤਸਰ ਸਾਹਿਬ, 27 ਸਤੰਬਰ -

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜਿੱਥੇ ਬਾਰਿਸ਼ਾਂ ਕਰਕੇ ਹੜ੍ਹਾਂ ਦੀ ਮਾਰ ਹੇਠ ਹੈ ਅਤੇ ਕਈ ਖੇਤਰਾਂ ਵਿਚ ਨਰਮੇ ਅਤੇ ਝੋਨੇ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਿਆ ਹੈ ਉੱਥੇ ਜ਼ਿਲ੍ਹੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਡੇਂਗੂ ਦਾ ਕਹਿਰ ਵੀ ਬਹੁਤ ਵਧ ਚੁੱਕਾ ਹੈ। ਸਰਕਾਰੀ ਤੌਰ \'ਤੇ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਦੋ ਮੌਤਾਂ ਦੀ ਪੁਸ਼ਟੀ ਹੋਈ ਹੈ, ਜਦਕਿ ਸੂਤਰਾਂ ਅਨੁਸਾਰ ਮੌਤਾਂ ਦੀ ਗਿਣਤੀ ਸੱਤ ਦੇ ਕਰੀਬ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਡੇਂਗੂ ਦੇ 186 ਮਰੀਜ਼ ਹਨ। ਦੂਜੇ ਨੰਬਰ \'ਤੇ ਲੁਧਿਆਣਾ ਜ਼ਿਲ੍ਹੇ ਵਿਚ 160 ਮਰੀਜ਼ ਅਤੇ ਬਠਿੰਡਾ ਜ਼ਿਲ੍ਹੇ ਵਿਚ 137 ਮਰੀਜ਼ ਡੇਂਗੂ ਤੋਂ ਪੀੜਤ ਪਾਏ ਗਏ ਹਨ, ਜਦਕਿ ਪ੍ਰਾਈਵੇਟ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ, ਕਿਉਂਕਿ ਮਰੀਜ਼ਾਂ ਦੀ ਗਿਣਤੀ ਹਜ਼ਾਰਾਂ ਵਿਚ ਪੁੱਜ ਗਈ ਹੈ। ਇੱਕਲੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚ ਹੀ ਹੁਣ ਤੱਕ 4000 ਤੋਂ ਵੱਧ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਸੂਚਨਾ ਹੈ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਹਸਪਤਾਲਾਂ ਵਿਚ ਦਾਖਲ ਮਰੀਜ਼ਾਂ ਵਿਚ ਜ਼ਿਆਦਾਤਰ ਡੇਂਗੂ ਤੋਂ ਪ੍ਰਭਾਵਿਤ ਹਨ। ਡਾ: ਮਦਨ ਮੋਹਨ ਬਾਂਸਲ, ਡਾ: ਨਰਿੰਦਰ ਨਾਗਪਾਲ ਤੇ ਡਾ: ਕੁਮਰਾ ਅਨੁਸਾਰ ਦਰਜਨਾਂ ਦੀ ਗਿਣਤੀ ਵਿਚ ਰੋਜ਼ਾਨਾ ਮਰੀਜ਼ ਦਾਖਲ ਹੋ ਰਹੇ ਹਨ। ਡੇਂਗੂ ਦੇ ਨਾਲ-ਨਾਲ ਮਲੇਰੀਆ ਵੀ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਭਾਵੇਂ ਮੁੱਖ ਮੰਤਰੀ ਦੇ ਲੰਬੀ ਹਲਕੇ ਅਤੇ ਮਲੋਟ \'ਚ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਪਰ ਸ੍ਰੀ ਮੁਕਤਸਰ ਸਾਹਿਬ ਨੂੰ ਅਜੇ ਤੱਕ ਅਣਗੌਲਿਆਂ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਪ੍ਰਮੁੱਖ ਸਕੱਤਰ ਕੇ. ਜੇ. ਐੱਸ. ਚੀਮਾ, ਸਿਹਤ ਵਿਭਾਗ ਦੇ ਡਾਇਰੈਕਟਰ ਜੇ. ਪੀ. ਸਿੰਘ, ਸਿਵਲ ਸਰਜਨ ਮੁਕਤਸਰ ਤੀਰਥ ਰਾਮ ਗੋਇਲ ਕਈ ਦਿਨਾਂ ਤੋਂ ਪ੍ਰਭਾਵਿਤ ਖੇਤਰਾਂ \'ਤੇ ਪੂਰੀ ਨਜ਼ਰ ਰੱਖ ਰਹੇ ਹਨ ਅਤੇ ਬਾਰਿਸ਼ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਕੰਮਾਂ ਦਾ ਜਾਇਜ਼ਾ ਲੈ ਰਹੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੁਆਰਾ ਮੱਛਰ ਮਾਰ ਦਵਾ ਦੇ ਛਿੜਕਾਅ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 50 ਲੀਟਰ ਅਤੇ ਮੁਹਾਲੀ ਤੋਂ 25 ਲੀਟਰ ਪਾਈਰੀਥਿਰਅਮ ਦਵਾਈ ਮੰਗਾਈ ਗਈ ਹੈ ਅਤੇ ਸਿਹਤ ਵਿਭਾਗ ਦੁਆਰਾ 43 ਮਸ਼ੀਨਾਂ ਮੰਗਵਾਈਆਂ ਗਈਆਂ ਹਨ। ਇਨ੍ਹਾਂ ਨੂੰ ਚਲਾਉਣ ਲਈ 46 ਕਰਮਚਾਰੀਆਂ ਦੀ ਡਿਊਟੀ ਲਾਈ ਗਈ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਜੋਨਲ ਮਲੇਰੀਆ ਅਫਸਰ ਡਾ: ਹਰੀਸ਼ ਮਲਹੋਤਰਾ ਅਤੇ ਫ਼ਿਰੋਜ਼ਪੁਰ ਤੋਂ ਡਾ: ਮਾਰਕਨ ਦੀ ਅਗਵਾਈ ਵਿਚ ਲੰਬੀ ਅਤੇ ਮਲੋਟ ਦੇ ਪਿੰਡਾਂ ਵਿਚ ਟੀਮ ਕੰਮ ਕਰ ਰਹੀ ਹੈ। ਨੋਡਲ ਅਫਸਰ ਡਾ: ਸੰਜੀਵ ਸੇਠੀ ਅਨੁਸਾਰ ਮੁਕਤਸਰ ਜ਼ਿਲ੍ਹੇ ਵਿਚ 254 ਮਲੇਰੀਆ ਦੇ ਮਰੀਜ਼ ਪਾਏ ਗਏ ਹਨ। ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਚਾਰ ਡਾਕਟਰ ਵੀ ਡੇਂਗੂ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚੋਂ ਦੋ ਲੁਧਿਆਣਾ ਵਿਖੇ ਦਾਖਲ ਹਨ ਅਤੇ ਦੋ ਲੁਧਿਆਣਾ ਤੋਂ ਇਲਾਜ ਕਰਾਉਣ ਮਗਰੋਂ ਘਰ \'ਚ ਆਰਾਮ ਕਰ ਰਹੇ ਹਨ। ਸਹਾਇਕ ਡਾਇਰੈਕਟਰ ਡਾ:\"ਅਮਿਤ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਦੋ ਵਾਰ ਕੀਤੇ ਦੌਰੇ ਦੌਰਾਨ ਦਰਜਨਾਂ ਘਰਾਂ ਵਿਚ ਡੇਂਗੂ ਦੇ ਮੱਛਰ ਦਾ ਲਾਰਵਾ ਮਿਲਿਆ ਸੀ। ਉਨ੍ਹਾਂ ਲੋਕਾਂ ਨੂੰ ਵੀ ਸਾਵਧਾਨ ਰਹਿਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਡੇਂਗੂ ਦੇ ਕਹਿਰ ਕਾਰਨ ਮੁੱਖ ਮੰਤਰੀ ਬਾਦਲ ਵੀ ਪੂਰੇ ਚਿੰਤਤ ਹਨ ਅਤੇ ਸਰਕਾਰ ਅਗਲੇ ਵਰ੍ਹੇ ਤੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਲੈਬੋਰੇਟਰੀਆਂ ਖੋਲ੍ਹਣ \'ਤੇ ਵਿਚਾਰ ਕਰ ਰਹੀ ਹੈ, ਜਦਕਿ ਇਸ ਸਮੇਂ ਇਹ ਲੈਬੋਰੇਟਰੀਆਂ ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ, ਬਠਿੰਡਾ ਅਤੇ ਮੁਹਾਲੀ ਵਿਖੇ ਹਨ।












News From: http://www.7StarNews.com

No comments:

 
eXTReMe Tracker